ਨਰਮੇ ਦੀ ਬਿਜਾਈ ਲਈ ਖੇਤ ਤਿਆਰ ਕਰਨ ਲੱਗੇ ਕਿਸਾਨ

May 01 2019

ਕਣਕ ਦੀ ਕਟਾਈ ਬਾਅਦ ਵਿਹਲੇ ਹੋਏ ਖੇਤਾਂ ਨੂੰ ਕਿਸਾਨਾਂ ਨੇ ਨਰਮੇ ਦੀ ਬਿਜਾਈ ਲਈ ਤਿਆਰ ਕਰਨਾ ਸ਼ਰੂ ਕਰ ਦਿੱਤਾ ਹੈ। ਕਿਸਾਨਾਂ ਨੇ ਤੂੜੀ ਬਣਾ ਕੇ ਵਿਹਲੇ ਹੋਏ ਕੁੱਝ ਖੇਤਾਂ ’ਚ ਸਿੰਜਾਈ ਸ਼ੁਰੂ ਕਰ ਦਿੱਤੀ ਹੈ ਅਤੇ ਬਾਕੀ ਖੇਤਾਂ ਨੂੰ ਸੁੱਕੇ ਵਾਹ ਕੇ ਕਣਕ ਦੇ ਕਰਚੇ ਵਿੱਚੇ ਦੱਬਣੇ ਸ਼ੁਰੂ ਕੀਤੇ ਹੋਏ ਹਨ । ਪਿੰਡ ਜਟਾਣਾ ਖੁਰਦ ਦੇ ਕਿਸਾਨ ਅਵਤਾਰ ਸਿੰਘ ਨੇ ਦੱਸਿਆ ਕਿ ਵੱਡੇ ਦਿਨ ਅਤੇ ਉੱਚੇ ਤਾਪਮਾਨ ਕਰਕੇ ਨਰਮੇ ਦੀ ਬਿਜਾਈ ਲਈ ਪਾਣੀ ਲਗਾਏ ਖੇਤਾਂ ਦੀ ਵੱਤਰ ਤੀਸਰੇ ਦਿਨ ਹੀ ਆ ਜਾਂਦੀ ਹੈ। ਉਨ੍ਹਾਂ ਦੱਸਿਆ ਉਨ੍ਹਾਂ ਦੇ ਪਿੰਡ ਵਿੱਚ ਪੰਜਾਹ ਏਕੜ ਦੇ ਕਰੀਬ ਨਰਮੇ ਦੀ ਅਗੇਤੀ ਬਿਜਾਈ ਹੋ ਚੁੱਕੇ ਹੈ ਅਤੇ ਅਗਲੇ ਦੋ ਕੁ ਦਿਨਾਂ ਦੇ ਦੌਰਾਨ ਦੋ ਸੌ ਏਕੜ ਦੇ ਕਰੀਬ ਨਰਮਾ ਬਿਜਾਈ ਹੋਣ ਦੀ ਆਸ ਹੈ। ਪਿੰਡ ਲਾਲਿਆਂ ਵਾਲੀ ਦੇ ਕਿਸਾਨ ਗੁਰਜੀਤ ਸਿੰਘ ਅਤੇ ਜਗਦੀਪ ਸਿੰਘ ਨੇ ਦੱਸਿਆ ਕਿ ਮਾਰਚ ਅਤੇ ਅਪਰੈਲ ਮਹੀਨੇ ਨਰਮੇ ਦੇ ਭਾਅ ’ਚ ਆਈ ਭਾਰੀ ਤੇਜ਼ੀ ਕਾਰਨ ਇਸ ਵਾਰ ਕਿਸਾਨ ਨਰਮੇ ਹੇਠ ਰਕਬਾ ਵਧਾਉਣਗੇ। ਅਪਰੈਲ ਮਹੀਨੇ ਦੇ ਅੰਤ ਅਤੇ ਮਈ ਦੇ ਪਹਿਲੇ ਹਫ਼ਤੇ ਬੀਜੀ ਗਈ ਨਰਮੇ ਦੀ ਫਸਲ ਪੰਜ ਕੁ ਦਿਨਾਂ ਬਾਅਦ ਹੀ ਪੁੰਗਰ ਪੈਂਦੀ ਹੈ।ਸਰਕਾਰ ਨੇ ਹਰ ਕੰਪਨੀ ਦੇ ਬੀਜ ਦਾ ਇੱਕੋ ਮੁੱਲ 730 ਰੁਪਏ ਨਿਸ਼ਚਿਤ ਕਰ ਦਿੱਤਾ ਹੈ। ਇਸ ਤਰੀਕੇ ਇਸ ਵਾਰ ਕਿਸਾਨ ਨਕਲੀ ਅਤੇ ਮਹਿੰਗੇ ਬੀਜ ਦੀ ਲੁੱਟ ਤੋਂ ਬਚੇ ਰਹਿਣਗੇ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ