ਠੰਢ ਤੇ ਬਰਸਾਤ ਕਾਰਨ ਆਲੂ ਦੀ ਫਸਲ ਦਾ ਨੁਕਸਾਨ, ਹੋ ਸਕਦਾ ਹੈ ਮਹਿੰਗਾ

January 06 2020

ਦਸੰਬਰ ਵਿਚ ਤਿੰਨ ਚਾਰ ਦਿਨ ਲਗਾਤਾਰ ਬਾਰਿਸ਼ ਦੇ ਕਾਰਨ ਚਾਹੇ ਖੇਤਾਂ ਵਿਚ ਲੱਗੇ ਆਲੂ ਖ਼ਰਾਬ ਹੋਣ ਦਾ ਖਤਰਾ ਟਲ ਗਿਆ ਹੈ ਪਰ ਜਨਵਰੀ ਵਿਚ ਬਾਰਿਸ਼ ਅਤੇ ਕੋਹਰੇ ਕਾਰਨ ਹੁਣ ਆਲੂ ‘ਤੇ ਨਵਾਂ ਖਤਰਾ ਮੰਡਰਾਉਣ ਲੱਗਿਆ ਹੈ। ਇਸ ਨੂੰ ਲੈ ਕੇ ਕਿਸਾਨਾਂ ਨੂੰ ਚਿੰਤਾ ਸਤਾਉਣ ਲੱਗੀ ਹੈ। ਮੌਸਮ ਵਿਭਾਗ ਵੱਲੋਂ ਅਗਲੇ ਹਫਤੇ ਬਾਰਿਸ਼ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਕਿਸਾਨਾਂ ਨੇ ਵੀ ਖੇਤ ਵਿਚੋਂ ਪਾਣੀ ਕੱਢਣ ਲਈ ਯੋਜਨਾ ਬਣ ਲਈ ਹੈ।

ਬਾਰਿਸ਼ ਕਣਕ ਦੀ ਫਸਲ ਲਈ ਵੀ ਹਾਨੀਕਾਰਨ ਹੋਵੇਗੀ। ਉਂਝ ਵੀ ਪਿਛਲੇ ਪੰਜ ਸਾਲਾਂ ਤੋਂ ਆਰਥਕ ਸੰਕਟ ਵਿਚ ਫਸੇ ਕਿਸਾਨਾਂ ਨੇ ਆਲੂ ਤੋਂ ਮੂੰਹ ਮੋੜ ਲਿਆ ਹੈ। ਜਿਸ ਦੇ ਨਤੀਜੇ ਵਜੋਂ ਇਸ ਸਾਲ ਪੰਜਾਬ ਵਿਚ ਆਲੂ ਦੇ ਰਕਬੇ ਵਿਚ ਕਰੀਬ 7 ਫੀਸਦੀ ਗਿਰਾਵਟ ਆਈ ਹੈ। ਪੰਜਾਬ ਬਾਗਬਾਨੀ ਵਿਭਾਗ ਜਲੰਧਰ ਦੇ ਡਿਪਟੀ ਡਾਇਰੈਕਟਰ ਡਾਕਟਰ ਨਰੇਸ਼ ਕੁਮਾਰ ਨੇ ਦੱਸਿਆ ਕਿ ਝੂਲਸਾ ਰੋਗ ਦੇ ਆਉਣ ‘ਤੇ ਪੱਤਿਆਂ ਦੇ ਕਿਨਾਰਿਆਂ ‘ਤੇ ਪਾਣੀ ਨਾਲ ਭਰੇ ਧੱਬੇ ਬਣ ਜਾਂਦੇ ਹਨ ਜੋ ਕਿ ਬਾਅਦ ਵਿਚ ਕਾਲੇ ਹੋ ਜਾਂਦੇ ਹਨ।

ਜਿਸ ਨਾਲ ਆਲੂ ਪੁੱਟਣ ਤੋਂ ਪਹਿਲਾਂ ਹੀ ਜ਼ਮੀਨ ਵਿਚ ਗਲ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਆਲੂ ਉਤਪਾਦਨ ਚ ਦੇਸ਼ ਚ ਪਹਿਲੇ ਨੰਬਰ ਤੇ ਹੈ। ਸਾਲ 2015-16 ਚ 92,359 ਹੈਕਟੇਅਰ ਚ ਲਗਭਗ 22,62,404 ਟਨ ਆਲੂ ਦਾ ਉਤਪਾਦਨ ਹੋਇਆ ਸੀ। ਸਾਲ 2016-17 ਚ 97000 ਹੈਕਟੇਅਰ ਅਤੇ 2019 ਚ ਇਕ ਲੱਖ ਹੈਕਟੇਅਰ ਜ਼ਮੀਨ ਤੇ ਆਲੂ ਦੀ ਫਸਲ ਬੀਜੀ ਗਈ ਸੀ।

ਪੰਜਾਬ ਚ ਸਭ ਤੋਂ ਵੱਧ ਆਲੂ ਜਲੰਧਰ ਵਿਚ ਬੀਜਿਆ ਜਾਂਦਾ ਹੈ, ਜਦਕਿ ਸਭ ਤੋਂ ਘੱਟ ਆਲੂ ਪਠਾਨਕੋਟ ਚ 4 ਹੈਕਟੇਅਰ ਚ ਬੀਜਿਆ ਜਾਂਦਾ ਹੈ। ਜਲੰਧਰ ਚ 22000 ਹੈਕਟੇਅਰ ਚ ਆਲੂ ਦੀ ਫਸਲ ਬੀਜੀ ਜਾਂਦੀ ਹੈ, ਜਦਕਿ ਹੋਰ ਜ਼ਿਲਿਆਂ ਚੋਂ ਹੁਸ਼ਿਆਰਪੁਰ ਚ 12,612 ਹੈਕਟੇਅਰ, ਲੁਧਿਆਣਾ ਚ 10,016, ਕਪੂਰਥਲਾ ਚ 9,256, ਅੰਮ੍ਰਿਤਸਰ ਚ 6,786, ਮੋਗਾ 6,175, ਬਠਿੰਡਾ 5,468।

ਫਤਿਹਗੜ੍ਹ ਸਾਹਿਬ 4,483, ਪਟਿਆਲਾ 4,313, ਐੱਸ. ਬੀ. ਐੱਸ. ਨਗਰ 2,415, ਤਰਨਤਾਰਨ 1,785, ਬਰਨਾਲਾ 1,702, ਐੱਸ. ਏ. ਐੱਸ. ਨਗਰ 1,220, ਰੋਪੜ 863, ਗੁਰਦਾਸਪੁਰ 704, ਸੰਗਰੂਰ 630, ਫਿਰੋਜ਼ਪੁਰ 516, ਫਰੀਦਕੋਟ 205, ਮੁਕਤਸਰ 178, ਮਾਨਸਾ 152, ਫਾਜ਼ਿਲਕਾ 72 ਅਤੇ ਪਠਾਨਕੋਟ ਵਿਚ 4 ਹੈਕਟੇਅਰ ਚ ਆਲੂ ਦੀ ਫਸਲ ਬੀਜੀ ਜਾਂਦੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਰੋਜ਼ਾਨਾ ਸਪੋਕਸਮੈਨ