ਕੁੱਤਿਆਂ ਨੂੰ ਵੀ ਗਰਮੀਆਂ ਵਿਚ ਠੰਡਾ ਵਾਤਾਵਰਣ ਦੇਣਾ ਬਹੁਤ ਜਰੂਰੀ- ਵੈਟਨਰੀ ਮਾਹਿਰ

May 19 2021

ਗਰਮੀਆਂ ਦਾ ਮੌਸਮ ਕੁੱਤੇ ਅਤੇ ਉਸਦੇ ਪਾਲਕ ਲਈ ਇਕੱਠਿਆਂ ਬਾਹਰ ਵਕਤ ਬਿਤਾਉਣ ਜਾਂ ਕਸਰਤ ਕਰਨ ਲਈ ਬੜਾ ਢੁੱਕਵਾਂ ਹੈ ਪਰ ਇਥੇ ਇਸ ਗੱਲ ਦਾ ਖਿਆਲ ਰੱਖਣ ਦੀ ਲੋੜ ਹੈ ਕਿ ਜ਼ਿਆਦਾ ਗਰਮੀ ਵਿਚ ਕੁੱਤੇ ਦੇ ਤਾਪਮਾਨ ਨੂੰ ਸੰਤੁਲਿਤ ਰੱਖਣ ਦੀ ਲੋੜ ਪੈਂਦੀ ਹੈ। ਇਹ ਵਿਚਾਰ ਡਾ. ਚਰਨਜੀਤ ਸਿੰਘ ਰੰਧਾਵਾ, ਮੁਖੀ, ਵੈਟਨਰੀ ਮੈਡੀਸਨ ਵਿਭਾਗ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਗਰਮੀ ਦੇ ਵੱਧਦੇ ਪ੍ਰਭਾਵ ਵਿਚ ਕੁੱਤਿਆਂ ਨੂੰ ਸਿਹਤਮੰਦ ਰੱਖਣ ਲਈ ਸਾਂਝੇ ਕੀਤੇ।

ਉਨ੍ਹਾਂ ਕਿਹਾ ਕਿ ਇਸ ਮੌਸਮ ਵਿਚ ਗਰਮੀ ਦਾ ਦੌਰਾ ਪੈਣਾ ਜਾਂ ਪਾਣੀ ਦੀ ਕਮੀ ਹੋ ਸਕਦੀ ਹੈ। ਕਈ ਵਾਰ ਅਸੀਂ ਕੁੱਤਿਆਂ ਨੂੰ ਗਰਮ ਮੌਸਮ ਵਿਚ ਕਾਰ ਵਿਚ ਛੱਡ ਜਾਂਦੇ ਹਾਂ। ਕਾਰ ਦਾ ਤਾਪਮਾਨ ਬਹੁਤ ਤੇਜ਼ੀ ਨਾਲ ਵੱਧਣ ਲਗਦਾ ਹੈ ਅਤੇ ਭੱਠੀ ਵਾਂਗ ਹੋ ਜਾਂਦਾ ਹੈ। ਇਸ ਲਈ ਕੁੱਤੇ ਨੂੰ ਕਦੀ ਵੀ ਬੰਦ ਕਾਰ ਜਾਂ ਥੋੜ੍ਹੇ ਖੁੱਲੇ ਸ਼ੀਸ਼ਿਆਂ ਵਾਲੀ ਕਾਰ ਵਿਚ ਵੀ ਨਹੀਂ ਛੱਡਣਾ ਚਾਹੀਦਾ।

ਕੁੱਤੇ ਦਾ ਸਰੀਰਕ ਤਾਪਮਾਨ 100.5 ਡਿਗਰੀ ਤੋਂ 102.5 ਫਾਰਨਹੀਟ ਤੱਕ ਰਹਿੰਦਾ ਹੈ। ਇਸ ਤੋਂ ਵੱਧ ਤਾਪਮਾਨ ਗਰਮੀ ਦੇ ਦੌਰੇ ਵਿਚ ਤਬਦੀਲ ਹੋ ਜਾਂਦਾ ਹੈ। ਕੁੱਤਿਆਂ ਨੂੰ ਮਨੁੱਖਾਂ ਵਾਂਗ ਪਸੀਨਾ ਨਹੀਂ ਆਉਂਦਾ ਇਸ ਲਈ ਉਹ ਆਪਣਾ ਤਾਪਮਾਨ ਸਥਿਰ ਰੱਖਣ ਲਈ ਹੌਂਕਣਾ ਸ਼ੁਰੂ ਕਰ ਦਿੰਦੇ ਹਨ। ਜਦੋਂ ਕੁੱਤਾ ਵਧੇਰੇ ਮੂੰਹ ਖੋਲ ਕੇ ਅਤੇ ਤੇਜ਼ ਸਾਹ ਨਾਲ ਕਿਰਿਆ ਕਰ ਰਿਹਾ ਹੋਵੇ ਤਾਂ ਮਾਲਕ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਸਨੂੰ ਠੰਡਿਆਂ ਕਰਨ ਦੀ ਜਾਂ ਪਾਣੀ ਦੇਣ ਦੀ ਜ਼ਰੂਰਤ ਹੈ। ਜ਼ਿਆਦਾ ਬੁਖਾਰ ਹੋਣ ਦੀ ਸੂਰਤ ਵਿਚ ਕੁੱਤੇ ਦੇ ਅੰਗਾਂ ਨੂੰ ਪੱਕੇ ਤੌਰ ’ਤੇ ਨੁਕਸਾਨ ਹੋ ਸਕਦਾ ਹੈ ਅਤੇ ਮੌਤ ਵੀ ਹੋ ਸਕਦੀ ਹੈ।ਗੰਭੀਰ ਹਾਲਤ ਹੋਣ ਤੋਂ ਪਹਿਲਾਂ ਵੈਟਨਰੀ ਡਾਕਟਰ ਦਾ ਮਸ਼ਵਰਾ ਲੈਣਾ ਜ਼ਰੂਰੀ ਬਣ ਜਾਂਦਾ ਹੈ।

ਡਾ. ਰੰਧਾਵਾ ਨੇ ਸੁਝਾਅ ਦਿੱਤਾ ਕਿ ਕਾਰ ਵਿਚ ਕਦੇ ਵੀ ਕੁੱਤੇ ਨੂੰ ਨਾ ਛੱਡੋ। ਬਹੁਤ ਭੱਜ ਦੌੜ ਵਾਲੀ ਕਸਰਤ ਜ਼ਿਆਦਾ ਗਰਮੀ ਵਿਚ ਨਾ ਕਰਵਾਈ ਜਾਏ।ਕੋਸ਼ਿਸ਼ ਕੀਤੀ ਜਾਏ ਕਿ ਛਾਂ ਵਿਚ ਰੁੱਖ ਥੱਲੇ ਰਿਹਾ ਜਾਏ।ਠੰਡਾ ਤਾਜ਼ਾ ਪਾਣੀ ਹਰ ਵੇਲੇ ਕੁੱਤੇ ਦੇ ਕੋਲ ਹੋਣਾ ਚਾਹੀਦਾ ਹੈ।

ਗਰਮੀ ਦਾ ਦੌਰਾ ਪੈਣ ’ਤੇ ਉਸਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਜੇ ਕੁੱਤਾ ਆਨੰਦ ਮਹਿਸੂਸ ਕਰਦਾ ਹੋਵੇ ਤਾਂ ਕਿਸੇ ਟੱਬ ਵਿਚ ਪਾਣੀ ਭਰ ਕੇ ਉਸ ਵਿਚ ਵੀ ਛੱਡਿਆ ਜਾ ਸਕਦਾ ਹੈ। ਮਾਲਕ ਕੋਸ਼ਿਸ਼ ਕਰਨ ਕਿ ਉਨ੍ਹਾਂ ਦਾ ਕੁੱਤਾ ਉਨ੍ਹਾਂ ਦੀ ਨਜ਼ਰ ਦੇ ਸਾਹਮਣੇ ਹੀ ਰਹੇ। ਇੰਝ ਗਰਮੀਆਂ ਵਿਚ ਅਸੀਂ ਆਪਣੇ ਕੁੱਤੇ ਨੂੰ ਖੁਸ਼ੀ ਅਤੇ ਆਨੰਦ ਵਾਲਾ ਮਾਹੌਲ ਦੇ ਸਕਦੇ ਹਾਂ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Krishi Jagran