ਗੁਲਾਬ ਮੇਲੇ ਦੀਆਂ ਤਿਆਰੀਆਂ ਨੇ ਫੜੀ ਰਫ਼ਤਾਰ

February 22 2020

ਚੰਡੀਗੜ੍ਹ ਨਗਰ ਨਿਗਮ ਅਤੇ ਪ੍ਰਸ਼ਾਸਨ ਦੇ ਸੈਰ ਸਪਾਟਾ ਵਿਭਾਗ ਵਲੋਂ ਸਾਂਝੇ ਤੌਰ ’ਤੇ ਕਰਵਾਏ ਜਾਣ ਵਾਲੇ 48ਵੇਂ ਗੁਲਾਬ ਮੇਲੇ ਸਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਜੰਗੀ ਪੱਧਰ ’ਤੇ ਜਾਰੀ ਹਨ। ਇਥੇ ਸੈਕਟਰ 16 ਸਥਿਤ ਜ਼ਾਕਿਰ ਰੋਜ਼ ਗਾਰਡਨ ਵਿੱਚ ਲਗਾਏ ਜਾਣ ਵਾਲੇ ਇਸ ਸਾਲਾਨਾ ਮੇਲੇ ਨੂੰ ਲੈਕੇ ਦਰਸ਼ਕਾਂ ਨੂੰ ਵੰਨ-ਸੁਵੰਨੇ ਫੁੱਲਾਂ ਦੀਆਂ ਖੁਸ਼ਬੋਆਂ ਦੇ ਨਾਲ ਨਾਲ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਵੀ ਦੇਖਣ ਨੂੰ ਮਿਲਣਗੇ। ਨਿਗਮ ਤੇ ਪ੍ਰਸ਼ਾਸਨ ਅਧਿਕਾਰੀਆਂ ਅਨੁਸਾਰ ਇਸ ਗੁਲਾਬ ਮੇਲੇ ਦੌਰਾਨ ਕੀਤੇ ਜਾਣ ਵਾਲੇ ਪ੍ਰੋਗਰਾਮ ਇੱਕ ਵੱਖਰੇ ਅੰਦਾਜ਼ ਵਿੱਚ ਦੇਖਣ ਨੂੰ ਮਿਲਣਗੇ। ਇਸ ਵਾਰ ਗੁਲਾਬ ਮੇਲੇ ਦੀਆਂ ਰੌਣਕਾਂ ਇਥੇ ਸੈਕਟਰ 10 ਸਥਿਤ ਲਾਈਅਰ ਵੈਲੀ ਤੋਂ ਲੈ ਕੇ ਸੈਕਟਰ 17 ਪਲਾਜ਼ਾ ਤੱਕ ਲੱਗਣਗੀਆਂ। ਨਿਗਮ ਵਲੋਂ ਇਸ ਸਾਲ ਸ਼ੁਰੂ ਕੀਤੇ ਗਏ ਸੈਕਟਰ 17 ਤੇ ਸੈਕਟਰ 16 ਦੇ ਰੋਜ਼ ਗਾਰਡਨ ਨੂੰ ਜੋੜਨ ਲਈ ਬਣਾਏ ਗਏ ਅੰਡਰਪਾਸ ਵਿੱਚ ਵੀ ਭਾਂਤ ਭਾਂਤ ਦੇ ਸਟਾਲ ਲਗਾਏ ਜਾਣਗੇ।

ਜ਼ਿਕਰਯੋਗ ਹੈ ਕਿ ਹਰ ਸਾਲ ਫਰਵਰੀ ਮਹੀਨੇ ਵਿੱਚ ਲਗਾਏ ਜਾਣ ਵਾਲੇ ਗੁਲਾਬ ਮੇਲਾ ਆਉਣ ਵਾਲੀ 28 ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਇਹ ਮੇਲਾ 1 ਮਾਰਚ ਤੱਕ ਜਾਰੀ ਰਹੇਗਾ।

ਪੰਜਾਬ ਦੇ ਪ੍ਰਸਿੱਧ ਗਾਇਕ ਗੁਰਨਾਮ ਭੁੱਲਰ 28 ਫਰਵਰੀ ਨੂੰ ਸੈਕਟਰ 17 ਪਲਾਜ਼ਾ ਵਿੱਚ ਮਿਊਜ਼ੀਕਲ ਨਾਈਟ ਦਾ ਆਗਾਜ਼ ਕਰਨਗੇ। ਇਸੇ ਤਰ੍ਹਾਂ ਗੁਲਾਬ ਮੇਲੇ ਦੇ ਦੂਜੇ ਦਿਨ 29 ਫਰਵਰੀ ਨੂੰ ਸੈਕਟਰ 10 ਦੀ ਲਈਅਰ ਵੈਲੀ ਦੇ ਨਾਲ ਲਗਦੇ ਗਰਾਉਂਡ ਵਿੱਚ ਪੰਜਾਬੀ ਗਾਇਕ ਐਮੀ ਵਿਰਕ ਆਪਣੇ ਪ੍ਰੋਗਰਾਮ ਪੇਸ਼ ਕਰਨਗੇ। ਮੇਲੇ ਦੇ ਆਖਰੀ ਦਿਨ 1 ਮਾਰਚ ਨੂੰ ਲਈਅਰ ਵੈਲੀ ਵਿੱਚ ਸੂਫਿਆਨਾ ਪ੍ਰੋਗਰਾਮ ਕੀਤੇ ਜਾਣਗੇ, ਜਿਸ ਵਿੱਚ ਸੂਫ਼ੀ ਗਾਇਕ ਸਤਿੰਦਰ ਸਰਤਾਜ ਸ਼ਿਰਕਤ ਕਰਨਗੇ।


ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ