ਡਾ. ਸੰਗੀਤਾ ਤੂਰ ਬਣੀ ਪਸ਼ੂ ਪਾਲਣ ਵਿਭਾਗ ਦੀ ਪਹਿਲੀ ਮਹਿਲਾ ਡਾਇਰੈਕਟਰ

September 30 2023

ਪੰਜਾਬ ਸਰਕਾਰ ਨੇ ਡਾ. ਸੰਗੀਤਾ ਤੂਰ ਨੂੰ ਪਸ਼ੂ ਪਾਲਣ ਵਿਭਾਗ ਦੀ ਡਾਇਰੈਕਟਰ ਨਿਯੁਕਤ ਕੀਤਾ ਹੈ। ਜਾਣਕਾਰੀ ਅਨੁਸਾਰ ਡਾ. ਸੰਗੀਤਾ ਤੂਰ ਵਿਭਾਗ ਦੀ ਪਹਿਲੀ ਮਹਿਲਾ ਡਾਇਰੈਕਟਰ ਹੋਣਗੇ। ਇਸ ਤੋਂ ਪਹਿਲਾਂ ਉਹ ਸੰਯੁਕਤ ਡਾਇਰੈਕਟਰ ਪਸ਼ੂ ਪਾਲਣ (ਯੋਜਨਾ ਅਤੇ ਵਿਕਾਸ) ਦੇ ਅਹੁਦੇ ’ਤੇ ਕੰਮ ਕਰ ਰਹੇ ਸਨ। ਡਾ. ਤੂਰ ਨੇ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਇਹ ਜ਼ਿੰਮੇਵਾਰੀ ਦੇਣ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਵਿਭਾਗ ਵਿਚ ਚੱਲ ਰਹੇ ਵੱਖ-ਵੱਖ ਪ੍ਰਾਜੈਕਟਾਂ ਨੂੰ ਮੁਕੰਮਲ ਕਰਨ ਦੇ ਨਾਲ-ਨਾਲ ਪੈਂਡਿੰਗ ਪਏ ਮਸਲਿਆਂ ਨੂੰ ਪਹਿਲ ’ਤੇ ਹੱਲ ਕਰਨਾ ਯਕੀਨੀ ਬਣਾਇਆ ਜਾਵੇਗਾ। ਪਸ਼ੂ ਹਸਪਤਾਲਾਂ ਵਿਚ ਮਿਆਰੀ ਦਵਾਈਆਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਵੈਟਰਨਰੀ ਅਫ਼ਸਰਾਂ, ਵੈਟਰਨਰੀ ਇੰਸਪੈਕਟਰਾਂ ਅਤੇ ਹੋਰ ਸਟਾਫ਼ ਦੀਆਂ ਖਾਲੀ ਅਸਾਮੀਆਂ ਨੂੰ ਭਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਡੇਅਰੀ ਫਾਰਮਿੰਗ, ਪੋਲਟਰੀ ਫਾਰਮਿੰਗ, ਬੱਕਰੀ ਪਾਲਣ ਆਦਿ ਦੇ ਖੇਤਰ ਵਿੱਚ ਬਹੁਤ ਸੰਭਾਵਨਾਵਾਂ ਹਨ ਅਤੇ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਕਿਸਾਨਾਂ ਨੂੰ ਮਿਆਰੀ ਵੈਟਰਨਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ। ਡਾ. ਸੰਗੀਤਾ ਤੂਰ ਅਕਤੂਬਰ 1988 ਵਿੱਚ ਪਸ਼ੂ ਪਾਲਣ ਵਿਭਾਗ ਵਿਚ ਤਾਇਨਾਤ ਹੋਏ ਸਨ ਅਤੇ ਦਸੰਬਰ 2022 ’ਚ ਉਨ੍ਹਾਂ ਨੂੰ ਜੁਆਇੰਟ ਡਾਇਰੈਕਟਰ ਦੇ ਅਹੁਦੇ ’ਤੇ ਤਰੱਕੀ ਦਿੱਤੀ ਗਈ। ਉਹ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਤੋਂ ਗ੍ਰੈਜੂਏਟ ਹਨ।

ਸਰੋਤ: ਪੰਜਾਬੀ ਜਾਗਰਣ