ਦੁਨੀਆ ਦੀ ਸਭ ਤੋਂ ਵੱਡੀ ਰਿਟੇਲ ਕੰਪਨੀ ਛੋਟੇ ਕਿਸਾਨਾਂ ਦੀ ਕਰੇਗੀ ਮਦਦ !

August 29 2019

ਪਰਚੂਨ ਕਾਰੋਬਾਰ ਕਰਨ ਵਾਲੀ ਵਾਲਮਾਰਟ ਦੀ ਇਕਾਈ ਵਾਲਮਾਰਟ ਫਾਊਂਡੇਸ਼ਨ ਨੇ ਛੋਟੇ ਕਿਸਾਨਾਂ ਦੀ ਮਦਦ ਲਈ ਕਰੀਬ 34 ਕਰੋੜ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਹੈ। ਇਹ ਰਕਮ ਖੇਤੀਬਾੜੀ ਤਕਨਾਲੋਜੀ ਦੀ ਪਹੁੰਚ, ਟਿਕਾਊ ਖੇਤੀਬਾੜੀ ਦੀਆਂ ਗਤੀਵਿਧੀਆਂ ਬਾਰੇ ਸਿਖਲਾਈ ਲਈ ਛੋਟੇ ਧਾਰਕਾਂ ਵਾਲੇ ਕਿਸਾਨਾਂ ਨੂੰ ਦਿੱਤੀ ਗਈ ਹੈ। ਵਾਲਮਾਰਟ ਫਾਉਂਡੇਸ਼ਨ ਦੇ ਪ੍ਰਧਾਨ ਅਤੇ ਈਵੀਪੀ (ਕਾਰਜਕਾਰੀ ਉਪ ਪ੍ਰਧਾਨ) ਕੈਥਲੀਨ ਮੈਕਲੌਫਲਿਨ ਨੇ ਮੰਗਲਵਾਰ ਨੂੰ ਇਕ ਸਮਾਗਮ ਵਿਚ ਕਿਹਾ ਕਿ  48 ਲੱਖ ਦੀ ਗਰਾਂਟ ਦੋ ਕੰਪਨੀਆਂ- ਡਿਜੀਟਲ ਗ੍ਰੀਨ ਅਤੇ ਟੈਕਨੋਸਰਵ ਨੂੰ ਦਿੱਤੀ ਜਾਵੇਗੀ।

ਇਹ ਦੋਵੇਂ ਕੰਪਨੀਆਂ ਛੋਟੀਆਂ ਧਾਰਕਾਂ ਵਾਲੇ ਕਿਸਾਨਾਂ ਨੂੰ ਖੇਤੀਬਾੜੀ ਤਕਨਾਲੋਜੀ ਦੀ ਪਹੁੰਚ, ਟਿਕਾਊ ਖੇਤੀਬਾੜੀ ਗਤੀਵਿਧੀਆਂ ਬਾਰੇ ਸਿਖਲਾਈ, ਸੰਗਠਿਤ ਬਾਜ਼ਾਰਾਂ ਵਿਚ ਬਿਹਤਰ ਪਹੁੰਚ ਅਤੇ ਕਿਸਾਨੀ ਉਤਪਾਦਕ ਸੰਸਥਾਵਾਂ (ਐੱਫ ਪੀ ਓ) ਦੇ ਹੁਨਰ ਅਤੇ ਸਮਰੱਥਾ ਦੇ ਵਿਕਾਸ ਵਿਚ ਸਹਾਇਤਾ ਲਈ ਦਿੱਤੀਆਂ ਗਈਆਂ ਹਨ। ਕੰਪਨੀ ਦੇ ਬਿਆਨ ਅਨੁਸਾਰ ਇਹ ਗ੍ਰਾਂਟ ਪਿਛਲੇ ਸਾਲ ਸਤੰਬਰ ਵਿਚ ਵਾਲਮਾਰਟ ਫਾਉਂਡੇਸ਼ਨ ਦੁਆਰਾ ਐਲਾਨੇ 25 ਮਿਲੀਅਨ ਡਾਲਰ (180 ਕਰੋੜ ਰੁਪਏ) ਦੀ ਸਹਾਇਤਾ ਦਾ ਹਿੱਸਾ ਹੈ।

ਕਿਸਾਨਾਂ ਦੀ ਰੋਜ਼ੀ-ਰੋਟੀ ਨੂੰ ਬਿਹਤਰ ਬਣਾਉਣ ਲਈ ਕੰਪਨੀ ਨੇ ਅਗਲੇ ਪੰਜ ਸਾਲਾਂ ਵਿਚ 180 ਕਰੋੜ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ। ਇਸ ਐਲਾਨ ਦੇ ਨਾਲ ਵਾਲਮਾਰਟ ਫਾਉਂਡੇਸ਼ਨ ਨੇ 25 ਮਿਲੀਅਨ ਡਾਲਰ ਵਿਚੋਂ 10 ਮਿਲੀਅਨ ਡਾਲਰ ਦਾ ਯੋਗਦਾਨ ਪਾਇਆ ਹੈ। ਇਸ ਨਾਲ ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਉੱਤਰ ਪ੍ਰਦੇਸ਼ ਵਿਚ 81,000 ਤੋਂ ਵੱਧ ਕਿਸਾਨਾਂ ਦੇ ਸਕਾਰਾਤਮਕ ਤੌਰ ’ਤੇ ਪ੍ਰਭਾਵਤ ਹੋਣ ਦੀ ਉਮੀਦ ਹੈ।

ਵਾਲਮਾਰਟ ਇੰਡੀਆ ਨੇ ਵੀ 2023 ਤੱਕ ਆਪਣੀਆਂ ਦੁਕਾਨਾਂ ਵਿਚ ਵੇਚੇ ਜਾਣ ਵਾਲੇ ਉਤਪਾਦਾਂ 25 ਫ਼ੀਸਦੀ ਛੋਟੇ ਕਿਸਾਨਾਂ ਤੋਂ ਸਿੱਧੇ ਖਰੀਦਣ ਦਾ ਵੀ ਐਲਾਨ ਕੀਤਾ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਰੋਜ਼ਾਨਾ ਸਪੋਕੇਸਮੈਨ