ਵੈਟਨਰੀ ਯੂਨੀਵਰਸਿਟੀ ਨੇ ਮੁਰਗੀ ਪਾਲਕਾਂ, ਕਾਮਿਆਂ ਅਤੇ ਖਪਤਕਾਰਾਂ ਲਈ ਜਾਰੀ ਕੀਤਾ ਹਿਦਾਇਤਨਾਮਾ

May 12 2021

ਦੇਸ ਵਿੱਚ ਪਹਿਲਾਂ ਹੀ ਚੱਲ ਰਹੇ ਕੋਵਿਡ -19 ਸੰਕਟ ਦੇ ਵਿਚਕਾਰ, ਬਰਡ ਫਲੂ ਦੀ ਇੱਕ ਹੋਰ ਸਮੱਸਿਆ ਪਿਛਲੇ ਕੁਝ ਸਮੇਂ ਵਿੱਚ ਪੰਜਾਬ ਦੇ ਨਾਲ ਲੱਗਦੇ ਅਤੇ ਭਾਰਤ ਦੇ ਕਈ ਹੋਰ ਰਾਜਾਂ ਨੂੰ ਪ੍ਰਭਾਵਿਤ ਕਰ ਚੁੱਕੀ ਹੈ। ਹਾਲਾਂਕਿ, ਪੰਜਾਬ ਵਿੱਚ ਬਰਡ ਫਲੂ ਦੀ ਇੱਕਾ-ਦੁੱਕਾ ਘਟਨਾ ਹੀ ਸਾਹਮਣੇ ਆਈ ਹੈ ਪਰ ਸਾਡੇ ਪੋਲਟਰੀ ਉਤਪਾਦਕਾਂ ਨੂੰ ਵਧੇਰੇ ਚੌਕਸ ਰਹਿਣ ਦੀ ਲੋੜ ਹੈ।

ਬਰਡ ਫਲੂ ਪੰਛੀਆਂ ਦੀ ਇੱਕ ਬਿਮਾਰੀ ਹੈ ਜੋ ਏਵੀਅਨ ਇਨਫਲੂਐਨਜਾ ਟਾਈਪ ਏ ਵਿਸਾਣੂ ਦੇ ਕਾਰਨ ਕਈ ਕਿਸਮਾਂ ਦੇ ਪੰਛੀਆਂ ਨੂੰ ਪ੍ਰਭਾਵਤ ਕਰ ਸਕਦੀ ਹੈ। ਜਿਸ ਵਿੱਚ ਜੰਗਲੀ ਪੰਛੀ, ਟਰਕੀ, ਬਟੇਰੇ, ਮੁਰਗੀ ਅਤੇ ਬਤਖਾਂ ਆਦਿ ਸਾਮਲ ਹਨ। ਲਾਗ ਵਾਲੇ ਪੰਛੀਆਂ ਦੀਆਂ ਵਿੱਠਾਂ, ਨੱਕ ਅਤੇ ਲਾਰ ਵਿੱਚ ਵਾਇਰਸ ਪਾਇਆ ਜਾਂਦਾ ਹੈ। ਇਨ੍ਹਾਂ ਦੀ ਦੂਸ਼ਿਤ ਫੀਡ, ਪਾਣੀ, ਉਪਕਰਣਾਂ ਜਾਂ ਸਿੱਧੇ ਸੰਪਰਕ ਵਿੱਚ ਆਉਣ ਤੇ ਤੰਦਰੁਸਤ ਪੰਛੀ ਬਿਮਾਰ ਹੋ ਜਾਂਦੇ ਹਨ। ਇਹ ਬਿਮਾਰੀ ਪੰਛੀਆਂ ਤੋਂ ਮਨੁੱਖਾਂ ਵਿੱਚ ਫੈਲਣ ਦੀ ਕੋਈ ਘਟਨਾ ਨਹੀਂ ਮਿਲਦੀ, ਹਾਲਾਂਕਿ, ਪੰਛੀਆਂ ਦੇ ਨੇੜਲੇ ਸੰਪਰਕ ਵਿੱਚ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਸਹੀ ਸਫਾਈ ਅਤੇ ਸੁਰੱਖਿਆ ਨੇਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

ਡਾ. ਜਸਬੀਰ ਸਿੰਘ ਬੇਦੀ, ਨਿਰਦੇਸ਼ਕ, ਵਨ ਹੈਲਥ ਕੇਂਦਰ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ, ਲੁਧਿਆਣਾ ਨੇ ਦੱਸਿਆ ਕਿ ਖਪਤਕਾਰਾਂ ਨੂੰ ਵਰਤਣ ਤੋਂ ਪਹਿਲਾਂ ਪੋਲਟਰੀ ਅਤੇ ਪੋਲਟਰੀ ਉਤਪਾਦਾਂ (ਆਂਡਿਆਂ ਸਮੇਤ) ਨੂੰ ਚੰਗੀ ਤਰ੍ਹਾਂ ਪਕਾਉਣਾ ਚਾਹੀਦਾ ਹੈ।70 ਡਿਗਰੀ ਸੈਂਟੀਗਰੇਡ ਤੋਂ ਵੱਧ ’ਤੇ ਸਹੀ ਤਰੀਕੇ ਨਾਲ ਪਕਾਉਣ ਤੇ ਇਨਫਲੂਐਨਜਾ ਵਾਇਰਸ ਖਤਮ ਹੋ ਜਾਂਦੇ ਹਨ। ਵਾਇਰਸ ਦੀ ਮੁਰਗੀਖਾਨੇ ਤੋਂ ਮੁਰਗੀਖਾਨੇ ਤਕ ਪਹੁੰਚ ਆਮ ਤੌਰ ’ਤੇ ਜੀਵਤ ਪੰਛੀਆਂ, ਲੋਕਾਂ ਅਤੇ ਦੂਸਿਤ ਵਾਹਨਾਂ, ਉਪਕਰਣਾਂ ਆਦਿ ਦੀ ਆਵਾਜਾਈ ਦੁਆਰਾ ਹੁੰਦੀ ਹੈ। ਪੋਲਟਰੀ ਫਾਰਮ ਵਿਚ ਵਿਅਕਤੀ ਜਾਂ ਵਾਹਨਾਂ ਦੇ ਦਾਖਲੇ ਨੂੰ ਨਿਯਮਿਤ ਕੀਤਾ ਜਾਣਾ ਚਾਹੀਦਾ ਹੈ।

ਇਸੇ ਕੇਂਦਰ ਦੇ ਸਹਾਇਕ ਪ੍ਰੋਫੈਸਰ ਡਾ. ਰਜਨੀਸ ਸਰਮਾ ਨੇ ਦੱਸਿਆ ਕਿ ਫਾਰਮ ਦੇ ਆਸ ਪਾਸ ਜੰਗਲੀ ਪੰਛੀਆਂ ਦੀ ਮੌਤ ਹੋਣ ਜਾਂ ਕੋਈ ਹੋਰ ਵਰਤਾਰਾ ਸਾਹਮਣੇ ਆਉਣ ਤੇ ਸਥਾਨਕ ਵੈਟਨਰੀ ਡਾਕਟਰ ਨੂੰ ਸੂਚਿਤ ਕਰਨਾ ਚਾਹੀਦਾ ਹੈ। ਮਰੇ ਪੰਛੀਆਂ ਨੂੰ ਨੰਗੇ ਹੱਥਾਂ ਨਾਲ ਨਹੀਂ ਚੁੱਕਣਾ ਚਾਹੀਦਾ। ਸਥਾਨਕ ਪਸੂ ਰੋਗ ਮਾਹਿਰਾਂ ਦੀ ਅਗਵਾਈ ਹੇਠ ਮਰੇ ਹੋਏ ਪੰਛੀਆਂ ਦਾ ਸਾਵਧਾਨੀ ਨਾਲ ਨਿਪਟਾਰਾ ਕਰੋ ਅਤੇ ਇਨ੍ਹਾਂ ਨੂੰ ਕਿਸੇ ਟੋਏ ਵਿੱਚ ਦੱਬ ਦੇਣਾ ਜਾਂ ਸਾੜ ਦੇਣਾ ਚਾਹੀਦਾ ਹੈ।

ਇਸ ਕਾਰਜ ਨੂੰ ਮਾਸਕ, ਦਸਤਾਨੇ ਅਤੇ ਸੁਰੱਖਿਆ ਐਨਕਾਂ ਪਾ ਕੇ ਕਰਨਾ ਚਾਹੀਦਾ ਹੈ। ਜੇ ਦਸਤਾਨੇ ਉਪਲਬਧ ਨਹੀਂ ਹਨ, ਤਾਂ ਪੋਲੀਥੀਨ ਬੈਗ ਦੀ ਵਰਤੋਂ ਕਰੋ ਅਤੇ ਨਿਪਟਾਰੇ ਤੋਂ ਬਾਅਦ ਆਪਣੇ ਹੱਥ ਧੋਵੋ। ਜੰਗਲੀ  ਪੰਛੀਆਂ ਦੀਆਂ ਵਿੱਠਾਂ ਆਦਿ ਰਾਹੀਂ ਫੈਲਣ ਵਾਲੀ ਗੰਦਗੀ ਤੋਂ ਬਚਣ ਲਈ ਖੁੱਲੇ ਪਾਣੀ ਦੇ ਸਰੋਤਾਂ ਜਾਂ ਖੇਤ ਦੀਆਂ ਟੈਂਕੀਆਂ ਨੂੰ ਢੱਕਣਾ ਚਾਹੀਦਾ ਹੈ। ਫਾਰਮ ਵਿਚ ਜਾਂ ਇਸ ਦੀ ਹੱਦ ਦੇ ਨੇੜੇ ਦੇ ਰੁੱਖਾਂ ਨੂੰ ਕੱਟਣਾ ਚਾਹੀਦਾ ਹੈ। ਪੋਲਟਰੀ ਫਾਰਮ ਦੀ ਸਫਾਈ ਦਾ ਧਿਆਨ ਰੱਖਣਾ ਅਤੇ ਅਣਜਾਣ ਬਿਮਾਰੀ ਤੋਂ ਪ੍ਰਭਾਵਿਤ ਪੰਛੀਆਂ ਦੀ ਫਾਰਮ ਵਿਖੇ ਆਮਦ ਤੋਂ ਪਰਹੇਜ ਕਰਨਾ ਚਾਹੀਦਾ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Krishi Jagran