ਪਾਵਰਕਾਮ ਨੂੰ ਲੋਡ ਵਧਾਉਣ ਦੇ ਚਾਰਜਿਜ਼ 50 ਫ਼ੀਸਦੀ ਤੱਕ ਘਟਾਉਣ ਦੇ ਨਿਰਦੇਸ਼

August 28 2019

ਬਿਜਲੀ ਦੀ ਵਰਤੋਂ ਕਰਨ ਵਾਲੇ ਕਿਸਾਨਾਂ, ਘਰੇਲੂ ਤੇ ਵਪਾਰਕ ਉਪਭੋਗਤਾਵਾਂ ਲਈ ਮਹੱਤਵਪੂਰਨ ਫ਼ੈਸਲਾ ਲੈਂਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਡ ਵਧਾਉਣ ਲਈ ਸਰਵਿਸ ਕੁਨੈਕਸ਼ਨ ਚਾਰਜ ਚ ਤਕਰੀਬਨ 50 ਫ਼ੀਸਦੀ ਕਮੀ ਕਰਨ ਦੇ ਹੁਕਮ ਦਿੱਤੇ ਹਨ। ਇਸ ਸਬੰਧ ਵਿਚ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ (ਪੀ.ਐਸ.ਪੀ.ਸੀ.ਐਲ.) ਨੂੰ ਜ਼ਰੂਰੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਸ ਨਾਲ ਸੂਬੇ ਦੇ ਕਿਸਾਨਾਂ ਨੂੰ 150 ਕਰੋੜ ਰੁਪਏ ਤੇ ਘਰੇਲੂ ਤੇ ਵਪਾਰਕ ਖਪਤਕਾਰਾਂ ਨੂੰ 50 ਕਰੋੜ ਰੁਪਏ ਦੀ ਵੱਡੀ ਰਾਹਤ ਮਿਲੇਗੀ। ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਪਾਵਰਕਾਮ ਵਲੋਂ ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਕੋਲ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ। ਹੁਣ 27 ਅਗਸਤ ਤੋਂ 31 ਅਕਤੂਬਰ ਤੱਕ ਕਿਸਾਨਾਂ, ਘਰੇਲੂ ਤੇ ਵਪਾਰਕ ਉਪਭੋਗਤਾਵਾਂ ਦੁਆਰਾ ਟਿਊਬਵੈੱਲ ਮੋਟਰਾਂ, ਘਰਾਂ ਤੇ ਵਪਾਰਕ ਅਦਾਰਿਆਂ ਲਈ ਲੋਡ ਵਧਾਉਣ ਦੇ ਵਾਸਤੇ ਸਵੈ-ਇੱਛੁਕ ਪ੍ਰਗਟਾਵਾ ਸਕੀਮ (ਵੀ.ਡੀ.ਐਸ.) ਸ਼ੁਰੂ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਵੀ. ਡੀ. ਐਸ. ਅਨੁਸਾਰ, ਲੋਡ ਵਧਾਉਣ ਲਈ ਕਿਸਾਨਾਂ ਨੂੰ ਹੁਣ ਪ੍ਰਤੀ ਬੀ.ਐਚ.ਪੀ. 2500 ਰੁਪਏ ਜਮ੍ਹਾਂ ਕਰਵਾਉਣੇ ਹੋਣਗੇ, ਜਿਸ ਲਈ ਪਹਿਲਾਂ ਉਨ੍ਹਾਂ ਨੂੰ ਪ੍ਰਤੀ ਬੀ. ਐਚ. ਪੀ. 4750 ਰੁਪਏ ਜਮ੍ਹਾਂ ਕਰਵਾਉਣੇ ਪੈਂਦੇ ਸਨ ਭਾਵ ਹੁਣ ਟਿਊਬਵੈੱਲ ਮੋਟਰ ਦਾ ਲੋਡ 5 ਬੀ.ਐਚ.ਪੀ. ਤੱਕ ਵਧਾਉਣ ਲਈ ਕਿਸਾਨਾਂ ਨੂੰ 11250 ਰੁਪਏ ਘੱਟ ਅਦਾ ਕਰਨੇ ਹੋਣਗੇ। ਇਸੇ ਤਰ੍ਹਾਂ ਘਰੇਲੂ ਖਪਤਕਾਰਾਂ ਨੂੰ ਹੁਣ ਕੇਵਲ 225 ਰੁਪਏ ਤੋਂ 885 ਰੁਪਏ ਦੀਆਂ ਐਸ.ਐਸ. ਦਰਾਂ ਦੇਣੀਆਂ ਹੋਣਗੀਆਂ। ਇਸੇ ਤਰ੍ਹਾਂ ਵਪਾਰਕ ਖਪਤਕਾਰਾਂ ਨੂੰ ਲੋਡ-ਵਾਇਸ ਸਰਵਿਸ ਕੁਨੈਕਸ਼ਨ ਚਾਰਜ ਲਈ ਹੁਣ ਕੇਵਲ 500 ਰੁਪਏ ਤੋਂ 800 ਰੁਪਏ ਦੇਣੇ ਹੋਣਗੇ। ਇਸ ਸਬੰਧੀ ਗੱਲ ਕਰਦਿਆਂ ਬਿਜਲੀ ਨਿਗਮ ਦੇ ਸੀ.ਐਮ.ਡੀ. ਇੰਜ. ਬਲਦੇਵ ਸਿੰਘ ਸਰਾਂ ਨੇ ਆਖਿਆ ਕਿ ਇਸ ਸਕੀਮ ਨਾਲ ਜਿੱਥੇ ਬਿਜਲੀ ਖਪਤਕਾਰਾਂ ਨੂੰ ਬਿਜਲੀ ਲੋਡ ਵਧਾਉਣ ਚ ਅਸਾਨੀ ਹੋਵੇਗੀ, ਉੱਥੇ ਹੀ ਬਿਜਲੀ ਨਿਗਮ ਵਲੋਂ ਸਹੀ ਬਿਜਲੀ ਲੋਡ ਦੀ ਪਛਾਣ ਕਰਕੇ ਬਣਦੀ ਸਮਰੱਥਾ ਅਨੁਸਾਰ ਯੋਗ ਸਮੱਗਰੀ ਦਾ ਪ੍ਰਯੋਗ ਕਰਕੇ ਬਿਜਲੀ ਸਪਲਾਈ ਨਿਰਵਿਘਨਤਾ ਨਾਲ ਪ੍ਰਦਾਨ ਕੀਤੀ ਜਾਵੇਗੀ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਅਜੀਤ