ਪਸ਼ੂਆਂ ਦੇ ਹਰੇ ਚਾਰੇ ਸਬੰਧੀ ਨੁਕਤੇ

June 12 2021

ਹਰੇ ਚਾਰੇ ਅਤੇ ਵੰਡ-ਦਾਣਾ ਦੁਧਾਰੂ ਪਸ਼ੂਆਂ ਦੀ ਖ਼ੁਰਾਕ ਦੇ ਮੁੱਖ ਅੰਸ਼ ਹਨ। ਇਨ੍ਹਾਂ ’ਤੇ ਦੁੱਧ ਉਤਪਾਦਨ ਦਾ 65-70 ਪ੍ਰਤੀਸ਼ਤ ਖ਼ਰਚਾ ਆਉਂਦਾ ਹੈ। ਹਰੇ ਚਾਰਿਆਂ ਵਿੱਚ ਖ਼ੁਰਾਕੀ ਤੱਤ ਜਿਵੇਂ ਕਿ ਪ੍ਰੋਟੀਨ, ਵਿਟਾਮਿਨ, ਖਣਿਜ ਪਦਾਰਥ, ਨਿਸ਼ਾਸ਼ਤਾ ਤੇ ਲਘੂ ਤੱਤ ਕਾਫ਼ੀ ਮਾਤਰਾ ਵਿਚ ਹੁੰਦੇ ਹਨ ਜੋ ਪਸ਼ੂਆਂ ਦੇ ਵਾਧੇ, ਸਾਂਭ-ਸੰਭਾਲ, ਤੇ ਦੁੱਧ ਉਤਪਾਦਨ ਵਿਚ ਬਹੁਤ ਸਹਾਈ ਹੁੰਦੇ ਹਨ। ਹਰੇ ਚਾਰਿਆਂ ਵਿਚਲੇ ਖ਼ੁਰਾਕੀ ਤੱਤ ਵੰਡ ਦਾਣੇ ਵਿਚਲੇ ਖ਼ੁਰਾਕੀ ਤੱਤਾਂ ਨਾਲੋਂ ਸਸਤੇ ਹੀ ਨਹੀਂ ਹੁੰਦੇ ਸਗੋਂ ਪਚਦੇ ਵੀ ਜਲਦੀ ਹਨ। ਹਰੇ ਚਾਰੇ ਕਿਉਂਕਿ ਨਰਮ ਤੇ ਕੂਲੇ ਹੁੰਦੇ ਹਨ ਇਸ ਲਈ ਪਸ਼ੂ ਖ਼ੁਸ਼ ਹੋ ਕੇ ਖਾਂਦੇ ਹਨ। ਪਸ਼ੂਆਂ ਦੀ ਸਿਹਤ ਨੂੰ ਠੀਕ ਰੱਖਣ ਲਈ ਅਤੇ ਇਨ੍ਹਾਂ ਤੋਂ ਬਹੁਤਾ ਤੇ ਸਸਤਾ ਦੁੱਧ ਲੈਣ ਲਈ ਸਾਰਾ ਸਾਲ 40-50 ਕਿਲੋ ਹਰਾ ਚਾਰਾ ਪ੍ਰਤੀ ਪਸ਼ੂ ਪ੍ਰਤੀ ਦਿਨ ਦੇਣਾ ਚਾਹੀਦਾ ਹੈ। ਪਰ ਪੰਜਾਬ ਵਿੱਚ ਦੋ ਮੌਸਮ (ਮਈ-ਜੂਨ ਅਤੇ ਨਵੰਬਰ-ਦਸੰਬਰ) ਇਹੋ ਜਿਹੇ ਹਨ ਜਦੋਂ ਹਰੇ ਚਾਰੇ ਦੀ ਘਾਟ ਹੁੰਦੀ ਹੈ ਅਤੇ ਦੋ ਮੌਸਮ (ਫਰਵਰੀ-ਮਾਰਚ ਅਤੇ ਅਗਸਤ-ਸਤੰਬਰ) ਇਹੋ ਜਿਹੇ ਹਨ ਜਦੋਂ ਹਰਾ ਚਾਰਾ ਲੋੜ ਤੋਂ ਵੀ ਵੱਧ ਹੁੰਦਾ ਹੈ। ਇਸ ਤਰ੍ਹਾਂ ਦੇ ਮੌਸਮਾਂ ਵਿੱਚ ਪਸ਼ੂਆਂ ਨੂੰ ਲਗਾਤਾਰ ਸਾਰਾ ਸਾਲ 40-50 ਕਿਲੋ ਹਰਾ ਚਾਰਾ ਨਹੀਂ ਦਿੱਤਾ ਜਾ ਸਕਦਾ। ਸੋ ਜਦੋਂ ਚਾਰਾ ਲੋੜ ਨਾਲੋਂ ਜ਼ਿਆਦਾ ਹੋਵੇ ਤਾਂ ਉਸ ਦਾ ਅਚਾਰ (ਸਾਈਲੇਜ) ਬਣਾ ਕੇ ਜਾਂ ਸੁਕਾ ਕੇ (ਹੇਅ) ਸਾਂਭ ਲੈਣਾ ਚਾਹੀਦਾ ਹੈ। ਇਸ ਨੂੰ ਥੁੜ੍ਹ ਵਾਲੇ ਸਮੇਂ ਵਰਤ ਕੇ ਪਸ਼ੂਆਂ ਦੀ ਰੋਜ਼ਾਨਾ 40-50 ਕਿਲੋ ਹਰੇ ਚਾਰਿਆਂ ਦੀ ਲੋੜ ਪੂਰੀ ਕੀਤੀ ਜਾ ਸਕਦੀ ਹੈ। ਦੁਧਾਰੂ ਪਸ਼ੂਆਂ ਨੂੰ ਸਾਰਾ ਸਾਲ 40-50 ਕਿਲੋ ਹਰਾ ਚਾਰਾ ਪ੍ਰਤੀ ਪਸ਼ੂ ਪ੍ਰਤੀ ਦਿਨ ਦੇਣ ਲਈ ਹੇਠ ਲਿਖੀਆਂ ਤਕਨੀਕਾਂ ਅਪਣਾਉਣੀਆਂ ਚਾਹੀਦੀਆਂ ਹਨ।

ਬਹੁ-ਸਾਲੀ ਚਾਰੇ: ਨੇਪੀਅਰ ਬਾਜਰਾ ਬਹੁ-ਸਾਲੀ ਚਾਰਾ ਹੈ। ਇਸ ਨੂੰ ਇੱਕ ਵਾਰ ਬੀਜ ਕੇ 2-3 ਸਾਲ ਤੱਕ ਹਰਾ ਚਾਰਾ ਲਿਆ ਜਾ ਸਕਦਾ ਹੈ। ਨੇਪੀਅਰ ਬਾਜਰੇ ਦੀਆਂ ਜੜ੍ਹਾਂ ਜਾਂ ਕਲਮਾਂ ਲਾਈਆਂ ਜਾਂਦੀਆਂ ਹਨ ਤੇ ਇਹ ਸਰਦੀਆਂ ਨੂੰ ਛੱਡ ਕੇ ਸਾਰਾ ਸਾਲ ਲਗਾਤਾਰ ਚਾਰਾ ਦਿੰਦਾ ਰਹਿੰਦਾ ਹੈ। ਸਰਦੀਆਂ ਵਿਚ ਨੇਪੀਅਰ ਬਾਜਰੇ ਵਿਚ ਜਵੀ ਜਾਂ ਸੇਂਜੀ ਬੀਜ ਕੇ ਹਰਾ ਚਾਰਾ ਲਿਆ ਜਾ ਸਕਦਾ ਹੈ। ਮਾਰਚ ਦੇ ਮਹੀਨੇ ਵਿਚ ਲਾਈਆਂ ਜੜ੍ਹਾਂ ਜਾਂ ਕਲਮਾਂ ਮਈ ਵਿਚ ਚਾਰਾ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਜਿਸ ਨਾਲ ਮਈ-ਜੂਨ ਦੇ ਥੁੜ੍ਹ ਵਾਲੇ ਮਹੀਨਿਆਂ ਵਿਚ ਚਾਰਾ ਮਿਲਦਾ ਰਹਿੰਦਾ ਹੈ।

ਬਹੁਤੀਆਂ ਕਟਾਈਆਂ ਵਾਲੇ ਚਾਰੇ: ਬਰਸੀਮ, ਸਫਤਲ, ਲੂਸਣ ਅਤੇ ਰਾਈਘਾਹ ਹਾੜ੍ਹੀ ਰੁੱਤ ਦੇ ਅਤੇ ਕਟਾਈਆਂ ਦੇਣ ਵਾਲੀ ਚਰ੍ਹੀ ਤੇ ਗਿਨੀ ਘਾਹ ਸਾਉਣੀ ਰੁੱਤ ਦੇ ਬਹੁਤੀਆਂ ਕਟਾਈਆਂ ਦੇਣ ਵਾਲੇ ਹਰੇ ਚਾਰੇ ਹਨ। ਇਨ੍ਹਾਂ ਚਾਰਿਆਂ ਨੂੰ ਬੀਜਣ ਦੇ ਮੁੱਖ ਫ਼ਾਇਦੇ ਇਸ ਪ੍ਰਕਾਰ ਹਨ:

ਹਰੇ ਚਾਰੇ ਦਾ ਵੱਧ ਝਾੜ: ਬਹੁਤੀਆਂ ਕਟਾਈਆਂ ਦੇਣ ਵਾਲੇ ਚਾਰਿਆਂ ਦਾ ਹਰੇ ਚਾਰੇ ਦਾ ਝਾੜ ਇੱਕ ਕਟਾਈ ਦੇਣ ਵਾਲੇ ਚਾਰਿਆਂ ਨਾਲੋਂ ਕਾਫ਼ੀ ਜ਼ਿਆਦਾ ਹੁੰਦਾ ਹੈ।

ਬਹੁਤੇ ਸਮੇਂ ਲਈ ਹਰਾ ਚਾਰਾ: ਸਤੰਬਰ ਦੇ ਆਖ਼ਰੀ ਹਫ਼ਤੇ ਤੋਂ ਅਕਤੂਬਰ ਦੇ ਪਹਿਲੇ ਹਫ਼ਤੇ ਬੀਜੀ ਬਰਸੀਮ ਨਵੰਬਰ ਤੋਂ ਮਈ ਤੱਕ ਹਰਾ ਚਾਰਾ ਦਿੰਦੀ ਹੈ ਜਦੋਂਕਿ ਮਾਰਚ ਵਿਚ ਬੀਜਿਆ ਗਿੰਨੀ ਘਾਹ ਮਈ ਤੋਂ ਨਵੰਬਰ ਤੱਕ ਹਰਾ ਚਾਰਾ ਦਿੰਦਾ ਹੈ। ਇਨ੍ਹਾਂ ਚਾਰਿਆਂ ਨੂੰ ਬੀਜ ਕੇ ਸਾਰਾ ਸਾਲ ਹਰਾ ਚਾਰਾ ਲਿਆ ਜਾ ਸਕਦਾ ਹੈ।

ਹਰਾ ਚਾਰਾ ਲਗਾਤਾਰ ਮਿਲਣਾ: ਬਹੁਤੀਆਂ ਕਟਾਈਆਂ ਵਾਲੇ ਚਾਰਿਆਂ ਤੋਂ ਹਰਾ ਚਾਰਾ ਲਗਾਤਾਰ ਮਿਲਦਾ ਰਹਿੰਦਾ ਹੈ। ਇਨ੍ਹਾਂ ਚਾਰਿਆਂ ਦੀ ਕਟਾਈ ਖੇਤ ਦੇ ਇੱਕ ਪਾਸੇ ਤੋਂ ਸ਼ੁਰੂ ਕਰ ਕੇ ਦੂਜੇ ਪਾਸੇ ਵੱਲ ਜਾਂਦੀ ਹੈ। ਜਦੋਂ ਕਟਾਈ ਖੇਤ ਦੇ ਦੂਜੇ ਸਿਰੇ ਪਹੁੰਚਦੀ ਹੈ ਤਾਂ ਪਹਿਲਾਂ ਕੀਤੀ ਕਟਾਈ ਫੁੱਟ ਆਉਂਦੀ ਹੈ ਤੇ ਵੱਡੀ ਹੋ ਕੇ ਦੁਬਾਰਾ ਕੱਟਣਯੋਗ ਹੋ ਜਾਂਦੀ ਹੈ। ਇਸ ਤਰ੍ਹਾਂ ਇਨ੍ਹਾਂ ਚਾਰਿਆਂ ਤੋਂ ਲਗਾਤਾਰ ਹਰਾ ਚਾਰਾ ਲਿਆ ਜਾਂਦਾ ਹੈ।

ਥੁੜ੍ਹ ਵਾਲੇ ਸਮੇਂ ਹਰਾ ਚਾਰਾ: ਹਾੜ੍ਹੀ ਦੇ ਬਹੁਤੀਆਂ ਕਟਾਈਆਂ ਦੇਣ ਵਾਲੇ ਹਰੇ ਚਾਰਿਆਂ ਤੋਂ ਨਵੰਬਰ-ਦਸੰਬਰ ਵਿਚ ਅਤੇ ਸਾਉਣੀ ਦੇ ਬਹੁਤੀਆਂ ਕਟਾਈਆਂ ਦੇਣ ਵਾਲੇ ਹਰੇ ਚਾਰਿਆਂ ਤੋਂ ਮਈ-ਜੂਨ ਵਿਚ ਹਰਾ ਚਾਰਾ ਮਿਲਦਾ ਹੈ ਜਦੋਂ ਹਰੇ ਚਾਰੇ ਦੀ ਬਹੁਤ ਘਾਟ ਹੁੰਦੀ ਹੈ।

ਇੱਕ ਕਟਾਈ ਵਾਲੇ ਚਾਰੇ: ਮੱਕੀ, ਚਰ੍ਹੀ, ਬਾਜਰਾ, ਗੁਆਰਾ ਤੇ ਰਵਾਂਹ ਸਾਉਣੀ ਦੇ ਅਤੇ ਜਵੀ ਤੇ ਸੇਂਜੀ ਹਾੜ੍ਹੀ ਦੇ ਇੱਕ ਕਟਾਈ ਦੇਣ ਵਾਲੇ ਹਰੇ ਚਾਰੇ ਹਨ। ਇਕ ਕਟਾਈ ਦੇਣ ਵਾਲੇ ਚਾਰਿਆਂ ਨੂੰ ਬੀਜ ਕੇ ਵੀ ਹੇਠ ਲਿਖੇ ਅਨੁਸਾਰ ਸਾਰਾ ਸਾਲ ਹਰਾ ਚਾਰਾ ਲਿਆ ਜਾ ਸਕਦਾ ਹੈ। ਥੋੜ੍ਹਾ ਸਮਾਂ ਲੈਣ ਵਾਲੇ ਚਾਰੇ (ਮੱਕੀ, ਬਾਜਰਾ, ਰਵਾਂਹ) ਬੀਜਣੇ ਚਾਹੀਦੇ ਹਨ। ਇੱਕ ਖੇਤ ਵਿਚੋਂ ਇੱਕ ਸਾਲ ਵਿਚ ਮੱਕੀ ਅਤੇ ਬਾਜਰੇ ਦੀਆਂ ਤਿੰਨ ਫ਼ਸਲਾਂ ਲਈਆਂ ਜਾ ਸਕਦੀਆਂ ਹਨ। ਇਨ੍ਹਾਂ ਚਾਰਿਆਂ (ਮੱਕੀ, ਬਾਜਰਾ ਅਤੇ ਰਵਾਂਹ) ਨੂੰ ਅਗੇਤਾ (ਮਾਰਚ-ਅਪਰੈਲ ਅਤੇ ਪਛੇਤਾ (ਅਗਸਤ-ਸਤੰਬਰ) ਵਿੱਚ ਬੀਜ ਕੇ ਥੁੜ੍ਹ ਵਾਲੇ ਸਮੇਂ ਹਰਾ ਚਾਰਾ ਲਿਆ ਜਾ ਸਕਦਾ ਹੈ। ਇੱਕ ਕਟਾਈ ਦੇਣ ਵਾਲੇ ਚਾਰਿਆਂ ਦੀ ਕਟਾਈ ਦਾ ਢੁਕਵਾਂ ਸਮਾਂ 10-15 ਦਿਨਾਂ ਦਾ ਹੀ ਹੁੰਦਾ ਹੈ। ਇਨ੍ਹਾਂ ਚਾਰਿਆਂ ਨੂੰ ਲੋੜ ਮੁਤਾਬਿਕ 10-15 ਦਿਨਾਂ ਦੇ ਵਕਫ਼ੇ ’ਤੇ ਬੀਜਣਾ ਚਾਹੀਦਾ ਹੈ।

ਮੁੱਖ ਫ਼ਸਲੀ ਚੱਕਰ ਵਿਚ ਚਾਰਾ: ਪੰਜਾਬ ਵਿਚ ਕਣਕ-ਝੋਨਾ ਪ੍ਰਮੁੱਖ ਫ਼ਸਲੀ ਚੱਕਰ ਹੈ। ਕਣਕ ਕੱਟਣ ਤੋਂ ਬਾਅਦ ਅਤੇ ਝੋਨਾ ਲਾਉਣ ਤੋਂ ਪਹਿਲਾਂ, 45-50 ਦਿਨਾਂ ਦਾ ਵਕਫ਼ਾ ਹੁੰਦਾ ਹੈ। ਇਸ ਵੇਲੇ ਚਾਰੇ ਦੀ ਫ਼ਸਲ (ਮੱਕੀ, ਬਾਜਰਾ, ਰਵਾਂਹ) ਬੀਜ ਕੇ ਥੁੜ੍ਹ ਵਾਲੇ ਸਮੇਂ ਮਈ-ਜੂਨ ਵਿਚ ਹਰਾ ਚਾਰਾ ਲਿਆ ਜਾ ਸਕਦਾ ਹੈ ਜਾਂ ਇਸ ਚਾਰੇ ਦਾ ਅਚਾਰ ਬਣਾਇਆ ਜਾ ਸਕਦਾ ਹੈ।

ਬਹੁ-ਫ਼ਸਲੀ ਪ੍ਰਣਾਲੀ ਵਿਚ ਚਾਰਾ: ਬਹੁ-ਫ਼ਸਲੀ ਪ੍ਰਣਾਲੀ ਬਣਾਉਣ ਸਮੇਂ ਵੱਖ-ਵੱਖ ਸਮੇਂ ’ਤੇ ਹਰੇ ਚਾਰੇ ਦੀ ਫ਼ਸਲ ਲੈ ਕੇ, ਵੱਖ-ਵੱਖ ਸਮੇਂ ਹਰਾ ਚਾਰਾ ਪ੍ਰਾਪਤ ਹੁੰਦਾ ਹੈ।

ਵਾਧੂ ਚਾਰੇ ਦੀ ਸੰਭਾਲ: ਦੁਧਾਰੂ ਪਸ਼ੂਆਂ ਨੂੰ ਸਾਰਾ ਸਾਲ ਲਗਾਤਾਰ ਹਰਾ ਚਾਰਾ ਦੇਣਾ ਜ਼ਰੂਰੀ ਹੈ। ਜਦੋਂ ਚਾਰਾ ਲੋੜ ਨਾਲੋਂ ਜ਼ਿਆਦਾ ਹੋਵੇ ਤਾਂ ਇਸ ਨੂੰ ਸੰਭਾਲ ਕੇ ਰੱਖ ਲੈਣਾ ਚਾਹੀਦਾ ਹੈ ਤੇ ਥੁੜ੍ਹ ਵਾਲੇ ਸਮੇਂ ਵਰਤ ਕੇ ਪਸ਼ੂਆਂ ਦੀ 40-50 ਕਿਲੋ ਪ੍ਰਤੀ ਦਿਨ ਲੋੜ ਪੂਰੀ ਕੀਤੀ ਜਾ ਸਕਦੀ ਹੈ। ਵਾਧੂ ਚਾਰੇ ਨੂੰ ਸੰਭਾਲਣ ਲਈ ਇਸ ਦਾ ਅਚਾਰ (ਸਾਈਲੇਜ) ਜਾਂ ਸੁਕਾ ਕੇ (ਹੇਅ ਬਣਾ ਕੇ) ਰੱਖਿਆ ਜਾ ਸਕਦਾ ਹੈ।

ਹਰੇ ਚਾਰੇ ਨੂੰ ਸੁਕਾ ਕੇ (ਹੇਅ) ਰੱਖਣਾ: ਹਰੇ ਚਾਰੇ ਦੀਆਂ ਫ਼ਸਲਾਂ ਜਿਨ੍ਹਾਂ ਵਿਚ ਪ੍ਰੋਟੀਨ ਜ਼ਿਆਦਾ ਤੇ ਨਿਸ਼ਾਸ਼ਤਾ ਘੱਟ ਹੋਵੇ (ਬਰਸੀਮ, ਲੂਸਣ ਸ਼ਫਤਲ ਤੇ ਰਵਾਂਹ) ਸੁਕਾ ਕੇ ਰੱਖਣ ਲਈ ਬਹੁਤ ਢੁੱਕਵੀਆਂ ਹਨ। ਇਨ੍ਹਾਂ ਦੇ ਤਣੇ ਨਰਮ ਹੁੰਦੇ ਹਨ ਜੋ ਜਲਦੀ ਸੁੱਕ ਜਾਂਦੇ ਹਨ। ਇਨ੍ਹਾਂ ਫ਼ਸਲਾਂ ਨੂੰ ਢੁੱਕਵੇਂ ਸਮੇਂ ਤੇ ਕੱਟ ਕੇ 5-8 ਸੈਂਟੀਮੀਟਰ ਮੋਟਾ ਕੁਤਰਾ ਕਰ ਕੇ ਪੱਕੇ ਫਰਸ਼ ਜਾਂ ਪਿੱੜ ਵਿਚ ਸੁਕਾਇਆ ਜਾ ਸਕਦਾ ਹੈ। 

ਹਰੇ ਚਾਰੇ ਦਾ ਅਚਾਰ ਬਣਾਉਣਾ: ਚਾਰੇ  ਦਾ ਅਚਾਰ ਬਣਾਉਣ ਲਈ ਗ਼ੈਰ-ਫਲੀਦਾਰ ਚਾਰੇ ਜਿਵੇਂ ਕਿ ਮੱਕੀ, ਬਾਜਰਾ, ਚਰ੍ਹੀ, ਨੇਪੀਅਰ ਬਾਜਰਾ ਅਤੇ ਜਵੀ ਆਦਿ ਮੁੱਖ ਫ਼ਸਲਾਂ ਹਨ।

ਪਲਾਂਟ ਬਰੀਡਿੰਗ ਤੇ ਜੈਨੇਟਿਕਸ ਵਿਭਾਗ, ਪੀ.ਏ.ਯੂ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune