ਪਰਾਲੀ ਸਾੜਨ ਤੋਂ ਬਿਨਾਂ ਫ਼ਸਲਾਂ ਦਾ ਵਧ ਝਾੜ ਲੈ ਰਿਹਾ ਹੈ ਪਿੰਡ ਗੁੰਨੋਮਾਜਰਾ ਦਾ ਕਿਸਾਨ ਕੁਲਵਿੰਦਰ ਸਿੰਘ

September 24 2019

ਪਿੰਡ ਗੁੰਨੋਮਾਜਰਾ ਦਾ ਕਿਸਾਨ ਕੁਲਵਿੰਦਰ ਸਿੰਘ ਪਿਛਲੇ ਪੰਜ ਸਾਲਾਂ ਤੋਂ ਪਰਾਲੀ ਫੂਕੇ ਬਿਨਾਂ ਫ਼ਸਲਾਂ ਦੀ ਬਿਜਾਈ ਕਰਕੇ ਜਿੱਥੇ ਚੰਗਾ ਝਾੜ ਲੈ ਰਿਹਾ ਹੈ, ਉਥੇ ਹੀ ਵਾਤਾਵਰਨ ਦੀ ਸਾਂਭ-ਸੰਭਾਲ ਵਿਚ ਵੀ ਆਪਣਾ ਯੋਗਦਾਨ ਪਾ ਰਿਹਾ ਹੈ। ਆਧੁਨਿਕ ਖੇਤੀ ਮਸ਼ੀਨਰੀ ਦੀ ਵਰਤੋਂ ਨਾਲ ਪਰਾਲੀ ਜ਼ਮੀਨ ਵਿਚ ਖਪਾਉਣ ਸਦਕਾ ਉਸ ਦੀ ਜ਼ਮੀਨ ਦੀ ਉਪਜਾਊ ਸ਼ਕਤੀ, ਫ਼ਸਲਾਂ ਦੇ ਝਾੜ ਅਤੇ ਆਮਦਨ ਵਿਚ ਚੌਖਾ ਵਾਧਾ ਹੋਇਆ ਹੈ। ਹੋਰਨਾਂ ਕਿਸਾਨਾਂ ਲਈ ਮਿਸਾਲ ਬਣਿਆ ਕਿਸਾਨ ਕੁਲਵਿੰਦਰ ਸਿੰਘ ਆਪਣੀ 18 ਏਕੜ ਜ਼ਮੀਨ ਵਿਚ ਪਰਾਲੀ ਜ਼ਮੀਨ ਵਿਚ ਹੀ ਖਪਾ ਕੇ ਖੇਤੀ ਕਰਦਾ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਸਬਸਿਡੀ ਤੇ ਮੁਹੱਈਆ ਕਰਵਾਈ ਗਈ ਆਧੁਨਿਕ ਮਸ਼ੀਨਰੀ ਨਾਲ ਉਹ ਪਰਾਲੀ ਨੂੰ ਖੇਤਾਂ ਵਿਚ ਹੀ ਖਪਾਉਂਦਾ ਹੈ। ਇਸ ਨੌਜਵਾਨ ਨੇ ਭਲਾਈ ਕਲੱਬ ਨਾਂਅ ਦਾ ਇਕ ਕਿਸਾਨ ਗਰੁੱਪ ਵੀ ਬਣਾਇਆ ਹੋਇਆ ਹੈ, ਜਿਸ ਰਾਹੀਂ ਕਿਸਾਨਾਂ ਨੂੰ ਪਰਾਲੀ ਅਤੇ ਹੋਰਨਾਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਅਤੇ ਨਾਲ ਹੀ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਸਬਸਿਡੀ ਤੇ ਦਿੱਤੀ ਗਈ ਆਧੁਨਿਕ ਮਸ਼ੀਨਰੀ ਵੀ ਮੁਹੱਈਆ ਕਰਵਾਉਂਦਾ ਹੈ। ਕਿਸਾਨ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਆਧੁਨਿਕ ਸੰਦਾਂ ਨਾਲ ਪਰਾਲੀ ਖੇਤਾਂ ਵਿਚ ਹੀ ਰਲ ਜਾਂਦੀ ਹੈ, ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਫ਼ਸਲਾਂ ਦੇ ਝਾੜ ਵਿਚ ਚੌਖਾ ਵਾਧਾ ਹੁੰਦਾ ਹੈ। ਮੁੱਖ ਖੇਤੀਬਾੜੀ ਅਫ਼ਸਰ ਹਰਪਾਲ ਸਿੰਘ ਨੇ ਵੀ ਕੁਲਵਿੰਦਰ ਸਿੰਘ ਦਾ ਸ਼ਲਾਘਾ ਕਰਦਿਆਂ ਕਿਹਾ ਕਿ ਹੋਰਨਾਂ ਕਿਸਾਨਾਂ ਨੂੰ ਵੀ ਵਿਭਾਗ ਵਲੋਂ ਚਲਾਈਆਂ ਗਈਆਂ ਸਕੀਮਾਂ ਦਾ ਲਾਭ ਲੈਂਦਿਆਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਜ਼ਮੀਨ ਚ ਹੀ ਖਪਾਉਣਾ ਚਾਹੀਦਾ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਅਜੀਤ