ਜੜ੍ਹੀ ਬੂਟੀਆਂ ਤੋਂ ਤਿਆਰ ਕੀਤੀ ਦਵਾਈ ਦਾ ਕੋਵਿਡ ਦੌਰਾਨ ਪਸ਼ੂ ਇਲਾਜ ਵਿਚ ਚਮਤਕਾਰੀ ਫਾਇਦਾ - ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ

May 13 2021

ਜੜ੍ਹੀ ਬੂਟੀਆਂ ਤੋਂ ਤਿਆਰ ਕੀਤੀ ਗਈ ਦਵਾਈ ‘ਸੇਪਿਲ’ ਨੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਪਸ਼ੂਆਂ ਦੇ ਜ਼ਖ਼ਮਾਂ ਦੇ ਇਲਾਜ ਸੰਬੰਧੀ ਚਮਤਕਾਰੀ ਫਾਇਦੇ ਦਿੱਤੇ ਹਨ।

ਇਹ ਔਸ਼ਧੀ ਪ੍ਰੋ. ਵਿਕਾਸ ਗੌਤਮ, ਮੈਡੀਕਲ ਮਾਇਕਰੋਬਾਇਓਲੋਜੀ ਵਿਭਾਗ, ਪੀ ਜੀ ਆਈ ਚੰਡੀਗੜ੍ਹ ਨੇ ਇਕ ਦਹਾਕੇ ਦੀ ਖੋਜ ਬਾਅਦ ਤਿਆਰ ਕੀਤੀ ਹੈ। ਉਨ੍ਹਾਂ ਵਲੋਂ ਤਿਆਰ ਕੀਤੀ ਇਸ ਦਵਾਈ ਨੇ ਪਹਿਲਾਂ ਮਨੁੱਖੀ ਜ਼ਖ਼ਮਾਂ ਦੇ ਇਲਾਜ ਵਿਚ ਬਹੁਤ ਮਾਅਰਕੇ ਵਾਲਾ ਯੋਗਦਾਨ ਪਾਇਆ ਹੈ ਅਤੇ ਹੁਣ ਪਸ਼ੂਆਂ ਲਈ ਵੀ ਬਹੁਤ ਮੁਫ਼ੀਦ ਸਾਬਿਤ ਹੋਈ ਹੈ।

ਇਸ ਦਵਾਈ ਦੇ ਨਤੀਜਿਆਂ ਦੀ ਪ੍ਰਸੰਸਾ ਕਰਦੇ ਹੋਏ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ ਨੇ ਕਿਹਾ ਕਿ ਕੁੱਤਿਆਂ ਦੇ ਜ਼ਖ਼ਮਾਂ ’ਤੇ ਇਸ ਦਵਾਈ ਦੀ ਵਰਤੋਂ ਨੇ ਬਹੁਤ ਅਚੰਭਾ ਭਰਪੂਰ ਫਾਇਦਾ ਦਿੱਤਾ ਹੈ।ਉਨ੍ਹਾਂ ਦੱਸਿਆ ਕਿ ਮਨੁੱਖਾਂ ਵਿਚ ਸਫ਼ਲ ਵਰਤੋਂ ਤੋਂ ਬਾਅਦ ਵੈਟਨਰੀ ਯੂਨੀਵਰਸਿਟੀ ਵਿਖੇ ਇਸ ਦੀ ਵਰਤੋਂ ਨਾਲ ਕੁੱਤਿਆਂ ਦੇ ਜ਼ਖ਼ਮ 6 ਦਿਨਾਂ ਵਿਚ ਹੀ 70-80 ਪ੍ਰਤੀਸ਼ਤ ਠੀਕ ਹੋ ਗਏ।ਉਨ੍ਹਾਂ ਕਿਹਾ ਕਿ ਠੀਕ ਹੋਏ ਜ਼ਖ਼ਮ ਨੂੰ ਵੇਖ ਕੇ ਪਤਾ ਵੀ ਨਹੀਂ ਲਗਦਾ ਕਿ ਇਥੇ ਕੁਝ ਨੁਕਸਾਨ ਹੋਇਆ ਸੀ।ਜ਼ਖ਼ਮ ਦਾ ਨਾ ਕੋਈ ਕੱਟੇ ਦਾ ਨਿਸ਼ਾਨ ਅਤੇ ਨਾ ਦਾਗ ਹੀ ਦਿਸਦਾ ਹੈ ਅਤੇ ਕੁਦਰਤੀ ਵਾਲ ਵੀ ਉਸੇ ਤਰ੍ਹਾਂ ਉੱਗ ਪੈਂਦੇ ਹਨ। ਜ਼ਖ਼ਮੀ ਜਾਨਵਰ ਨੂੰ ਕੋਵਿਡ ਮਹਾਂਮਾਰੀ ਦੇ ਸਮੇਂ ਘੜੀ ਮੁੜੀ ਹਸਪਤਾਲ ਲਿਆਉਣ ਦੀ ਲੋੜ ਵੀ ਨਹੀਂ ਅਤੇ ਮਾਲਕ ਘਰ ਵਿਚ ਹੀ ਉਸ ਦੇ ਜ਼ਖ਼ਮ ਦਾ ਇਲਾਜ ਕਰ ਸਕਦਾ ਹੈ।ਉਨ੍ਹਾਂ ਕਿਹਾ ਕਿ ਇਸ ਦਵਾਈ ਦੇ ਬੜੇ ਦੂਰਰਸੀ ਫਾਇਦੇ ਮਿਲਣਗੇ।

ਡਾ. ਨਵਦੀਪ ਸਿੰਘ, ਮੁਖੀ, ਵੈਟਨਰੀ ਸਰਜਰੀ ਵਿਭਾਗ, ਵੈਟਨਰੀ ਯੂਨੀਵਰਸਿਟੀ ਨੇ ਕਿਹਾ ਕਿ ਵੱਖ-ਵੱਖ ਕੁੱਤਿਆਂ ਦੇ ਜ਼ਖ਼ਮਾਂ ’ਤੇ ਇਸ ਦਵਾਈ ਦਾ ਪ੍ਰਯੋਗ ਕੀਤਾ ਗਿਆ।ਇਕ ਕੁੱਤੇ ਦਾ ਜ਼ਖ਼ਮ ਤਾਂ 05 ਸੈਂਟੀਮੀਟਰ ਚੌੜਾ ਅਤੇ 02 ਸੈਂਟੀਮੀਟਰ ਡੂੰਘਾ ਸੀ, ਜਿਸ ਵਿਚ ਬਹੁਤ ਤੇਜ਼ੀ ਨਾਲ ਆਰਾਮ ਆਇਆ। ਦੂਸਰੇ ਕੁੱਤੇ ਦਾ ਜ਼ਖ਼ਮ ਬਹੁਤ ਵੱਡਾ ਸੀ ਪਰ 40 ਦਿਨ ਦੇ ਇਲਾਜ ਨਾਲ ਉਸ ਕੁੱਤੇ ਦਾ ਜ਼ਖ਼ਮ ਵੀ ਪੂਰਨ ਤੌਰ ’ਤੇ ਠੀਕ ਹੋ ਗਿਆ ਜੋ ਕਿ ਬਹੁਤ ਮੁਸ਼ਕਲ ਲਗਦਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਹੋਰ ਜਾਨਵਰਾਂ ਉਤੇ ਵੀ ਇਸ ਦਵਾਈ ਦੀ ਵਰਤੋਂ ਕਰ ਰਹੇ ਹਾਂ ਜਿਸ ਨਾਲ ਕਿ ਅੰਕੜੇ ਅਤੇ ਨਤੀਜੇ ਹੋਰ ਸਪੱਸ਼ਟ ਕੀਤੇ ਜਾ ਸਕਣ।

ਇਸ ਦਵਾਈ ‘ਸੇਪਿਲ’ ਦੇ ਖੋਜੀ, ਪ੍ਰੋ. ਵਿਕਾਸ ਗੌਤਮ ਨੇ ਕਿਹਾ ਕਿ ਜਿਹੜੇ ਜ਼ਖ਼ਮ ਠੀਕ ਨਹੀਂ ਹੋ ਰਹੇ ਸਨ ਉਨ੍ਹਾਂ ਵਾਸਤੇ ਇਹ ਦਵਾਈ ਬਹੁਤ ਪ੍ਰਭਾਵਕਾਰੀ ਹੱਲ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Krishi Jagran