ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਚਤੰਨ ਸਿੰਘ

June 27 2019

ਬਲਾਕ ਖਰੜ ਦੇ ਪਿੰਡ ਰਾਜੋਮਾਜਰਾ ਦਾ ਕਿਸਾਨ ਚਤੰਨ ਸਿੰਘ (45) ਖੇਤੀਬਾੜੀ ਦੇ ਨਾਲ ਨਾਲ ਸੂਰ ਪਾਲਣ ਦਾ ਸਹਾਇਕ ਧੰਦਾ ਅਪਣਾ ਕੇ ਦੂਜੇ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਹੋਇਆ ਹੈ।

ਕਿਸਾਨ ਚਤੰਨ ਸਿੰਘ ਨੇ ਦੱਸਿਆ ਕਿ ਉਸ ਨੇ 2015 ਵਿੱਚ ਸਰਕਾਰੀ ਸੂਰ ਪ੍ਰਜਣਨ ਕੇਂਦਰ ਛੱਜੂ ਮਾਜਰਾ ਦੇ ਕੇਂਦਰ ਤੋਂ ਸੂਰ ਪਾਲਣ ਦੀ ਸਿਖਲਾਈ ਲੈਣ ਮਗਰੋਂ 10 ਮਾਦਾ ਅਤੇ 2 ਨਰ ਸੂਰਾਂ ਤੋਂ ਇਹ ਸਹਾਇਕ ਧੰਦਾ ਸ਼ੁਰੂ ਕੀਤਾ, ਜਿਸ ਲਈ ਉਸ ਨੇ 70×45 ਫੁੱਟ ਦਾ ਸ਼ੈੱਡ ਬਣਾਇਆ, ਜਿਸ ’ਤੇ ਸਰਕਾਰ ਵੱਲੋਂ ਉਸ ਨੂੰ 25 ਫੀਸਦੀ ਸਬਸਿਡੀ ਦਿੱਤੀ ਗਈ। ਉਸ ਨੇ ਦੱਸਿਆ ਕਿ ਇਸ ਸਮੇਂ ਉਸ ਕੋਲ 20 ਮਾਦਾ ਅਤੇ 2 ਨਰ ਸੂਰ ਹਨ ਅਤੇ ਇਕ ਸੂਰ ਨੂੰ ਦਿਨ ਵਿੱਚ 2 ਕਿਲੋ ਫੀਡ ਚਾਰੀ ਜਾਂਦੀ ਹੈ। 2.5 ਤੋਂ 3 ਮਹੀਨੇ ਦਾ ਬੱਚਾ (ਵਜ਼ਨ ਲਗਪਗ 20 ਕਿਲੋ) ਨੂੰ 3000 ਤੋਂ 3500 ਰੁਪਏ ਤੱਕ ਵੇਚਿਆ ਜਾਂਦਾ ਹੈ ਅਤੇ ਮਾਰਕੀਟਿੰਗ ਲਈ ਬਾਹਰ ਵੀ ਨਹੀਂ ਜਾਣਾ ਪੈਂਦਾ। ਉਸ ਦੇ ਫਾਰਮ ਉੱਪਰ ਹੀ ਸੂਰਾਂ ਦੇ ਖਰੀਦਦਾਰ ਪੁੱਜ ਜਾਂਦੇ ਹਨ। ਉਸ ਨੇ ਦੱਸਿਆ ਕਿ ਉਸ ਨੂੰ ਇਕ ਸਾਲ ਵਿੱਚ 4.5 ਤੋਂ 5 ਲੱਖ ਰੁਪਏ ਦੀ ਆਮਦਨ ਹੋ ਜਾਂਦੀ ਹੈ।

ਚਤੰਨ ਸਿੰਘ ਨੇ ਦੱਸਿਆ ਕਿ ਉਸ ਕੋਲ 10 ਏਕੜ ਜ਼ਮੀਨ ਹੈ, ਜਿਸ ਉਪਰ ਉਸ ਵੱਲੋਂ ਵੱਖ ਵੱਖ ਤਰ੍ਹਾਂ ਦੀਆਂ ਫਸਲਾਂ ਜਿਵੇਂ ਝੋਨਾ, ਕਣਕ, ਆਲੂ, ਪਿਆਜ਼ ਅਤੇ ਮਿਰਚ ਦੀ ਖੇਤੀ ਕੀਤੀ ਜਾਂਦੀ ਹੈ ਤੇ ਸੂਰ ਦੇ ਮਲ-ਮੂਤਰ ਨੂੰ ਗੋਹੇ ਵਾਂਗ ਖਾਦ ਦੇ ਤੌਰ ’ਤੇ ਫਸਲਾਂ ਵਿੱਚ ਵਰਤਿਆ ਜਾਂਦਾ ਹੈ। ਇਸ ਨਾਲ ਰਸਾਇਣਕ ਖਾਦਾਂ ਖਰਚਾ ਵੀ ਘਟਦਾ ਹੈ। ਉਸ ਨੇ ਦੱਸਿਆ ਕਿ ਉਹ ਫਸਲਾਂ ਦੀ ਰਹਿੰਦ-ਖੂੰਹਦ ਨੂੰ ਬਿਨਾਂ ਅੱਗ ਲਾਏ ਖੇਤ ਵਿੱਚ ਦਬਾਅ ਕੇ ਖੇਤੀ ਕਰਦਾ ਹੈ, ਜਿਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਧਦੀ ਹੈ ਅਤੇ ਵਾਤਾਵਰਣ ਵੀ ਪ੍ਰਦੂਸ਼ਿਤ ਨਹੀਂ ਹੁੰਦਾ। ਉਹ ਖੇਤੀਬਾੜੀ ਵਿਭਾਗ ਅਤੇ ਆਤਮਾ ਸਕੀਮ ਅਧੀਨ ਲਾਏ ਜਾਂਦੇ ਕੈਂਪਾਂ ਅਤੇ ਹੋਰ ਵਿਭਾਗੀ ਗਤੀਵਿਧੀਆਂ ਵਿੱਚ ਸਮੇਂ ਸਮੇਂ ਸਿਰ ਭਾਗ ਲੈਂਦਾ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ