ਚੁਕਾਈ ਨਾ ਹੋਣ ਕਾਰਨ ਮੰਡੀਆਂ ’ਚ ਲੱਗੇ ਕਣਕ ਦੇ ਅੰਬਾਰ

May 13 2019

ਹਾੜ੍ਹੀ ਦੀ ਫਸਲ ਨੂੰ ਸਮੇਂ ਸਿਰ ਸਾਂਭਣ ਅਤੇ ਮੀਂਹ ਹਨੇਰੀਆਂ ਤੋਂ ਡਰਦੇ ਕਿਸਾਨ ਮੰਡੀਆਂ ਵਿੱਚ ਵੇਚਣ ਲਈ ਆ ਰਹੇ ਹਨ ਪਰ ਪ੍ਰਸ਼ਾਸ਼ਨ ਅਤੇ ਸਰਕਾਰ ਵੱਲੋਂ ਇਸ ਦੀ ਲਿਫਟਿੰਗ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ ਨੂੰ ਮੰਡੀਆਂ ਵਿੱਚ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਮੰਡੀ ਵਿੱਚ ਫਸਲ ਵੇਚਣ ਆਏ ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ’ਤੇ ਗੰਭੀਰ ਦੋਸ਼ ਲਗਾਏ ਕਿ ਸਰਕਾਰ ਨੂੰ ਲਿਫਿਟਿੰਗ ਦੇ ਟੈਂਡਰ ਦੇਣ ਸਮੇਂ ਪਾਰਦਰਸ਼ੀ ਤਰੀਕਾ ਅਪਣਾਉਂਦਿਆਂ ਦੇਖਣਾ ਚਾਹੀਦਾ ਹੈ ਕਿ ਟੈਂਡਰ ਹੋਲਡਰ ਕੋਲ ਕਿੰਨੀਆਂ ਗੱਡੀਆਂ ਹਨ ਪਰ ਸਰਕਾਰਾਂ ਅਤੇ ਅਫਸਰਸ਼ਾਹੀ ਇਸ ਦੇ ਉਲਟ ਆਪਣੇ ਚਹੇਤਿਆਂ ਨੂੰ ਟੈਂਡਰ ਦੇਣ ਸਮੇਂ ਕਾਨੂੰਨ ਨੂੰ ਛਿੱਕੇ ਟੰਗ ਕਿ ਟੈਂਡਰ ਅਲਾਟ ਕੀਤੇ ਜਾਂਦੇ ਹਨ ਜਿਸ ਕਾਰਨ ਟਰਾਂਸਪੋਰਟ ਦਾ ਪ੍ਰਬੰਧ ਪੁਖਤਾ ਨਹੀਂ ਹੋ ਸਕਦਾ। ਮੰਡੀ ਵਿੱਚ ਕੰਮ ਕਰਦੇ ਪੱਲੇਦਾਰਾਂ ਨੇ ਦੱਸਿਆ ਕਿ ਜੇਕਰ ਅੱਜ ਬਰਸਾਤ ਹੋ ਜਾਂਦੀ ਹੈ ਤਾਂ ਮੰਡੀ ਵਿੱਚ ਪਈ ਸਰਕਾਰ ਦੀ ਕਰੋੜਾਂ ਰੁਪਏ ਦੀ ਫਸਲ ਖਰਾਬ ਹੋ ਜਾਵੇਗੀ ਅਤੇ ਇਹੀ ਖਰਾਬ ਹੋਈ ਕਣਕ ਸਰਕਾਰੀ ਡਿਪੂਆਂ ਰਾਹੀਂ ਗਰੀਬ ਲੋਕਾਂ ਨੂੰ ਖਾਣ ਲਈ ਮਜਬੂਰ ਹੋਣਾ ਪਵੇਗਾ। ਇਸ ਸਬੰਧੀ ਮੰਡੀ ਸੁਪਰਵਾਈਜ਼ਰ ਸਰਬਜੀਤ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਅੰਕੜਿਆਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਅੱਜ ਤੱਕ ਮਾਰਕਫੈਡ 1 ਲੱਖ 5600, ਪੰਜਾਬ ਐਗਰੋ 1 ਲੱਖ 2500, ਪੰਨਗਰੇਨ 1 ਲੱਖ 10000 ਬੋਰੀਆਂ ਦੀ ਖ਼ਰੀਦ ਕੀਤੀ ਹੈ ਅਤੇ ਕਿਸਾਨਾਂ ਨੂੰ ਅਦਾਇਗੀ ਵੀ ਨਾਲੋ ਨਾਲ ਕੀਤੀ ਜਾ ਰਹੀ ਹੈ ਅਤੇ ਕਿਸਾਨ ਮਜ਼ਦੂਰਾਂ ਦੀਆਂ ਬੁਨਿਆਦੀ ਸਹੂਲਤਾਂ ਪੀਣ ਵਾਲਾ ਪਾਣੀ ਬੈਠਣ ਲਈ ਸ਼ੈੱਡ ਦਾ ਪੁਖਤਾ ਪ੍ਰਬੰਧ ਕੀਤਾ ਹੋਇਆ ਹੈ। ਇਸ ਸਬੰਧੀ ਡੀ.ਐਫ.ਐਸ.ਓ ਅਮਰਿੰਦਰ ਸਿੰਘ ਨਾਲ ਰਾਬਤਾ ਬਣਾਉਣ ’ਤੇ ਉਨ੍ਹਾਂ ਦੱਸਿਆ ਪੰਜਾਬ ਐਗਰੋ, ਮਾਰਕਫੈੱਡ ਦੀ ਲਿਫਿਟਿੰਗ ਵਿੱਚ ਕੋਈ ਮੁਸ਼ਕਿਲ ਨਹੀਂ, ਪਰ ਪਨਗ੍ਰੈਨ ਵਿੱਚ ਕੁਝ ਮੁਸ਼ਿਕਲ ਆਉਣ ਕਾਰਨ ਲਿਫਟਿੰਗ ਵਿੱਚ ਮੁਸ਼ਕਿਲ ਆਈ ਸੀ ਪਰ ਹੁਣ ਇੱਕ ਦੋ ਦਿਨਾਂ ਵਿੱਚ ਮੰਡੀਆਂ ਵਿੱਚੋਂ ਸਾਰਾ ਮਾਲ ਚੁੱਕ ਲਿਆ ਜਾਵੇਗਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ