ਪਿਆਜ਼ ਕੀਮਤਾਂ: ਵਪਾਰੀਆਂ ’ਤੇ ਭੰਡਾਰਨ ਸੀਮਾ ਲਾਗੂ ਕਰਨ ਉੱਤੇ ਵਿਚਾਰ

September 25 2019

ਬਫਰ ਸਟਾਕ ਖਤਮ ਕਰਨ ਦੇ ਬਾਅਦ ਵੀ ਜੇ ਪਿਆਜ਼ ਦੀਆਂ ਪ੍ਰਚੂਨ ਕੀਮਤਾਂ ਵਿੱਚ ਵਾਧਾ ਜਾਰੀ ਰਿਹਾ ਤਾਂ ਕੇਂਦਰ ਪਿਆਜ਼ ਦੇ ਵਪਾਰੀਆਂ ’ਤੇ ਸਟਾਕ ਲਿਮਟ ਲਗਾਉਣ ‘ਤੇ ਵਿਚਾਰ ਕਰੇਗਾ। ਇਹ ਚਿਤਾਵਨੀ ਖੁਰਾਕ ਅਤੇ ਖਪਤਕਾਰ ਮਾਮਲੇ ਬਾਰੇ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਮੰਗਲਵਾਰ ਨੂੰ ਪਿਆਜ਼ ਦੀਆਂ ਵਧੀਆਂ ਕੀਮਤਾਂ ’ਤੇ ਟਿੱਪਣੀ ਕਰਦਿਆਂ ਦਿੱਤੀ। ਦੂਜੇ ਪਾਸੇ ਕਾਂਗਰਸ ਨੇ ਪੈਟਰੋਲ, ਡੀਜ਼ਲ , ਖੁਰਾਕੀ ਵਸਤਾਂ ਤੇ ਸਬਜ਼ੀਆਂ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਿਆ ਹੈ। ਪਾਸਵਾਨ ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ, “ਮੈਂ ਜ਼ਖੀਰੇਬਾਜ਼ਾਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ 50,000 ਟਨ ਦਾ ਬਫਰ ਸਟਾਕ ਹੈ।’’ ਪ੍ਰਭਾਵਿਤ ਰਾਜ ਨੈਫੇਡ ਅਤੇ ਰਾਸ਼ਟਰੀ ਸਹਿਕਾਰੀ ਖਪਤਕਾਰ ਫੈਡਰੇਸ਼ਨ ਲਿਮਟਿਡ ਵਰਗੀਆਂ ਏਜੰਸੀਆਂ ਰਾਹੀਂ ਆਪਣੀ ਸਪਲਾਈ ਵਧਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕੀਮਤਾਂ ਕਾਬੂ ਹੇਠ ਰੱਖਣ ਲਈ ਸਰਕਾਰ ਕਦਮ ਚੁੱਕ ਰਹੀ ਹੈ। ਦੱਸਣਯੋਗ ਹੈ ਕਿ ਮਹਾਰਾਸ਼ਟਰ ਅਤੇ ਕਰਨਾਟਕ ਵਿੱਚ ਹੜ੍ਹ ਕਾਰਨ ਪਿਆਜ਼ ਦੀ ਸਪਲਾਈ ਘਟਣ ਕਾਰਨ ਪਿਛਲੇ ਇਕ ਮਹੀਨੇ ਵਿਚ ਪਿਆਜ਼ ਦੀਆਂ ਕੀਮਤਾਂ ਅਸਮਾਨੀਂ ਚੜ੍ਹ ਗਈਆਂ ਹਨ। ਕਾਂਗਰਸ ਦੀ ਨਵ ਨਿਯੁਕਤ ਤਰਜਮਾਨ ਸ਼ਰਮੀਸ਼ਾ ਮੁਖਰਜੀ ਨੇ ਕਿਹਾ ਕਿ ਪਿਆਜ਼ 70 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ ਅਤੇ ਟਮਾਟਰ ਦੀ ਕੀਮਤ ਵੀ ਵਧੀ ਹੈ ਪਰ ਸਰਕਾਰ ਕੁਝ ਨਹੀਂ ਕਰ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਇਹ ਪੈਸਾ ਜ਼ਖੀਰੇਬਾਜ਼ਾਂ ਨੂੰ ਜਾ ਰਿਹਾ ਹੈ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਭਰੋਸਾ ਦਿੱਤਾ ਕਿ ਅਗਲੇ ਕੁਝ ਦਿਨਾਂ ਵਿੱਚ ਪਿਆਜ਼ ਦੀਆਂ ਕੀਮਤਾਂ ਹੇਠਾਂ ਆ ਜਾਣਗੀਆਂ ਕਿਉਂਕਿ ਨੈਫੇਡ ਵਰਗੀਆਂ ਏਜੰਸੀਆਂ ਵੱਲੋਂ ਘਰੇਲੂ ਬਾਜ਼ਾਰ ਵਿੱਚ ਸਪਲਾਈ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ। ਖਪਤਕਾਰਾਂ ਨੂੰ ਰਾਹਤ ਦੇਣ ਲਈ ਕੇਂਦਰੀ ਏਜੰਸੀਆਂ ਨੈਫੇਡ ਅਤੇ ਐਨ.ਸੀ.ਸੀ.ਐੱਫ. ਬਫਰ ਸਟਾਕ ’ਚੋਂ ਪਿਆਜ਼ 22-23 ਰੁਪਏ/ ਕਿਲੋ ਦੇ ਹਿਸਾਬ ਨਾਲ ਵੇਚ ਰਹੀਆਂ ਹਨ। -ਪੀਟੀਆਈ

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ