ਝੋਨੇ ਦੀ ਲਵਾਈ ਇਕ ਹਫ਼ਤਾ ਅਗੇਤੀ ਕਰਨ ਦੀ ਆਗਿਆ ਦੇਣ ਦਾ ਐਲਾਨ

May 07 2019

ਮੁਸੀਬਤਾਂ ਵਿਚ ਘਿਰੇ ਸੂਬੇ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਵਲ ਤਵੱਜੋਂ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝੋਨੇ ਦੀ ਲਵਾਈ ਲਈ 20 ਜੂਨ ਦੀ ਨਿਰਧਾਰਤ ਤਾਰੀਕ ਤੋਂ ਇਕ ਹਫ਼ਤਾ ਪਹਿਲਾਂ ਝੋਨਾ ਲਾਉਣ ਦੀ ਆਗਿਆ ਦੇਣ ਦੇ ਸੂਬਾ ਸਰਕਾਰ ਦੇ ਫ਼ੈਸਲੇ ਦਾ ਐਲਾਨ ਕੀਤਾ ਹੈ। ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਦੇ ਹੱਕ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ 13 ਜੂਨ ਤੋਂ ਝੋਨੇ ਦੀ ਲਵਾਈ ਦੀ ਆਗਿਆ ਦਿਤੀ ਜਾਵੇਗੀ।

ਕੈਪਟਨ ਅਮਰਿੰਦਰ ਸਿੰਘ ਨੇ ਇਸ ਦੌਰਾਨ ਇਹ ਐਲਾਨ ਵੀ ਕੀਤਾ ਕਿ ਹਾਲ ਹੀ ਦੇ ਬੇ-ਮੌਸਮੀ ਮੀਂਹ ਦੌਰਾਨ ਅਤੇ ਮੁੱਖ ਲਾਈਨਾਂ ਤੋਂ ਬਿਜਲੀ ਸਪਾਰਕ ਹੋਣ ਨਾਲ ਕਣਕ ਦੀ ਫ਼ਸਲ ਨੂੰ ਹੋਏ ਨੁਕਸਾਨ ਦਾ ਕਿਸਾਨਾਂ ਨੂੰ ਮੁਆਵਜ਼ਾ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੀਂਹ ਕਾਰਨ ਫ਼ਸਲਾਂ ਦੇ ਨੁਕਸਾਨ ਦਾ ਅਨੁਮਾਨ ਲਾਉਣ ਲਈ ਪਹਿਲਾਂ ਹੀ ਵਿਸ਼ੇਸ਼ ਗਿਰਦਾਵਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਗ ਜਾਂ ਹੋਰ ਕਾਰਨਾਂ ਨਾਲ ਹੋਏ ਨੁਕਸਾਨ ਦਾ ਉਨ੍ਹਾਂ ਦੇ ਰਾਹਤ ਫ਼ੰਡ ਵਿਚੋਂ ਮੁਆਵਜ਼ਾ ਦਿਤਾ ਜਾਵੇਗਾ।     

ਕਿਸਾਨਾਂ ਦੇ ਮੁੱਦਿਆ ਦੇ ਸਬੰਧ ਵਿਚ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਕੇਂਦਰ ਸਰਕਾਰ ਵਲੋਂ ਕਣਕ ਦੇ ਘੱਟੋ-ਘੱਟ ਸਮੱਰਥਨ ਮੁੱਲ ਤੇ ਕੀਮਤ ਕਟੌਤੀ ਦੀ ਆਗਿਆ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਇਸ ਮੁੱਦੇ ਤੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਹੈ ਅਤੇ ਉਹ ਉਹ ਖੁਦ ਇਸ ਮੁੱਦੇ ਨੂੰ ਅੱਗੇ ਲਿਜਾਣਗੇ। 

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਰੋਜ਼ਾਨਾ ਸਪੋਕੇਸਮੈਨ