ਝੋਨੇ ਹੇਠ ਰਕਬਾ ਘਟਾ ਕੇ ਮੱਕੀ ਬੀਜਣ ਨੂੰ ਤਰਜੀਹ

September 04 2019

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਸੁਤੰਤਰ ਕੁਮਾਰ ਐਰੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪਾਲ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਐੱਸਏਐੱਸ. ਨਗਰ (ਮੁਹਾਲੀ) ਵਿੱਚ ਤਹਿਸੀਲ ਪੱਧਰ ’ਤੇ ਖੇਤੀਬਾੜੀ ਅਤੇ ਮਾਲ ਵਿਭਾਗ ਦਾ ਸਾਂਝੇ ਤੌਰ ’ਤੇ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਖੇਤੀਬਾੜੀ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨੇ ਭਾਗ ਲਿਆ। ਇਸ ਮੌਕੇ ਟਰੇਨਿੰਗ ਅਫ਼ਸਰ ਸੁਖਰਾਜ ਸਿੰਘ ਨੇ ਦੱਸਿਆ ਕਿ ‘ਟਾਈਮਲੀ ਰਿਪੋਰਟਿੰਗ ਸਕੀਮ’ ਅਧੀਨ ਜ਼ਿਲ੍ਹੇ ਦੇ 20 ਫ਼ੀਸਦੀ ਪਿੰਡਾਂ ਦੀ ਗਿਰਦਾਵਰੀ ਪਹਿਲ ਦੇ ਆਧਾਰ ’ਤੇ ਕਰਵਾਈ ਜਾਵੇਗੀ ਅਤੇ ਇਸ ਨਾਲ ਪਿਛਲੇ ਸਾਲ ਦੇ ਤੁਲਨਾਤਮਕ ਚਾਲੂ ਸਾਲ ਦੌਰਾਨ ਫ਼ਸਲਾਂ ਦੇ ਰਕਬੇ ਵਿੱਚ ਵਾਧੇ/ਘਾਟੇ ਦੇ ਅੰਕੜੇ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਭੇਜੇ ਜਾਣਗੇ। ਇਸੇ ਤਰ੍ਹਾਂ ਮੁੱਖ ਫ਼ਸਲਾਂ ’ਤੇ ਰੈਂਡਮ ਵਿਧੀ ਰਾਹੀਂ ਫ਼ਸਲ ਕਟਾਈ ਤਜਰਬੇ ਕਰਵਾ ਕੇ ਫ਼ਸਲਾਂ ਦੇ ਔਸਤ ਝਾੜ ਅਤੇ ਪੈਦਾਵਾਰ ਦੇ ਅੰਕੜੇ ਤਿਆਰ ਕੀਤੇ ਜਾਣਗੇ। ਉਨ੍ਹਾਂ ਖੇਤੀਬਾੜੀ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਇਸ ਮਹੱਤਵਪੂਰਨ ਕੰਮ ਨੂੰ ਸਹੀ ਢੰਗ ਅਤੇ ਸਮੇਂ ਸਿਰ ਕਰਨਾ ਯਕੀਨੀ ਬਣਾਉਣ ਲਈ ਆਖਿਆ।

ਟਰੇਨਿੰਗ ਅਫ਼ਸਰ ਸੁਖਰਾਜ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਮੁਹਾਲੀ ਜ਼ਿਲ੍ਹੇ ਵਿੱਚ ਫ਼ਸਲੀ ਵਿਭਿੰਨਤਾ ਪ੍ਰੋਗਰਾਮ ਤਹਿਤ ਸਾਉਣੀ 2019-20 ਦੌਰਾਨ ਫ਼ਸਲ ਝੋਨੇ ਹੇਠੋਂ ਰਕਬਾ ਘਟਾ ਕੇ ਮੱਕੀ ਅਧੀਨ ਬਿਜਵਾਇਆ ਗਿਆ ਹੈ। ਉਨ੍ਹਾਂ ਮਾਲ ਵਿਭਾਗ ਦੇ ਕਾਨੂੰਗੋ ਅਤੇ ਪਟਵਾਰੀਆਂ ਨੂੰ ਕਿਹਾ ਕਿ ਗਿਰਦਾਵਰੀ ਕਰਦੇ ਸਮੇਂ ਮੱਕੀ ਦੀ ਫ਼ਸਲ ਦੇ ਰਕਬੇ ਵਿੱਚ ਹੋਏ ਵਾਧੇ ਨੂੰ ਵਿਸ਼ੇਸ਼ ਧਿਆਨ ਦੇ ਕੇ ਰਿਕਾਰਡ ਵਿੱਚ ਲਿਆਂਦਾ ਜਾਵੇ।

ਇਸ ਮੌਕੇ ਖਰੜ ਦੇ ਤਹਿਸੀਲਦਾਰ ਮਨਦੀਪ ਸਿੰਘ ਢਿੱਲੋਂ ਨੇ ਮਾਲ ਵਿਭਾਗ ਦੇ ਕਾਨੂੰਗੋ/ਪਟਵਾਰੀਆਂ ਨੂੰ ਉਪਰੋਕਤ ਸਕੀਮਾਂ ਦੇ ਕੰਮ ਨੂੰ ਪਰਮ ਅਗੇਤ ਅਤੇ ਸਮੇਂ ਸਿਰ ਪੂਰਾ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਇਸ ਪ੍ਰੋਗਰਾਮ ਵਿੱਚ ਭਾਰਤ ਸਰਕਾਰ ਦੇ ਨੁਮਾਇੰਦੇ ਐਮਪੀ ਸਿੰਘ, ਪਰਮਜੀਤ ਜਾਮਵਾਲ ਅਤੇ ਗੁਰਵਿੰਦਰ ਕੌਰ, ਖੇਤੀਬਾੜੀ ਅਫ਼ਸਰ ਬਲਦੇਵ ਸਿੰਘ ਬਰਾੜ, ਸੰਦੀਪ ਰਿਣਵਾ ਅਤੇ ਖੇਤੀਬਾੜੀ/ਮਾਲ ਵਿਭਾਗ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ