ਵੱਧ ਲਾਹਾ ਲੈਣ ਲਈ ਦੁਧਾਰੂ ਪਸ਼ੂਆਂ ਦੀ ਚੋਣ

June 08 2021

ਪਸ਼ੂਧਨ ਤੇ ਪਸ਼ੂ ਪਾਲਣ ਸਾਡੇ ਦੇਸ਼ ਦੀ ਪੇਂਡੂ ਆਰਥਿਕਤਾ ਦਾ ਬਹੁਤ ਜ਼ਰੂਰੀ ਅੰਗ ਹੈ। ਡੇਅਰੀ ਫਾਰਮਿੰਗ ਵਿਚ ਦੁਧਾਰੂ ਪਸ਼ੂਆਂ ਦੀ ਸਹੀ ਚੋਣ ਕਰਨਾ ਇਕ ਮਹੱਤਵਪੂਰਨ ਅਤੇ ਸਭ ਤੋਂ ਪਹਿਲਾ ਨੁਕਤਾ ਹੈ। ਦੁਧਾਰੂ ਪਸ਼ੂ ਕਿਸੇ ਵੀ ਨਸਲ ਦਾ ਦੇਸੀ, ਵਿਦੇਸ਼ੀ ਗਾਂ ਜਾਂ ਮੱਝ ਹੋ ਸਕਦਾ ਹੈ। ਸਹੀ ਚੋਣ ਦਾ ਆਧਾਰ ਹੈ ਪਸ਼ੂਆਂ ਦੇ ਉਤਪਾਦਨ ਅਤੇ ਪ੍ਰਜਣਨ ਰਿਕਾਰਡ ਦਾ ਪਰਖਣਾ। ਸਹੀ ਅਤੇ ਪੂਰੇ ਰਿਕਾਰਡ ਦੇ ਆਧਾਰ ’ਤੇ ਹੀ ਇਕ ਚੰਗੇ ਦੁਧਾਰੂ ਪਸ਼ੂ ਦੀ ਚੋਣ ਕੀਤੀ ਜਾ ਸਕਦੀ ਹੈ। ਸਥਿਤੀ ਤੇ ਹਾਲਾਤ ਮੁਤਾਬਿਕ ਪਸ਼ੂਆਂ ਦੀ ਸਥਿਰਤਾ ਨੂੰ ਕਾਇਮ ਰੱਖਣਾ ਸਭ ਤੋਂ ਉੱਤਮ ਨੀਤੀ ਹੈ।

ਭਾਰਤ ਦੀਆਂ ਨਸਲਾਂ ਵੱਧ ਦੁੱਧ ਦੇਣ ਦੇ ਸਮਰੱਥ ਹਨ ਅਤੇ ਉਨ੍ਹਾਂ ਵਿਚ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵੀ ਵੱਧ ਹੈ। ਦੇਸੀ ਨਸਲਾਂ ਦੀ ਪ੍ਰਜਣਨ ਸ਼ਕਤੀ ਵਿਦੇਸ਼ੀ ਨਸਲਾਂ ਦੇ ਮੁਕਾਬਲੇ ਵਧੀਆ ਹੈ ਅਤੇ ਪ੍ਰਜਣਨ ਸਮੱਸਿਆ ਵੀ ਘੱਟ ਹੁੰਦੀ ਹੈ। ਪਸ਼ੂਆਂ ਤੋਂ ਵਧੇਰੇ ਦੁੱਧ ਲੈਣ ਲਈ ਕ੍ਰਾਸ ਬ੍ਰੀਡਿੰਗ (ਦੋਗਲਾਕਰਨ) ਦੀ ਪ੍ਰਕਿਰਿਆ ਨਾਲ ਦੋਗਲਾ ਪਸ਼ੂ ਤਿਆਰ ਕੀਤਾ ਜਾਂਦਾ ਹੈ।

ਲਗਭਗ 50 ਫ਼ੀਸਦੀ ਦੇ ਵਿਦੇਸ਼ੀ ਵਿਰਾਸਤ ਵਾਲੇ ਦੋਗਲੀ ਨਸਲ ਦੇ ਪਸ਼ੂ ਵਧੀਆ ਮੰਨੇ ਜਾਂਦੇ ਹਨ। ਇਹ ਤਰਜੀਹ ਵਿਦੇਸ਼ੀ ਵਿਰਾਸਤ ਦੇ ਵੱਖ-ਵੱਖ ਪ੍ਰਤੀਸ਼ਤ ਦੇ ਸੁਮੇਲ ਨਾਲ ਪਸ਼ੂਆਂ ਦੀ ਕਾਰਗੁਜ਼ਾਰੀ ਦੀ ਤੁਲਨਾ ’ਤੇ ਆਧਾਰਿਤ ਹੁੰਦੀ ਹੈ। ਦੋਗਲੀ ਨਸਲ ਦੇ ਪਸ਼ੂਆਂ ਵਿਚ ਦੇਸੀ ਸਮੁਦਾਇ ਦੇ ਜੀਵਾਣੂਆਂ ਦਾ 50 ਫ਼ੀਸਦੀ ਤਕ ਹੋਣਾ ਸਥਾਨਕ ਪਸ਼ੂਆਂ ਦੀ ਅਨੁਕੂਲਤਾ, ਗਰਮੀ ਦੀ ਸਹਿਣਸ਼ੀਲਤਾ ਅਤੇ ਬਿਮਾਰੀਆਂ ਪ੍ਰਤੀ ਪ੍ਰਤੀਰੋਧਕ ਸਮਰੱਥਾ ਦੇ ਗੁਣਾਂ ਨੂੰ ਬਰਕਰਾਰ ਰੱਖਣ ਵਿਚ ਸਹਾਈ ਹੁੰਦਾ ਹੈ।

ਵੱਖ-ਵੱਖ ਖੇਤੀ ਮੌਸਮ ਵਾਲੀਆਂ ਥਾਵਾਂ ਤੋਂ ਲਿਆਂਦੇ ਪਸ਼ੂ, ਸਥਿਤੀ ਅਤੇ ਹਾਲਾਤ ਦੇ ਅਨੁਕੂਲਤ ਨਾ ਹੋਣ ਕਰਕੇ ਆਪਣੀ ਕਾਰਗੁਜ਼ਾਰੀ ਘਟਾ ਲੈਂਦੇ ਹਨ। ਇਸ ਲਈ ਪਸ਼ੂਆਂ ਦੀ ਖ਼ਰੀਦ ਅਹਿਮ ਮੁੱਦਾ ਬਣ ਜਾਂਦੀ ਹੈ ਅਤੇ ਜਿੱਥੋਂ ਤਕ ਸੰਭਵ ਹੋਵੇ, ਪਸ਼ੂਆਂ ਦੀ ਖ਼ਰੀਦ ਸਮਾਨ ਵਾਤਾਵਰਨ ਦੀਆਂ ਸਥਿਤੀਆਂ ਤੋਂ ਹੀ ਹੋਣੀ ਚਾਹੀਦੀ ਹੈ। ਇਸ ਦੇ ਨਾਲ-ਨਾਲ ਦੁਧਾਰੂ ਪਸ਼ੂਆਂ ਵਿਚ ਦੇਸੀ ਅਤੇ ਵਿਦੇਸ਼ੀ ਸਮੁਦਾਇ ਦੇ ਜੀਵਾਣੂ ਦਾ ਖ਼ਾਸ ਅਨੁਪਾਤ ਰੱਖਣਾ ਅਤੀ ਜ਼ਰੂਰੀ ਹੈ।

ਅੱਜ ਪੰਜਾਬ ਵਿਚ 85 ਫ਼ੀਸਦੀ ਤੋਂ ਵੀ ਜ਼ਿਆਦਾ ਗਾਵਾਂ ਦੋਗਲੀਆਂ ਅਤੇ ਵਿਦੇਸ਼ੀ ਹਨ। ਜੇ ਮੱਝਾਂ ਦੀ ਗੱਲ ਕੀਤੀ ਜਾਵੇ ਤਾਂ ਮੁਰ੍ਹਾ ਨਸਲ ਦੀ ਮੱਝ ਹਰ ਇਕ ਪਸ਼ੂ ਪਾਲਕ ਦੀ ਪਹਿਲੀ ਪਸੰਦ ਹੈ। ਬਹੁਤ ਸਾਰੇ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੀਆਂ ਨਸਲਾਂ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ ਅਤੇ ਮੰਡੀਆਂ ਵਿਚ ਪਸ਼ੂ ਖ਼ਰੀਦਣ ਵੇਲੇ ਉਨ੍ਹਾਂ ਨਾਲ ਧੋਖਾ ਹੋ ਜਾਂਦਾ ਹੈ। ਸਹੀ ਦੁਧਾਰੂ ਪਸ਼ੂਆਂ ਦੀਆਂ ਨਸਲਾਂ ਦੀ ਪਛਾਣ ਤੇ ਉਨ੍ਹਾਂ ਦੀ ਚੋਣ ਦੀ ਵਿਧੀ ਹੇਠ ਲਿਖੇ ਮੁਤਾਬਿਕ ਹੋਣੀ ਚਾਹੀਦੀ ਹੈ।

ਸਾਹੀਵਾਲ ਨਸਲ ਦੀ ਗਾਂ

ਸਾਹੀਵਾਲ ਨਸਲ ਖ਼ੁਸ਼ਕ ਅਤੇ ਗਰਮ ਪੰਜਾਬ ਖੇਤਰ ਦੀ ਦੁਧਾਰੂ ਗਾਵਾਂ ਦੀ ਇਕ ਉੱਤਮ ਨਸਲ ਹੈ, ਜੋ ਕਿ ਪੰਜਾਬ ਦੇ ਫ਼ਿਰੋਜ਼ਪੁਰ, ਅੰਮਿ੍ਰਤਸਰ ਅਤੇ ਗੁਰਦਾਸਪੁਰ ਜ਼ਿਲ੍ਹੇ ਅਤੇ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਜ਼ਿਲ੍ਹੇ ਵਿਚ ਪਾਈ ਜਾਂਦੀ ਹੈ। ਇਸ ਨੂੰ ‘ਲੰਬੀ ਬਾਰ’, ‘ਲੋਲਾ’, ‘ਮਿੰਟਗੁਮਰੀ’, ‘ਮੁਲਤਾਨੀ’ ਅਤੇ ‘ਤੇਲੀ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਨਸਲ ਦਾ ਸਰੀਰ ਦਰਮਿਆਨਾ, ਰੰਗ ਲਾਲ ਭੂਰਾ, ਲੱਤਾਂ ਛੋਟੀਆਂ, ਮੱਥਾ ਚੌੜਾ, ਚਮੜੀ ਢਿੱਲੀ, ਸਿੰਙ ਛੋਟੇ, ਗਰਦਨ ਛੋਟੀ ਅਤੇ ਉਸ ਤੋਂ ਥੱਲੇ ਭਾਰੀ ਝਾਲਰ ਹੁੰਦੀ ਹੈ। ਲੇਵਾ ਵੱਡਾ, ਥਣ ਲੰਬੇ ਅਤੇ ਬਰਾਬਰ ਲੰਬਾਈ ਦੇ ਹੁੰਦੇ ਹਨ। ਗਾਂ ਦੀ ਔਸਤਨ ਦੁੱਧ ਦੀ ਸਮਰੱਥਾ 8-10 ਕਿੱਲੋ ਪ੍ਰਤੀ ਦਿਨ ਅਤੇ ਇਕ ਸੂਏ ਦੀ ਔਸਤਨ ਦੁੱਧ ਉਤਪਾਦਨ ਸਮਰੱਥਾ 1800-2000 ਲੀਟਰ ਹੁੰਦੀ ਹੈ । ਇਸ ਦੇ ਦੁੱਧ ਵਿਚ ਫੈਟ ਦੀ ਮਾਤਰਾ 4.5-5.0 ਫ਼ੀਸਦੀ ਹੁੰਦੀ ਹੈ। ਇਸ ਨਸਲ ਵਿਚ ਗਰਮੀ ਦੀ ਸਹਿਣਸ਼ੀਲਤਾ ਤੇ ਬਿਮਾਰੀਆਂ ਪ੍ਰਤੀ ਲੜਨ ਦੀ ਸਮਰੱਥਾ ਵਧੇਰੇ ਹੁੰਦੀ ਹੈ। ਔਸਤਨ ਵਜ਼ਨ 350-420 ਕਿੱਲੋ ਗਾਵਾਂ ਵਿਚ ਅਤੇ 675 ਕਿੱਲੋ ਬਲਦਾਂ ਵਿਚ ਹੁੰਦਾ ਹੈ।

ਨੀਲੀ-ਰਾਵੀ ਨਸਲ ਦੀ ਮੱਝ

ਇਹ ਨਸਲ ਜ਼ਿਆਦਾਤਰ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿਚ ਪਾਈ ਜਾਂਦੀ ਹੈ। ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਵਿਚ ਸਤਲੁਜ ਦੇ ਕੱਛ ਅਤੇ ਪਾਕਿਸਤਾਨ ਦੇ ਸਾਹੀਵਾਲ ਜ਼ਿਲ੍ਹੇ ਵਿਚ ਇਸ ਨਸਲ ਦੇ ਪਸ਼ੂ ਦੇਖਣ ਨੂੰ ਮਿਲਦੇ ਹਨ। ਇਸ ਨਸਲ ਦੀਆਂ ਮੱਝਾਂ ਦਾ ਰੰਗ ਕਾਲਾ ਪਰ ਅੱਖਾਂ, ਚਾਰੇ ਪੈਰ, ਮੂੰਹ ਅਤੇ ਪੂਛ ਦੀ ਦੁੰਬ ਚਿੱਟੀ ਹੁੰਦੀ ਹੈ, ਜਿਸ ਕਰਕੇ ਇਸ ਨੂੰ ‘ਪੰਜ ਕਲਿਆਣੀ’ ਵੀ ਕਿਹਾ ਜਾਂਦਾ ਹੈ। ਕੱਦ ਦਰਮਿਆਨਾ, ਮੱਥਾ ਉੱਭਰਿਆ ਹੋਇਆ, ਸਿਰ ਬੱਗਾ, ਸਿੰਙ ਛੋਟੇ, ਭਾਰੇ ਤੇ ਕੁੰਡਲੀਦਾਰ, ਲੱਤਾਂ ਛੋਟੀਆਂ, ਧੌਣ ਪਤਲੀ, ਮੂੰਹ ਲੰਬਾ ਅਤੇ ਪਿਛਲਾ ਹਿੱਸਾ ਚੌੜਾ ਹੁੰਦਾ ਹੈ। ਇਕ ਸੂਏ ’ਚ ਔਸਤਨ ਦੁੱਧ ਦਾ ਉਤਪਾਦਨ 1600-1800 ਲੀਟਰ ਅਤੇ ਫੈਟ 7 ਫ਼ੀਸਦੀ ਹੁੰਦੀ ਹੈ ।

ਮੱਝ ਦਾ ਔਸਤਨ ਵਜ਼ਨ 450 ਕਿੱਲੋ ਅਤੇ ਝੋਟੇ ਦਾ 600 ਕਿੱਲੋ ਹੁੰਦਾ ਹੈ। ਇਨ੍ਹਾਂ ਵਿਸ਼ੇਸ਼ਤਾਵਾਂ ਅਤੇ ਗੁਣਾਂ ਦੇ ਆਧਾਰ ’ਤੇ ਹੀ ਪਸ਼ੂ ਪਾਲਕ ਨੂੰ ਇਕ ਚੰਗੇ, ਸਿਹਤਮੰਦ ਅਤੇ ਵਧੀਆ ਨਸਲ ਦੇ ਦੁਧਾਰੂ ਪਸ਼ੂ ਦੀ ਚੋਣ ਕਰਨੀ ਚਾਹੀਦੀ ਹੈ। ਅਜਿਹੀ ਚੋਣ ਦੇ ਫਲਸਰੂਪ ਹੀ ਡੇਅਰੀ ਫਾਰਮ ਤੋਂ ਵੱਧ ਤੋਂ ਵੱਧ ਦੁੱਧ ਉਤਪਾਦਨ ਕਰ ਕੇ ਵਧੇਰੇ ਲਾਹਾ ਲਿਆ ਜਾ ਸਕਦਾ ਹੈ।

ਮੁਰ੍ਹਾ ਨਸਲ ਦੀ ਮੱਝ

ਮੱਝਾਂ ਦੀ ਮੁਰ੍ਹਾ ਨਸਲ ਹਰਿਆਣਾ ਦੇ ਰੋਹਤਕ, ਹਿਸਾਰ ਤੇ ਜੀਂਦ ਹਿੱਸੇ ਅਤੇ ਪੰਜਾਬ ਦੇ ਨਾਭਾ ਅਤੇ ਪਟਿਆਲਾ ਜ਼ਿਲ੍ਹੇ ਵਿਚ ਪਾਈ ਜਾਂਦੀ ਹੈ। ਇਸ ਨੂੰ ‘ਦਿੱਲੀ’, ‘ਕੁੰਡੀ’ ਅਤੇ ‘ਕਾਲੀ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਨਸਲ ਦੀਆਂ ਮੱਝਾਂ ਦਾ ਰੰਗ ਸ਼ਾਹ ਕਾਲਾ, ਪੂਛ ਦੀ ਦੁੰਬ ਚਿੱਟੀ, ਸਰੀਰ ਗੁੰਦਵਾਂ ਤੇ ਭਾਰਾ, ਵੇਲ ਲੰਬੀ, ਸਿੰਙ ਛੋਟੇ ਤੇ ਕੁੰਡੇ, ਪੂਛ ਖੁੱਚਾਂ ਤੋਂ ਨੀਵੀਂ, ਸਰੀਰਕ ਬਣਤਰ ਤਿਕੋਣੀ, ਲੇਵਾ ਭਾਰਾ, ਥਣ ਲੰਬੇ ਤੇ ਠੀਕ ਵਿੱਥ ’ਤੇ ਹੁੰਦੇ ਹਨ। ਇਕ ਸੂਏ ਦਾ ਔਸਤਨ ਦੁੱਧ ਉਤਪਾਦਨ 1600-1800 ਲੀਟਰ ਹੁੰਦਾ ਹੈ । ਇਸ ਦੇ ਦੁੱਧ ਵਿਚ ਫੈਟ ਲਗਭਗ 7 ਫ਼ੀਸਦੀ ਹੁੰਦੀ ਹੈ। ਔਸਤਨ ਵਜ਼ਨ 450 ਕਿੱਲੋ ਮੱਝਾਂ ਦਾ ਅਤੇ 575 ਕਿੱਲੋ ਸਾਨਾਂ ਦਾ ਹੁੰਦਾ ਹੈ।

ਗਾਵਾਂ ਦੀ ਚੋਣ ਦੀ ਵਿਧੀ

ਪਸ਼ੂ ਪ੍ਰਦਰਸ਼ਨੀਆਂ ਜਾਂ ਮੇਲੇ ਵਿੱਚੋਂ ਗਾਂ ਜਾਂ ਵੱਛੀ ਦੀ ਚੋਣ ਕਰਨਾ ਇਕ ਕਲਾ ਹੈ। ਪਸ਼ੂ ਪਾਲਕ ਨੂੰ ਚਾਹੀਦਾ ਹੈ ਕਿ ਉਹ ਆਪਣੇ ਝੁੰਡ ਦਾ ਪਾਲਣ ਪੋਸ਼ਣ ਖ਼ੁਦ ਕਰ ਕੇ ਆਪਣਾ ਝੁੰਡ ਬਣਾਏ। ਫਿਰ ਵੀ ਦੁਧਾਰੂ ਪਸ਼ੂਆਂ ਦੀ ਚੋਣ ਲਈ ਹੇਠ ਲਿਖੇ ਦਿਸ਼ਾ-ਨਿਰਦੇਸ਼ ਲਾਭਦਾਇਕ ਹੋਣਗੇ।

  • ਕਿਸੇ ਵੀ ਜਾਨਵਰ ਨੂੰ ਪਸ਼ੂ ਮੇਲੇ ਤੋਂ ਖ਼ਰੀਦਣ ਲਈ ਉਸ ਨਸਲ ਦੇ ਕਿਰਦਾਰਾਂ ਅਤੇ ਦੁੱਧ ਉਤਪਾਦਨ ਦੀ ਯੋਗਤਾ ਨੂੰ ਆਧਾਰ ਬਣਾਉਣਾ ਚਾਹੀਦਾ ਹੈ।
  • ਗਾਵਾਂ ਵਿਚ ਪਹਿਲੇ ਪੰਜ ਸੂਇਆਂ ਵਿਚ ਦੁੱਧ ਉਤਪਾਦਨ ਵੱਧ ਹੁੰਦਾ ਹੈ। ਇਸ ਕਰਕੇ ਆਮ ਤੌਰ ’ਤੇ ਗਾਂ ਦੇ ਸੂਣ ਤੋਂ ਇਕ ਮਹੀਨੇ ਬਾਅਦ, ਪਹਿਲੇ ਜਾਂ ਦੂਜੇ ਸੂਏ ਵਿਚ ਹੀ ਚੋਣ ਕਰਨੀ ਚਾਹੀਦੀ ਹੈ ।
  • ਦੁਧਾਰੂ ਪਸ਼ੂ ਖ਼ਰੀਦਣ ਤੋਂ ਪਹਿਲਾਂ ਉਸ ਦਾ ਪੂਰੀ ਤਰ੍ਹਾਂ ਤਿੰਨ ਵਾਰ ਦੁੱਧ ਚੁਆ ਕੇ ਵੇਖਣਾ ਚਾਹੀਦਾ ਹੈ , ਜੋ ਕਿ ਉਸ ਦੇ ਔਸਤਨ ਦੁੱਧ ਉਤਪਾਦਨ ਦਾ ਅਨੁਮਾਨ ਦਿੰਦਾ ਹੈ।
  • ਲੇਵੇ ਦੀ ਚਮੜੀ ਵਿਚ ਖ਼ੂੂਨ ਦੀਆਂ ਨਾੜੀਆਂ ਦਾ ਚੰਗਾ ਫੈਲਾਅ ਹੋਣਾ ਚਾਹੀਦਾ ਹੈ।
  • ਲੇਵੇ ਦੇ ਸਾਰੇ ਚੌਥਾਈ ਹਿੱਸੇ, ਚਾਰੇ ਥਣਾਂ ਨਾਲ ਬਰਾਬਰ-ਬਰਾਬਰ ਵੰਡੇ ਹੋਏ ਹੋਣੇ ਚਾਹੀਦੇ ਹਨ।
  • ਢਿੱਡ ਦੇ ਦੋਵੇਂ ਪਾਸਿਆਂ ’ਤੇ ਲੇਵੇ ਦੇ ਸਾਹਮਣੇ ਇਕ ਵੱਡੀ, ਤਣਾਅਪੂਰਨ ਪ੍ਰਮੁੱਖ ਦੁੱਧ ਦੀ ਨਾੜੀ ਜ਼ਰੂਰ ਦਿਸਣੀ ਚਾਹੀਦੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Jagran