ਪਸ਼ੂ ਜਨਮ ਕੰਟਰੋਲ ਸੈਂਟਰ ਦਾ ਨੀਂਹ ਪੱਥਰ ਰੱਖਿਆ

October 24 2019

ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਕੁਮਾਰ ਪਰੀਦਾ ਨੇ ਪਿੰਡ ਰਾਏਪੁਰ ਕਲਾਂ ਵਿਚ ਪਸ਼ੂ ਜਨਮ ਕੰਟਰੋਲ ਸੈਂਟਰ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਾਨਵਰ ਬੋਲ ਨਹੀਂ ਸਕਦੇ ਪਰ ਅਸੀਂ ਉਨ੍ਹਾਂ ਦੀ ਆਵਾਜ਼ ਬਣਾਂਗੇ ਅਤੇ ਉਨ੍ਹਾਂ ਲਈ ਦੇਖਭਾਲ ਕੇਂਦਰਾਂ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵਲੋਂ ਇਥੇ 15 ਏਕੜ ਰਕਬੇ ਵਿੱਚ ਪਸ਼ੂਆਂ ਦੇ ਵਾੜੇ ਦੀ ਵਿਵਸਥਾ ਕੀਤੀ ਗਈ ਹੈ ਅਤੇ ਇਥੇ ਡੇਢ ਏਕੜ ਜ਼ਮੀਨ ਵਿੱਚ ਕੁੱਤਿਆਂ ਦੀ ਦੇਖਭਾਲ ਲਈ ਵੀ ਵੱਖਰੇ ਤੌਰ ’ਤੇ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਨੇ ਨਗਰ ਨਿਗਮ ਨੂੰ ਇਸ ਪ੍ਰਾਜੈਕਟ ਲਈ ਪ੍ਰਸ਼ਾਸਨ ਤੋਂ ਫੰਡ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਮੇਅਰ ਰਾਜੇਸ਼ ਕੁਮਾਰ ਕਾਲੀਆ ਨੇ ਦੱਸਿਆ ਕਿ ਪਸ਼ੂ ਜਨਮ ਕੰਟਰੋਲ ਕੇਂਦਰ ਨਗਰ ਨਿਗਮ ਵਲੋਂ ਉਸਾਰਿਆ ਜਾਵੇਗਾ। ਉਦਘਾਟਨ ਤੋਂ ਪਹਿਲਾਂ ਨਗਰ ਨਿਗਮ ਦੇ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਹਾਜ਼ਰ ਪਤਵੰਤਿਆਂ ਦਾ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਇਸ ਕੇਂਦਰ ਵਿੱਚ ਹਸਪਤਾਲ, ਲੈਬਾਰਟਰੀ, ਰਸੋਈ, ਪਾਰਕਿੰਗ ਏਰੀਆ ਸਮੇਤ 10 ਤੋਂ 12 ਵਰਕਰਾਂ ਦੇ ਰਹਿਣ ਲਈ ਥਾਂ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਕੇਂਦਰ ਦੀ ਉਸਾਰੀ ਇਕ ਸਾਲ ਵਿਚ ਕੀਤੀ ਜਾਵੇਗੀ। ਨਿਗਮ ਦੇ ਸੀਨੀਅਰ ਡਿਪਟੀ ਮੇਅਰ ਹਰਦੀਪ ਸਿੰਘ ਬੁਟੇਰਲਾ ਨੇ ਦੱਸਿਆ ਕਿ ਫਿਲਹਾਲ ਚੰਡੀਗੜ੍ਹ ਦੇ ਸੈਕਟਰ 38 ਵਿੱਚ ਇਸ ਤਰ੍ਹਾਂ ਦਾ ਇੱਕ ਹੀ ਸੈਂਟਰ ਹੈ ਅਤੇ ਰਾਏਪੁਰ ਕਲਾਂ ਵਿੱਚ ਬਣਨ ਵਾਲੇ ਇਸ ਨਵੇਂ ਸੈਂਟਰ ਨਾਲ ਕੁੱਤਿਆਂ ਦੀ ਨਸਬੰਦੀ ਤੇ ਹੋਰ ਇਲਾਜ ਨੂੰ ਲੈਕੇ ਸ਼ਹਿਰ ਨੂੰ ਦੋ ਜ਼ੋਨਾਂ ਵਿੱਚ ਵੰਡਿਆ ਜਾਵੇਗਾ। ਸਮਾਗਮ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਦੇ ਪ੍ਰਮੁੱਖ ਸਕੱਤਰ (ਗ੍ਰਹਿ) ਅਰੁਣ ਕੁਮਾਰ ਗੁਪਤਾ, ਨਿਗਮ ਦੇ ਵਧੀਕ ਕਮਿਸ਼ਨਰ ਐੱਸਕੇ ਜੈਨ, ਕੌਂਸਲਰ ਗੁਰਬਕਸ਼ ਕੌਰ ਰਾਵਤ, ਅਨਿਲ ਕੁਮਾਰ ਦੂਬੇ ਹਾਜ਼ਰ ਸਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ