ਨਰਮੇ ਨੂੰ ਉਤਸ਼ਾਹਤ ਕਰਨ ਲਈ ਵਿਆਪਕ ਯੋਜਨਾ

May 13 2019

ਪੰਜਾਬ ਖੇਤੀਬਾੜੀ ਵਿਭਾਗ ਨੇ ਨਰਮਾ-ਕਪਾਹ ਖੇਤੀ ਨੂੰ ਉਤਸ਼ਾਹਤ ਕਰਨ ਲਈ ਵਿਆਪਕ ਯੋਜਨਾ ਉਲੀਕੀ ਹੈ। ਸੂਬਾ ਸਰਕਾਰ ਨੇ ਕਿਸਾਨਾਂ ਨੂੰ ਨਰਮਾ ਖੇਤੀ ਲਈ ਉੱਚੇ ਖੇਤਾਂ ਤਕ ਪਾਣੀ ਪਹੁੰਚਾਉਣ ਲਈ ਤੁਪਕਾ ਸਿੰਜਾਈ ਪ੍ਰਾਜੈਕਟ ’ਤੇ 80 ਫ਼ੀਸਦੀ ਉਪਦਾਨ ਦੇਣ ਦਾ ਫ਼ੈਸਲਾ ਲਿਆ ਹੈ।

ਸੂਬੇ ਦੇ ਖੇਤੀ ਸਕੱਤਰ ਤੇ ਕਿਸਾਨ ਭਲਾਈ ਵਿਭਾਗ ਅਤੇ ਡਾਇਰੈਕਟਰ ਮਿਸ਼ਨ ਤੰਦਰੁਸਤ ਪੰਜਾਬ ਡਾ. ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਰਾਜ ਸਰਕਾਰ ਨੇ ਕਿਸਾਨਾਂ ਨੂੰ ਆਧੁਨਿਕ ਸਿੰਜਾਂਈ ਤੇ ਹੋਰ ਸਹੂਲਤਾਂ ਦੇਣ ਲਈ ਵਿਸ਼ੇਸ਼ ਯੋਜਨਾਵਾਂ ਤਿਆਰ ਕੀਤੀਆਂ ਹਨ। ਇੰਨ੍ਹਾਂ ਯੋਜਨਾਵਾਂ ਨੂੰ ਕਿਸਾਨਾਂ ਦੇ ਸਹਿਯੋਗ ਨਾਲ ਹੀ ਸਹੀ ਢੰਗ ਨਾਲ ਹੀ ਲਾਗੂ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜੋ ਕਿਸਾਨ ਪਾਣੀ ਦੀ ਕਿੱਲਤ ਅਤੇ ਜ਼ਮੀਨਦੋਜ਼ ਖਾਰੇ ਪਾਣੀ ਕਾਰਨ ਨਿਰਾਸ਼ ਸਨ ਉਨ੍ਹਾਂ ਕਿਸਾਨਾਂ ਨੂੰ ਪ੍ਰਦਰਸ਼ਨੀ ਪਲਾਂਟ ਲਗਾ ਕੇ ਦੁਬਾਰਾ ਨਰਮੇ-ਕਪਾਹ ਦੀ ਖੇਤੀ ਵੱਲ ਪ੍ਰੇਰਿਤ ਕੀਤਾ ਜਾਵੇਗਾ।

ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ. ਸੁਤੰਤਰ ਕੁਮਾਰ ਐਰੀ ਨੇ ਕਿਹਾ ਕਿ ਪੰਜਾਬ ’ਚ ਨਰਮਾ ਕਪਾਹ ਬਿਜਾਈ ਦਾ ਟੀਚਾ 3 ਲੱਖ ਤੋਂ ਵਧਾ ਕੇ 4 ਲੱਖ ਹੈਕਟੇਅਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੂਬੇ ’ਚ ਸਰਕਾਰੀ ਬੀਜ ਫ਼ਾਰਮਾਂ ਵਿੱਚ 5 ਏਕੜ ਜ਼ਮੀਨ ਵਿੱਚ ਤੁਪਕਾ ਸਿੰਜਾਈ ਤਕਨੀਕ ਤਹਿਤ ਕਪਾਹ ਦੇ ਪ੍ਰਦਰਸ਼ਨੀ ਪਲਾਂਟ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਲਗਾਏ ਜਾਣਗੇ। ਇਸ ਪ੍ਰਾਜੈਕਟ ਬਾਰੇ ਖੇਤੀ ਮਾਹਰ ਰਾਜ ਪੁਰਸਕਾਰ ਵਿਜੇਤਾ ਡਾ. ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਖੇਤੀ ਸਕੱਤਰ ਡਾ. ਕਾਹਨ ਸਿੰਘ ਪੰਨੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡ ਮਿਰਾਨ, ਜਿਲ੍ਹਾ ਹਿਸਾਰ (ਹਰਿਆਣਾ) ਵਿੱਚ ਨਰਮੇ ਦੀ ਖੇਤੀ ਲਈ ਤੁਪਕਾ ਸਿੰਜਾਈ ਦਾ ਜਾਇਜ਼ਾ ਲਿਆ। ਉਨ੍ਹਾਂ ਖੁਦ ਵੀ ਆਪਣੇ ਫ਼ਾਰਮ ’ਚ 10 ਏਕੜ ’ਚ ਨਰਮਾ ਕਪਾਹ ਪੱਟੀ ਲਈ ਇਹ ਤਕਨੀਕ ਅਪਣਾਈ ਹੈ। ਉਨ੍ਹਾਂ ਦੱਸਿਆ ਕਿ ਇਸ ਤਕਨੀਕ ਨਾਲ ਪਾਣੀ ਦੀ ਲਾਗਤ ਬਹੁਤ ਘੱਟ ਹੁੰਦੀ ਹੈ ਅਤੇ ਮੀਂਹ ਨਾਲ ਨਰਮਾ ਕਰੰਡ ਹੋਣ ਦਾ ਖ਼ਤਰਾ ਵੀ ਘੱਟ ਜਾਂਦਾ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ