ਨਵੀਂ ਤਕਨੀਕ ਨਾਲ ਆਲੂਆਂ ਦਾ ਜਾਅਲੀ ਬੀਜ ਫੜਨਾ ਹੋਇਆ ਆਸਾਨ

February 11 2020

ਆਲੂਆਂ ਦਾ ਬੀਜ ਤਿਆਰ ਕਰਨ ਵਾਲੇ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਰਾਹਤ ਮਿਲੀ ਹੈ। ਪੰਜਾਬ ਦੇ ਆਲੂਆਂ ਦਾ ਬੀਜ ਹੋਰ ਕੋਈ ਤਿਆਰ ਨਹੀਂ ਕਰ ਸਕੇਗਾ ਅਤੇ ਜਾਅਲੀ ਬੀਜ ਤਿਆਰ ਕਰਨ ਵਾਲੇ ਫੜੇ ਜਾ ਸਕਣਗੇ। ਇਸ ਤਕਨੀਕ ਦਾ ਨਾਂ ਬਲਾਕ ‘ਚੇਨ ਤਕਨਾਲੋਜੀ’ ਹੈ। ਜਾਣਕਾਰੀ ਅੁਨਸਾਰ ਪੰਜਾਬ ਦੇ ਆਲੂਆਂ ਦੇ ਬੀਜ ਨੂੰ ਦੇਸ਼ ਭਰ ਵਿਚ ਸਭ ਤੋਂ ਵਧੀਆ ਬੀਜ ਮੰਨਿਆ ਜਾਂਦਾ ਹੈ। ਪੰਜਾਬ ਦੇ ਆਲੂਆਂ ਦਾ ਬੀਜ ਦੇਸ਼ ਭਰ ’ਚੋਂ ਸਿਖਰ ’ਤੇ ਹੈ ਤੇ ਕਿਸੇ ਹੋਰ ਸੂਬੇ ਦਾ ਬੀਜ ਇਸ ਦੇ ਮੁਕਾਬਲੇ ਟਿਕ ਨਹੀਂ ਸਕਦਾ ਪਰ ਪਿਛਲੇ ਸਮੇਂ ਵਿਚ ਪੰਜਾਬ ਦੇ ਆਲੂਆਂ ਦੇ ਬੀਜ ਦੇ ਨਾਂ ’ਤੇ ਕਾਫੀ ਮਾਤਰਾ ਵਿਚ ਜਾਅਲੀ ਬੀਜ ਦੂਜੇ ਸੂਬਿਆਂ ਨੂੰ ਵੇਚਿਆ ਜਾ ਰਿਹਾ ਸੀ ਪਰ ਇਸ ਦੀ ਪਛਾਣ ਕਰਨਾ ਚੁਣੌਤੀ ਬਣਿਆ ਹੋਇਆ ਸੀ। ਪੰਜਾਬ ਦੇ ਖੇਤੀਬਾੜੀ ਵਿਭਾਗ ਨੇ ਕਰੋਪਿਨ ਕੰਪਨੀ ਦੀ ਮਦਦ ਨਾਲ ਬਲਾਕ ਚੇਨ ਤਕਨਾਲੋਜੀ ਵਿਕਸਤ ਕੀਤੀ ਹੈ, ਜਿਸ ਨਾਲ ਇਸ ਗੱਲ ਦਾ ਆਸਾਨੀ ਨਾਲ ਪਤਾ ਲਾਇਆ ਜਾ ਸਕੇਗਾ ਕਿ ਪੰਜਾਬ ਦੇ ਕਿਸ ਕਿਸਾਨ ਨੇ ਕਿਹੜੇ ਖੇਤ ਵਿਚ ਬੀਜ ਤਿਆਰ ਕੀਤਾ ਹੈ। ਉਸ ਨੂੰ ਤਿਆਰ ਕਰਨ ’ਚ ਕਿਹੜੀਆਂ ਕਿਹੜੀਆਂ ਦਵਾਈਆਂ ਅਤੇ ਖਾਦਾਂ ਦੀ ਵਰਤੋਂ ਕੀਤੀ ਗਈ ਹੈ। ਜਲੰਧਰ ਦੇ ਕਿਸਾਨ ਪਵਨਜੋਤ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਇਸ ਤਕਨੀਕ ਨੂੰ ਇਕ ਪਾਇਲਟ ਪ੍ਰਾਜੈਕਟ ਦੇ ਤੌਰ ’ਤੇ ਲਾਗੂ ਕੀਤਾ ਗਿਆ ਹੈ ਤੇ 36 ਕਿਸਾਨ ਦੋ ਹਜ਼ਾਰ ਏਕੜ ਵਿੱਚ ਆਲੂਆਂ ਦਾ ਬੀਜ ਤਿਆਰ ਕਰ ਰਹੇ ਹਨ। ਇਸ ਤਕਨੀਕ ਨਾਲ ਦੇਸ਼ ਦੇ ਕਿਸੇ ਕੋਨੇ ਵਿਚ ਭੇਜੇ ਗਏ ਬੀਜ ਦੀ ਪਰਖ ਕੀਤੀ ਜਾ ਸਕੇਗੀ। ਇਸ ਨਾਲ ਪਤਾ ਲਾਇਆ ਜਾ ਸਕੇਗਾ ਕਿ ਬੀਜ ਕਿਹੜੇ ਹਿੱਸੇ ’ਚੋਂ ਆਇਆ ਹੈ ਤੇ ਕਿਸ ਕਿਸਾਨ ਨੇ ਤਿਆਰ ਕੀਤਾ ਹੈ।


ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ