ਪਸ਼ੂਆਂ ਨੂੰ ਨਾ ਦਿਓ ਖ਼ਰਾਬ ਤੇ ਬਹੀ ਖ਼ੁਰਾਕ

June 07 2019

ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਵਰਸਿਟੀ ਲੁਧਿਆਣਾ ਦੇ ਵਿਗਿਆਨੀਆਂ ਨੂੰ ਪੰਜਾਬ ਵਿੱਚ ਕਈ ਡੇਅਰੀ ਫਾਰਮਾਂ ਤੇ ਅਚਾਨਕ ਪਸ਼ੂਆਂ ਦੇ ਬਿਮਾਰ ਹੋਣ ਸਬੰਧੀ ਰਿਪੋਰਟਾਂ ਪ੍ਰਰਾਪਤ ਹੋਈਆਂ। ਜਾਣਕਾਰੀ ਦੌਰਾਨ ਪਤਾ ਲੱਗਾ ਕਿ ਇਨ੍ਹਾਂ ਪਸ਼ੂਆਂ ਨੂੰ ਖ਼ਰਾਬ ਸਬਜ਼ੀਆਂ, ਆਲੂ, ਬਹੀਆਂ ਰੋਟੀਆਂ ਤੇ ਪਰਾਲੀ ਖਾਣ ਲਈ ਦਿੱਤੀ ਗਈ ਸੀ। ਇਨ੍ਹਾਂ ਨੂੰ ਕੋਈ ਹਰੇ ਚਾਰੇ ਦੀ ਖ਼ੁਰਾਕ ਨਹੀਂ ਪਾਈ ਗਈ ਸੀ। ਇਸ ਕਾਰਨ ਪਸ਼ੂਆਂ ਚ ਅਧਰੰਗ, ਬਦਹਜ਼ਮੀ, ਸਾਹ ਚ ਰੁਕਾਵਟ ਤੇ ਬੁਖ਼ਾਰ ਵਰਗੀਆਂ ਅਲਾਮਤਾਂ ਉੱਭਰ ਆਈਆਂ।

ਵਰਸਿਟੀ ਦੇ ਪਸ਼ੂ ਬਿਮਾਰੀ ਖੋਜ ਕੇਂਦਰ ਦੇ ਇੰਚਾਰਜ ਡਾ. ਕੁਲਬੀਰ ਸਿੰਘ ਸੰਧੂ ਨੇ ਦੱਸਿਆ ਕਿ ਆਰੰਭਿਕ ਜਾਂਚ ਚ ਸਾਹਮਣੇ ਆਇਆ ਕਿ ਖਰਾਬ ਤੇ ਬਹੀ ਖ਼ੁਰਾਕ ਕਾਰਨ ਪਸ਼ੂਆਂ ਚ ਜ਼ਹਿਰਬਾਦ ਹੋ ਗਿਆ ਸੀ ਜਿਸ ਨਾਲ ਉਹ ਗੰਭੀਰ ਬਿਮਾਰ ਹੋ ਗਏ। ਡਾ. ਸੰਧੂ ਨੇ ਕਿਹਾ ਕਿ ਪਸ਼ੂ ਪਾਲਕਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪਸ਼ੂਆਂ ਨੂੰ ਰੋਟੀਆਂ, ਚੌਲ, ਖ਼ਰਾਬ ਆਲੂ ਤੇ ਸਬਜ਼ੀਆਂ ਖਾਣ ਲਈ ਨਾ ਦੇਣ। ਅਜਿਹੀ ਖੁਰਾਕ ਉਨ੍ਹਾਂ ਲਈ ਘਾਤਕ ਸਾਬਤ ਹੋ ਸਕਦੀ ਹੈ। ਪਸ਼ੂਆਂ ਨੂੰ ਸਦਾ ਤਾਜ਼ਾ ਪੱਠੇ, ਉਨ੍ਹਾਂ ਦੇ ਸਰੀਰ ਤੇ ਲੋੜ ਮੁਤਾਬਕ ਬਣੀ ਖ਼ੁਰਾਕ ਹੀ ਦੇਣੀ ਚਾਹੀਦੀ ਹੈ। ਵੈਟਰਨਰੀ ਵਰਸਿਟੀ ਹਰੇਕ ਉਮਰ, ਜਾਤੀ ਤੇ ਸਥਿਤੀ ਦੇ ਪਸ਼ੂ ਲਈ ਸਹੀ ਖੁਰਾਕ ਬਾਰੇ ਚਾਨਣਾ ਪਾਉਂਦੀ ਰਹਿੰਦੀ ਹੈ। ਜੇ ਕਿਸੇ ਵੀ ਪਸ਼ੂ ਪਾਲਕ ਨੇ ਕੋਈ ਸਲਾਹ ਲੈਣੀ ਹੋਵੇ ਤਾਂ ਵਰਸਿਟੀ ਹਰ ਵੇਲੇ ਉਨ੍ਹਾਂ ਦੀ ਸੇਵਾ ਲਈ ਹਾਜ਼ਰ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਜਾਗਰਣ