ਪਹਿਲੀ ਜੂਨ ਤੋਂ ਹੀ ਲੱਗੇਗਾ ਝੋਨਾ, ਕਿਸਾਨਾਂ ਵੱਲੋਂ ਪੁਲਿਸ ਤੇ ਖੇਤੀ ਅਫਸਰਾਂ ਨੂੰ ਸਿੱਧੀ ਵੰਗਾਰ

May 23 2019

ਪੰਜਾਬ ਸਰਕਾਰ ਨੇ 20 ਦੀ ਬਜਾਏ 13 ਜੂਨ ਤੋਂ ਝੋਨੇ ਦੀ ਲੁਆਈ ਲਈ ਰਹੀ ਝੰਡੀ ਦੇਣ ਤੋਂ ਬਾਅਦ ਵੀ ਕੁਝ ਕਿਸਾਨ ਜਥੇਬੰਦੀਆਂ ਪਹਿਲੀ ਜੂਨ ਤੋਂ ਹੀ ਝੋਨੇ ਦੀ ਲੁਆਈ ਲਈ ਬਜ਼ਿੱਦ ਹਨ। ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਨੇ ਸੂਬੇ ਵਿੱਚ ਪਹਿਲੀ ਜੂਨ ਤੋਂ ਝੋਨਾ ਲਾਉਣ ਦਾ ਸੱਦਾ ਦਿੱਤਾ ਹੈ। ਜਥੇਬੰਦੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਝੋਨਾ ਲਾਉਣ ਵਾਲੇ ਕਿਸਾਨਾਂ ਦੀ ਹਰ ਤਰ੍ਹਾਂ ਦੀ ਰਾਖੀ ਕੀਤੀ ਜਾਵੇਗੀ। ਪੁਲਿਸ ਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਖੇਤਾਂ ਦੇ ਨੇੜੇ ਫਟਕਣ ਨਹੀਂ ਦਿੱਤਾ ਜਾਵੇਗਾ।

ਇਨ੍ਹਾਂ ਜਥੇਬੰਦੀਆਂ ਦੀ ਬੀਤੇ ਦਿਨ ਹੋਈ ਸੂਬਾ ਪੱਧਰੀ ਮੀਟਿੰਗ ਤੋਂ ਬਾਅਦ ਜ਼ਿਲ੍ਹਿਆਂ ਦੇ ਪ੍ਰਧਾਨਾਂ ਨੂੰ ਝੋਨੇ ਦੀ ਲੁਆਈ ਲਈ ਡਟ ਜਾਣ ਲਈ ਕਿਹਾ ਹੈ। ਜਥੇਬੰਦੀਆਂ ਨੇ ਝੋਨੇ ਦੀ ਲੁਆਈ ਤੋਂ ਇੱਕ ਦਿਨ ਪਹਿਲਾਂ 31 ਮਈ ਨੂੰ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਰਟਰਾਂ ਉੱਤੇ ਕਿਸਾਨ-ਮਜ਼ਦੂਰ ਮੰਗਾਂ ਸਬੰਧੀ ਧਰਨਾ ਲਾਉਣ ਦਾ ਵੀ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜਥੇਬੰਦੀਆਂ ਵੱਲੋਂ ਧਰਨਿਆਂ ਵਿੱਚ ਪੰਜਾਬ ਸਰਕਾਰ ਕੋਲੋਂ ਪਹਿਲੀ ਜੂਨ ਤੋਂ ਝੋਨੇ ਦੀ ਲੁਆਈ ਲਈ 12 ਘੰਟੇ ਬਿਜਲੀ ਨਿਰਵਿਘਨ ਦੇਣ ਦੀ ਮੰਗ ਕੀਤੀ ਜਾਵੇਗੀ।

ਇਨ੍ਹਾਂ ਜਥੇਬੰਦੀਆਂ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ), ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ), ਕਿਸਾਨ ਸੰਘਰਸ਼ ਕਮੇਟੀ ਪੰਜਾਬ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਕਿਸਾਨ ਸੰਘਰਸ਼ ਕਮੇਟੀ (ਆਜ਼ਾਦ) ਸ਼ਾਮਲ ਹਨ।

ਕਿਸਾਨਾਂ ਨੇ ਝੋਨੇ ਦੇ ਸੀਜ਼ਨ ਵਿੱਚ ਖੇਤੀ ਮੋਟਰਾਂ ਲਈ ਰੋਜ਼ਾਨਾ 12 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੀ ਮੰਗ ਕੀਤੀ ਹੈ। ਕਿਸਾਨਾਂ ਦਾ ਆਖਣਾ ਸੀ ਕਿ ਪੰਜਾਬ ਦੇ ਕਿਸਾਨਾਂ ਨੂੰ ਸਰਪਲੱਸ ਬਿਜਲੀ ਵਾਲੇ ਸੂਬੇ ਦਾ ਕੀ ਫ਼ਾਇਦਾ ਜੇ ਹਾਲੇ ਤਕ ਬਾਬਾ ਆਦਮ ਵੇਲੇ ਵਾਂਗ ਹੀ ਉਨ੍ਹਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਅੱਠ ਘੰਟੇ ਬਿਜਲੀ ’ਤੇ ਹੀ ਸਬਰ ਕਰਨਾ ਪਵੇ। ਬਿਜਲੀ ਪੱਖੋਂ ਸਰਪਲੱਸ ਸੂਬਾ ਹੋਣ ਤੋਂ ਪਹਿਲਾਂ ਵੀ ਕਿਸਾਨਾਂ ਨੂੰ ਇੰਨੀ ਹੀ ਬਿਜਲੀ ਮਿਲਦੀ ਸੀ ਤੇ ਹੁਣ ਵੀ ਉਨ੍ਹਾਂ ਨੂੰ ਅੱਠ ਘੰਟੇ ’ਤੇ ਹੀ ਵਰਚਾਇਆ ਜਾ ਰਿਹਾ ਹੈ। ਉਧਰ, ਪਾਵਰਕੌਮ ਮੈਨੇਜਮੈਂਟ ਨੇ ਕਿਸਾਨਾਂ ਨੂੰ ਰੋਜ਼ਾਨਾ ਅੱਠ ਘੰਟੇ ਨਿਰਵਿਘਨ ਬਿਜਲੀ ਦੇਣ ਦੀ ਗੱਲ ਦੁਹਰਾਈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਏ.ਬੀ.ਪੀ. ਸਾਂਝਾ