ਝੋਨੇ ਹੇਠੋਂ ਰਕਬਾ ਘੱਟ ਕਰਨ ਤੇ ਮੱਕੀ ਹੇਠ ਲਿਆਉਣ ਦਾ ਸੱਦਾ

June 28 2019

ਧੰਜਲ ਐਗਰੀਕਲਚਰ ਇੰਡਸਟਰੀਜ਼ ਗੋਂਦਵਾਲ ਵਿੱਚ ਇੰਦਰਜੀਤ ਸਿੰਘ ਧੰਜਲ ਦੀ ਅਗਵਾਈ ਹੇਠ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਸਹਿਯੋਗ ਨਾਲ ਕਿਸਾਨਾਂ ਨੂੰ ਖੇਤੀ ਮਸ਼ੀਨਰੀ ਤੇ ਹੋਰ ਸਕੀਮਾਂ ਤੋਂ ਜਾਣੂੰ ਕਰਵਾਉਣ ਲਈ ਕਿਸਾਨ ਜਾਗਰੁਕਤਾ ਕੈਂਪ ਲਾਇਆ ਗਿਆ। ਜਿਸ ’ਚ ਯੂਥ ਆਗੂ ਕਾਮਿਲ ਬੋਪਾਰਾਏ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।

ਜ਼ਿਲ੍ਹਾ ਮੁੱਖ ਖੇਤੀਬਾੜੀ ਅਫਸਰ ਡਾ. ਬਲਦੇਵ ਸਿੰਘ ਨੇ ਕਿਸਾਨਾਂ ਨੂੰ ਦੱਸਿਆ ਕਿ ਖੇਤੀਬਾੜੀ ਮਸ਼ੀਨਰੀ ਉਪਦਾਨ ਤੇ ਪ੍ਰਾਪਤ ਕਰਨ ਲਈ ਆਪਣੀਆਂ ਦਰਖਾਸਤਾਂ 30 ਜੂਨ ਤੱਕ ਖੇਤੀ ਵਿਭਾਗ ਨੂੰ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਝੋਨੇ ਹੇਠੋਂ ਰਕਬਾ ਘੱਟ ਕਰਕੇ ਮੱਕੀ ਹੇਠ ਲਿਆਂਦਾ ਜਾਵੇ, ਤਾਂ ਜੋ ਪਾਣੀ ਦੀ ਬੱਚਤ ਕੀਤੀ ਜਾ ਸਕੇ। ਡਾ. ਬਲਦੇਵ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇ ਉਨ੍ਹਾਂ ਦੇ ਖੇਤਾਂ, ਘਰਾਂ ਵਿੱਚ ਜੇ ਕੋਈ ਖੁੱਲ੍ਹਾ ਬੋਰ, ਨੰਗੀਆਂ ਖੂਹੀਆਂ ਪਈਆਂ ਉਨ੍ਹਾਂ ਨੂੰ ਤੁਰੰਤ ਭਰਿਆ ਜਾਵੇ ਤੇ ਜੇ 15 ਜੁਲਾਈ ਤੋਂ ਬਾਅਦ ਖੁੱਲ੍ਹੇ ਬੋਰ ਜਾਂ ਨੰਗੀਆਂ ਖੂਹੀਆਂ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਸ ਵਿਅਕਤੀ ਖ਼ਿਲਾਫ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਕਿਹਾ ਕਿ ਖਾਦਾਂ ਦੀ ਵਰਤੋਂ ਮਿੱਟੀ ਪਰਖ ਰਿਪੋਰਟ ਦੇ ਆਧਾਰ ’ਤੇ ਹੀ ਕੀਤੀ ਜਾਵੇ। ਇਸ ਮੌਕੇ ਬਲਾਕ ਖੇਤੀਬਾੜੀ ਅਫਸਰ ਡਾ. ਚਰਨਜੀਤ ਸਿੰਘ ਕੈਂਥ ਨੇ ਦੱਸਿਆ ਕਿ ਜੇਕਰ ਕਿਸੇ ਕਿਸਾਨ ਨੇ ਮਸ਼ੀਨਰੀ ਖ੍ਰੀਦਣੀ ਹੈ ਤਾਂ ਉਸ ਵਿੱਚ ਉਸ ਨੂੰ 50 ਪ੍ਰਤੀਸ਼ਤ ਸਬਸਿਡੀ ਮਿਲੇਗੀ, ਜੇ ਕਿਸਾਨ ਵੀਰ ਗਰੁੱਪ ਬਣਾ ਕੇ ਜਾਂ ਕੋਆਪਰੇਟਿਵ ਸੁਸਾਇਟੀ ਮਸ਼ੀਨਰੀ ਖਰੀਦ ਦੇ ਹਨ ਤਾਂ ਉਨ੍ਹਾਂ ਨੂੰ 80 ਪ੍ਰਤੀਸ਼ਤ ਤੱਕ ਸਬਸਿਡੀ ਮਿਲਦੀ ਹੈ। ਇਸ ਮੌਕੇ ਸੁਖਵਿੰਦਰ ਸਿੰਘ, ਹਰਜੀਤ ਸਿੰਘ, ਬਲਜੀਤ ਸਿੰਘ, ਸਰਪੰਚ ਸੁਖਪਾਲ ਸਿੰਘ ਗੋਂਦਵਾਲ, ਸੋਹਣ ਸਿੰਘ ਧੰਜਲ, ਗੁਰਬਖਸ਼ ਸਿੰਘ ਤੁਗਲ, ਕੁਲਦੀਪ ਸਿੰਘ ਪੱਖੋਵਾਲ,ਬਲਜੀਤ ਸਿੰਘ ਹਲਵਾਰਾ, ਬਲਜਿੰਦਰ ਸਿੰਘ ਰਿੰਪਾ, ਸਰਪੰਚ ਜਸਪ੍ਰੀਤ ਸਿੰਘ ਤਲਵੰਡੀ, ਸੰਦੀਪ ਸਿੰਘ ਸਿੱਧੂ, ਸਰਪੰਚ ਪਰਮਜੀਤ ਸਿੰਘ ਆਦਿ ਹਾਜ਼ਰ ਸਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ