ਪਾਇਲ ਮੰਡੀ ਵਿਚ 1,35,986 ਕੁਇੰਟਲ ਕਣਕ ਦੀ ਖ਼ਰੀਦ

April 30 2019

ਕਣਕ ਦੀ ਕਟਾਈ ਇੱਕਦਮ ਹੋਣ ਕਾਰਨ ਦਾਣਾ ਮੰਡੀ ਪਾਇਲ ਵਿਚ ਕਣਕ ਦੀ ਸਮੇਂ ਸਿਰ ਚੁਕਾਈ ਨਾ ਹੋਣ ਕਾਰਨ ਕਿਸਾਨਾਂ ਨੂੰ ਕਣਕ ਉਤਾਰਨ ਲਈ ਫੜ੍ਹਾਂ ਵਿੱਚ ਜਗ੍ਹਾ ਨਹੀਂ ਮਿਲ ਰਹੀ ਤੇ ਆੜ੍ਹਤੀਆਂ ਵੱਲੋਂ ਕਿਸਾਨਾਂ ਦੀ ਕਣਕ ਕੱਚੇ ਫੜ੍ਹਾਂ ਅਤੇ ਤਹਿਸੀਲ ਕੰਪਲੈਕਸ ਵਾਲੀ ਕੱਚੀ ਜਗ੍ਹਾ ਵਿੱਚ ਉਤਾਰਨੀ ਪੈ ਰਹੀ ਹੈ। ਆੜ੍ਹਤੀ ਹਰੀਸ਼ ਕੁਮਾਰ ਨੋਨਾ ਨੇ ਕਿਹਾ ਕਿ ਕਣਕ ਦੀ ਚੁਕਾਈ ਧੀਮੀ ਗਤੀ ਨਾਲ ਚੱਲ ਰਹੀ ਹੈ, ਜਦਕਿ ਠੇਕੇਦਾਰ ਨੂੰ ਤੇਜ਼ੀ ਲਿਆਉਣ ਦੀ ਲੋੜ ਹੈ ਕਿਉਕਿ ਮੰਡੀ ਦੇ ਫੜ੍ਹਾਂ ਵਿੱਚ ਬੋਰੀਆਂ ਦੇ ਲੱਗੇ ਅੰਬਾਰਾਂ ਕਾਰਨ ਕਿਸਾਨਾਂ ਤੇ ਆੜ੍ਹਤੀਆਂ ਨੂੰ ਕਣਕ ਲਾਹੁਣ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਏਐੱਫਐੱਸਓ ਨਰਿੰਦਰ ਸਿੰਘ ਕੌੜੀ ਨੇ ਕਿਹਾ ਕਿ ਮੰਡੀ ਵਿੱਚ ਕਣਕ ਦੀ ਖਰੀਦ ਤੇ ਚੁਕਾਈ ਵਿੱਚ ਕੋਈ ਸਮੱਸਿਆ ਨਹੀਂ ਆ ਰਹੀ। ਦਾਣਾ ਮੰਡੀ ਵਿੱਚ ਜਮ੍ਹਾਂ ਹੋਏ ਮਾਲ ਬਾਰੇ ਉਨ੍ਹਾਂ ਕਿਹਾ ਕਿ ਟਰੱਕਾਂ ਵਾਲਿਆਂ ਦਾ ਡਾਲੇ ਦਾ ਕੋਈ ਚੱਕਰ ਸੀ, ਜੋ ਹੁਣ ਸਹੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਦਾਣਾ ਮੰਡੀ ਪਾਇਲ ਅੰਦਰ 28 ਅਪਰੈਲ ਤੱਕ 1,35,986 ਕੁਇੰਟਲ ਕਣਕ ਖਰੀਦੀ ਗਈ ਹੈ।

ਦਾਣਾ ਮੰਡੀ ਪਾਇਲ ਵਿੱਚ ਜਮ੍ਹਾਂ ਹੋਏ ਮਾਲ ਦੀ ਚੁਕਾਈ ਨਾ ਹੋਣ ਬਾਰੇ ਟਰੱਕ ਯੂਨੀਅਨ ਦੇ ਪ੍ਰਧਾਨ ਭੁਪਿੰਦਰ ਸਿੰਘ ਰਾਣੋਂ ਨੇ ਦੱਸਿਆ ਕਿ ਦਾਣਾ ਮੰਡੀ ਵਿਚ ਮਾਲ ਜਮ੍ਹਾਂ ਹੋਣ ਦਾ ਮੁੱਖ ਕਾਰਨ ਖੰਨਾ ਵਿਚ ਬਣੇ ਗੁਦਾਮਾਂ ਵਿਚ ਮਾਲ ਲਾਹੁਣ ਵਾਲੇ ਠੇਕੇਦਾਰ ਦੀ ਕੋਈ ਸਮੱਸਿਆ ਹੈ, ਜੋ ਅੱਜ ਹੱਲ ਹੋ ਜਾਵੇਗੀ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ