ਝੋਨੇ ਦੀ ਨਮੀ ਨੇ ਕਿਸਾਨਾਂ ਦੇ ਸਾਹ ਸੁਕਾਏ

October 14 2019

ਪੰਜਾਬ ’ਚ ਝੋਨੇ ਦੀ ਕਟਾਈ ਸ਼ੁਰੂ ਹੋ ਗਈ ਹੈ। ਕੁਝ ਖੇਤਰਾਂ ਵਿੱਚ ਕਟਾਈ ਦਾ ਕੰਮ ਤੇਜ਼ ਹੈ ਤੇ ਕੁਝ ਵਿੱਚ ਕੰਮ ਮੱਠਾ ਚੱਲ ਰਿਹਾ ਹੈ। ਐਤਕੀਂ ਪੰਜਾਬ ਦੀਆਂ ਮੰਡੀਆਂ ’ਚ 170 ਲੱਖ ਮੀਟਰਿਕ ਟਨ ਝੋਨਾ ਪੁੱਜਣ ਦਾ ਅਨੁਮਾਨ ਹੈ। ਸਰਕਾਰੀ ਅੰਕੜਿਆਂ ਮੁਤਾਬਕ ਇਸ ’ਚੋਂ ਸ਼ਨਿਚਰਵਾਰ ਦੇਰ ਸ਼ਾਮ ਤੱਕ ਪੰਜਾਬ ਦੀਆਂ ਮੰਡੀਆਂ ’ਚ 11.95 ਲੱਖ ਮੀਟਰਿਕ ਟਨ ਝੋਨੇ ਦੀ ਆਮਦ ਹੋ ਚੁੱਕੀ ਸੀ, ਜਿਸ ’ਚੋਂ 10.86 ਲੱਖ ਟਨ ਝੋਨੇ ਦੀ ਖਰੀਦ ਕਰ ਲਈ ਗਈ ਹੈ, ਜਿਸ ’ਚੋਂ 10.50 ਲੱਖ ਟਨ ਝੋਨਾ ਪੰਜਾਬ ਸਰਕਾਰ ਨੇ ਖਰੀਦਿਆ ਜਦਕਿ 40 ਹਜ਼ਾਰ ਮੀਟਰਿਕ ਟਨ ਝੋਨਾ ਵਪਾਰੀਆਂ ਨੇ।

ਸਰਕਾਰ ਵੱਲੋਂ ਜਿਣਸ ਵਿਕਣ ਦੇ 72 ਘੰਟਿਆਂ ਦੇ ਅੰਦਰ ਹੀ ਕਿਸਾਨਾਂ ਨੂੰ ਅਦਾਇਗੀ ਕਰਨ ਦੀ ਹਦਾਇਤ ਹੈ। ਭਾਵੇਂ ਅਦਾਇਗੀ ’ਚ ਦੇਰੀ ਤਾਂ ਪਹਿਲਾਂ ਵੀ ਹੁੰਦੀ ਆਈ ਹੈ, ਪਰ ਐਤਕੀਂ ਸਿੱਧੀ ਅਦਾਇਗੀ ਸਬੰਧੀ ਸਰਕਾਰ ਅਤੇ ਆੜ੍ਹਤੀਆਂ ਦਰਮਿਆਨ ਜਾਰੀ ਰੇੜਕੇ ਕਾਰਨ ਕਿਸਾਨਾਂ ਨੂੰ ਹਾਲੇ ਤੱਕ ਅਦਾਇਗੀ ਦੀ ਸ਼ੁਰੂਆਤ ਨਹੀਂ ਹੋਈ। ਇਸ ਤਰ੍ਹਾਂ ਕਿਸਾਨਾਂ ਦੀ ਕਰੋੜਾਂ ਰੁਪਏ ਦੀ ਅਦਾਇਗੀ ਰੁਕ ਗਈ ਹੈ, ਜਿਸ ਕਾਰਨ ਕਿਸਾਨ ਨਿਰਾਸ਼ ਹਨ। ਵਿਆਹ ਤੇ ਤਿਉਹਾਰਾਂ ਦਾ ਸੀਜ਼ਨ ਹੋਣ ਕਰਕੇ ਹਰ ਕਿਸੇ ਨੂੰ ਪੈਸੇ ਦੀ ਜ਼ਰੂਰਤ ਹੈ ਤੇ ਉਪਰੋਂ ਕਣਕ ਦੀ ਬਿਜਾਈ ਦਾ ਸਮਾਂ ਹੋਣ ਲੱਗਾ ਹੈ। ਬਹੁਤੇ ਕਿਸਾਨ ਤਾਂ ਖਰਚਿਆਂ ਦੀ ਪੂਰਤੀ ਲਈ ਫ਼ਸਲ ’ਤੇ ਹੀ ਨਿਰਭਰ ਕਰਦੇ ਹਨ ਪਰ ਉਕਤ ਰੇੜਕੇ ਕਾਰਨ ਕਿਸਾਨਾਂ ਨੂੰ ਨਾ ਤਾਂ ਆੜ੍ਹਤੀਆਂ ਤੋਂ ਹੀ ਪੈਸਾ ਮਿਲ ਰਿਹਾ ਹੈ ਤੇ ਨਾ ਹੀ ਸਿੱਧੀ ਅਦਾਇਗੀ ਹੋ ਰਹੀ ਹੈ। ਆੜ੍ਹਤੀ ਹਰਜੀਤ ਸਿੰਘ ਸ਼ੇਰੂ ਦਾ ਕਹਿਣਾ ਸੀ ਅਜੇ ਜਿਣਸ ਦੀ ਆੜ੍ਹਤੀ ਕੋਲ਼ ਵੀ ਪੇਮੈਂਟ ਨਹੀਂ ਪੁੱਜੀ, ਜਿਸ ਕਰਕੇ ਕਿਸਾਨ ਨਿਰਾਸ਼ ਪਰਤ ਰਹੇ ਹਨ, ਜੋ ਆੜ੍ਹਤੀਆਂ ਨੂੰ ਵੀ ਚੰਗਾ ਨਹੀਂ ਲੱਗ ਰਿਹਾ। ਕਿਸਾਨ ਜਗਸੀਰ ਸਿੰਘ ਲਾਟੀ ਤੇ ਬਲਵਿੰਦਰ ਸਿੰਘ ਦੌਣਕਲਾਂ ਸਮੇਤ ਕਈ ਹੋਰ ਕਿਸਾਨਾਂ ਦਾ ਤਰਕ ਸੀ ਕਿ ਸਰਕਾਰ ਨੂੰ ਇਹ ਰੇੜਕਾ ਕੁਝ ਮਹੀਨੇ ਪਹਿਲਾਂ ਹੀ ਨਿਪਟਾਉਣਾ ਚਾਹੀਦਾ ਸੀ।

ਪਿਛਲੇ ਦਿਨੀਂ ਹੋਈ ਬੇਮੌਸਮੀ ਬਾਰਸ਼ ਕਾਰਨ ਐਤਕੀਂ ਝੋਨੇ ਦੀ ਫ਼ਸਲ ਵਿਚ ਨਮੀ ਵੱਧ ਹੈ, ਜਿਸ ਕਰਕੇ ਕਿਸਾਨਾਂ ਨੂੰ ਫ਼ਸਲ ਵੇਚਣ ’ਚ ਸਮੱਸਿਆ ਆ ਰਹੀ ਹੈ। ਨਮੀ ਦੀ ਮਾਤਰਾ ਵੱਧ ਹੋਣ ਕਾਰਨ ਕਿਸਾਨ ਨੂੰ ਮੰਡੀ ਵਿਚਲੇ ਫੜ੍ਹਾਂ ’ਤੇ ਜਿਣਸ ਸੁਕਾਉਣੀ ਪੈ ਰਹੀ ਹੈ। ਅਜੇ ਤਾਂ ਸੀਜ਼ਨ ਨੇ ਹੋਰ ਜ਼ੋਰ ਫੜਨਾ ਹੈ ਪਰ ਅਜਿਹੇ ਹਾਲਾਤ ਵਿਚ ਕਿਸਾਨਾਂ ਨੂੰ ਹੁਣੇ ਤੋਂ ਮੰਡੀ ’ਚ ਫ਼ਸਲ ਸੁੱਟਣ ਲਈ ਥਾਂ ਦੀ ਘਾਟ ਰੜਕਣ ਲੱਗੀ ਹੈ। ਰਾਠੀਆਂ ਪਿੰਡ ਦੇ ਕਿਸਾਨ ਅਮਰਿੰਦਰ ਸਿੰਘ ਬਿੱਟੂ ਦਾ ਕਹਿਣਾ ਸੀ ਕਿ ਸਨੌਰ ਦੀ ਸਮੁੱਚੀ ਅਨਾਜ ਮੰਡੀ ਵਿਚ ਕਿਸਾਨਾਂ ਨੇ ਫ਼ਸਲ ਵਿਛਾਈ ਹੋਣ ਕਾਰਨ ਉਨ੍ਹਾਂ ਨੂੰ ਇਕ ਰਾਤ ਝੋਨਾ ਟਰਾਲੀਆਂ ਵਿਚ ਹੀ ਰੱਖਣਾ ਪਿਆ। ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ ਦਾ ਕਹਿਣਾ ਸੀ ਕਿ ਐਤਕੀਂ ਬੇਮੌਸਮੀ ਬਾਰਸ਼ ਕਾਰਨ ਮੌਸਮ ’ਚ ਅਗਾਊਂ ਆਈ ਤਬਦੀਲੀ ਕਰਕੇ ਵਧੀ ਨਮੀ ਕਾਰਨ ਸਰਕਾਰ ਨੂੰ ਨਮੀ ਦੀ ਮਾਤਰਾ 22 ਫਸਦੀ ਕਰਨੀ ਚਾਹੀਦੀ ਹੈ, ਤਾਂ ਜੋ ਕਿਸਾਨਾਂ ਨੂੰ ਖ਼ੱਜਲ਼ ਖ਼ੁਆਰੀ ਤੋਂ ਬਚਾਇਆ ਜਾ ਸਕੇ। ਉਨ੍ਹਾਂ ਆਖਿਆ ਕਿ ਅਜਿਹੇ ਹਾਲਾਤ ਨੂੰ ਵੇਖਦਿਆਂ ਤੱਟੀ ਸੂਬਿਆਂ ਵਿਚ ਨਮੀ ’ਚ ਦਿੱਤੀ ਜਾਂਦੀ ਛੋਟ ਦੀ ਤਰਜ਼ ’ਤੇ ਪੰਜਾਬ ਨੂੰ ਵੀ ਅਜਿਹੀ ਛੋਟ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਨਮੀ ਮਾਪਣ ਵਾਲ਼ੇ ਮੀਟਰਾਂ ਦਾ ਢੁਕਵਾਂ ਮਿਆਰ ਯਕੀਨੀ ਬਣਾਉਣਾ ਚਾਹੀਦਾ ਹੈ, ਕਿਉਂਕਿ ਮਾਰਕੀਟ ਕਮੇਟੀ, ਖਰੀਦ ਏਜੰਸੀਆਂ ਅਤੇ ਸ਼ੈੱਲਰ ਮਾਲਕਾਂ ਦੇ ਅਜਿਹੇ ਮੀਟਰ ਆਪਸ ਵਿਚ ਮੇਲ ਨਹੀਂ ਖਾਂਦੇ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਮੀਟਰਾਂ ’ਤੇ ਨਾਪ ਤੋਲ ਵਿਭਾਗ ਦੀ ਮੋਹਰ ਯਕੀਨੀ ਤੌਰ ’ਤੇ ਲਾਈ ਜਾਣੀ ਚਾਹੀਦੀ ਹੈ। ਜਿਣਸ ਦੀ ਫੌਰੀ ਅਤੇ ਸਿੱਧੀ ਅਦਾਇਗੀ ’ਤੇ ਜ਼ੋਰ ਦਿੰਦਿਆਂ, ਜਗਮੋਹਣ ਨੇ ਕਿਸਾਨਾਂ ਨੂੰ ਆੜ੍ਹਤੀਆਂ ਦੇ ਚੁੰਗਲ ਵਿਚੋਂ ਕੱਢਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਉਧਰ ਕਿਸਾਨਾਂ ਦੇ ਖਾਤਿਆਂ ਦੇ ਵੇਰਵੇ ਨਾ ਦੇਣ ’ਤੇ ਆੜ੍ਹਤ ਰੋਕਣ ਦੇ ਖ਼ਿਲਾਫ਼ ਦੋਨਾਂ ਹਕੂਮਤਾਂ ਨਾਲ਼ ਲੜਾਈ ਲੜ ਰਹੇ ਪੰਜਾਬ ਆੜ੍ਹਤੀ ਐਸੋਸੀਏਸ਼ਨ ਦੇ ਆਗੂਆਂ ਰਵਿੰਦਰ ਸਿੰਘ ਚੀਮਾ, ਹਰਜੀਤ ਸ਼ੇਰੂ ਅਤੇ ਹੋਰਾਂ ਦਾ ਕਹਿਣਾ ਸੀ ਕਿ ਸਿੱਧੀ ਅਦਾਇਗੀ ਦਾ ਮਾਮਲਾ ਕਿਸਾਨ ਤੇ ਆੜ੍ਹਤੀ ਦੇ ਰਿਸ਼ਤੇ ’ਚ ਫਿੱਕ ਪਾਉਣ ਦੇ ਤੁੱਲ ਹੈ। ਸਰਕਾਰੀ ਖਰੀਦ ਸ਼ੁਰੂ ਹੋਇਆਂ ਭਾਵੇਂ ਦੇ ਹਫ਼ਤੇ ਹੋ ਗਏ ਹਨ ਪਰ ਮੁੱਖ ਮੰਤਰੀ ਦੇ ਸ਼ਹਿਰ ਵਿਚਲੀਆਂ ਅਨਾਜ ਮੰਡੀਆਂ ਦੀ ਸਾਫ਼ ਸਫਾਈ ਵੱਲ ਅਧਿਕਾਰੀਆਂ ਨੇ ਧਿਆਨ ਨਹੀਂ ਦਿੱਤਾ। ਪਟਿਆਲਾ ਵਿਚਲੀ ਨਵੀਂ ਅਨਾਜ ਮੰਡੀ ਦੀ ਗੱਲ ਕਰੀਏ ਤਾਂ ਇਥੇ ਸਥਿਤ ਦੋਨੋਂ ਵੱਡੇ ਸ਼ੈਡਾਂ ਦੇ ਹੇਠਾਂ ਝਾੜੂ ਤੱਕ ਵੀ ਨਹੀਂ ਫੇਰਿਆ ਗਿਆ। ਮੰਡੀ ਵਿਚ ਹੀ ਸਥਿਤ ਮਾਰਕੀਟ ਕਮੇਟੀ ਦੇ ਦਫ਼ਤਰ ਦੇ ਸਾਹਮਣੇ ਤੇ ਨਜ਼ਦੀਕ ਹੀ ਸਥਿਤ ਇੱਕ ਵਿਸ਼ਾਲ ਸ਼ੈਡ ਵਿਚ ਕੂੜਾ ਪਿਆ ਹੈ। ਇੱਕ ਪਾਸੇ ਪੋਲੀਥੀਨ ਖ਼ਿਲਾਫ਼ ਮੁਹਿੰਮ ਚਲਾਈ ਜਾ ਰਹੀ ਹੈ, ਪਰ ਇਸ ਸ਼ੈਡ ਹੇਠਾਂ ਪਏ ਪੋਲੀਥੀਨ ਅਤੇ ਥਰਮਾਕੋਲ ਦੀਆਂ ਪਲੇਟਾਂ ਅਤੇ ਗਲਾਸਾਂ ਦੀ ਭਰਮਾਰ ਹੈ। ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਪੁੱਜੇ 1.10 ਲੱਖ ਟਨ ਵਿਚੋਂ 95 ਹਜਾਰ ਟਨ ਝਸਨਾ ਖ਼ਰਦਿਆ ਗਿਆ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ