ਗਰਮੀ ਨੇ ਕੱਢੇ ਵੱਟ: ਪਾਰਾ 47 ਡਿਗਰੀ ਤੱਕ ਪੁੱਜਾ

June 03 2019

ਪਿਛਲੇ ਕੁਝ ਦਿਨਾਂ ਤੋਂ ਵਧ ਰਹੇ ਤਾਪਮਾਨ ਨੇ ਦਸੂਹਾ ਦੇ ਬਾਜ਼ਾਰਾਂ ’ਚੋਂ ਰੌਣਕ ਗਾਇਬ ਕਰ ਦਿੱਤੀ ਹੈ, ਉਥੇ ਹੀ ਸਕੂਲਾਂ ਵਿੱਚ ਛੁੱਟੀਆਂ ਹੋਣ ਦੇ ਬਾਵਜੂਦ ਬੱਚਿਆਂ ਤੇ ਹੋਰਨਾਂ ਲੋਕਾਂ ਨੂੰ ਘਰਾਂ ’ਚ ਹੀ ਰਹਿਣ ਨੂੰ ਮਜਬੂਰ ਕਰ ਦਿੱਤਾ ਹੈ। ਦਿਨ ਦਾ ਤਾਪਮਾਨ 45 ਤੋਂ 47 ਡਿਗਰੀ ਦੇ ਕਰੀਬ ਪਹੁੰਚ ਜਾਂਦਾ ਹੈ ਜਿਸ ਤੋਂ ਸਪਸ਼ਟ ਹੈ ਕਿ ਗਰਮੀ ਪੂਰੇ ਜੋਬਨ ’ਤੇ ਹੈ, ਜਿਸ ਤੋਂ ਹੁਣ ਇੰਦਰ ਦੇਵਤਾ ਹੀ ਲੋਕਾਂ ਨੂੰ ਰਾਹਤ ਦੁਆ ਸਕਦਾ ਹੈ।

ਗਰਮੀ ਦੀ ਤਪਸ਼ ਦੇ ਚਲਦਿਆਂ ਦੁਕਾਨਦਾਰ ਵਿਹਲੇ ਗਾਹਕਾਂ ਨੂੰ ਉਡੀਕਦੇ ਨਜ਼ਰੀ ਆਉਂਦੇ ਹਨ। ਸੁੰਨੇ ਬਾਜ਼ਾਰਾਂ ਦੀਆਂ ਸੜਕਾਂ ਭਾਂ-ਭਾਂ ਕਰਦੀਆਂ ਹਨ। ਮੰਦੀ ਦਾ ਸ਼ਿਕਾਰ ਮੱਧ ਵਰਗੀ ਤੇ ਛੋਟੇ ਦੁਕਾਨਦਾਰ ਰੋਜ਼ਮਰਹਾ ਦੇ ਭੁਗਤਾਨ ਕਰਨ ਤੋਂ ਬੇਵਸ ਮਹਿਸੂਸ ਕਰ ਰਹੇ ਹਨ। ਵਧੀ ਤਪਸ਼ ਕਾਰਨ ਬੇਜ਼ੁਬਾਨ ਪਸ਼ੂਆਂ ਤੇ ਪੰਛੀਆਂ ਦਾ ਵੀ ਬੁਰਾ ਹਾਲ ਹੈ। ਰਿਕਸ਼ਾ ਚਾਲਕ, ਦਿਹਾੜੀਦਾਰ ਤੇ ਹੋਰ ਮਜ਼ਦੂਰੀ ਕਰਨ ਵਾਲੇ ਲੋਕ ਗਰਮੀ ਕਾਰਨ ਹਾਲੋ ਬੇਹਾਲ ਹੋ ਰਹੇ ਹਨ। ਦੂਜੇ ਪਾਸੇ ਗਰਮੀ ਕਾਰਨ ਕੋਲਡ ਡ੍ਰਿੰਕਸ, ਲੱਸੀ, ਜਲ ਜੀਰੇ, ਗੰਨੇ ਦੇ ਜੂਸ ਦੀ ਵਿਕਰੀ ਵਧੀ ਹੈ। ਉਧਰ, ਬਿਜਲੀ ਦੀ ਵਧੀ ਖਪਤ ਕਾਰਨ ਪਾਵਰਕੌਮ ਨੇ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ। ਕਈ ਥਾਵਾਂ ’ਤੇ ਬਿਜਲੀ ਗੁੱਲ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ। ਇਲਾਕੇ ਦੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਜੇ ਆਉਣ ਵਾਲੇ ਕੁਝ ਦਿਨਾਂ ਤੱਕ ਬਾਰਿਸ਼ ਨਾ ਹੋਈ ਤਾਂ ਇਸ ਨਾਲ ਜਿੱਥੇ ਲੋਕਾਂ ਦੀ ਸਿਹਤ `ਤੇ ਮਾੜਾ ਅਸਰ ਪਏਗਾ, ਉਥੇ ਬਲੈਕ ਆਊਟ ਦੀ ਸਮੱਸਿਆ ਆ ਸਕਦੀ ਹੈ। ਇਸ ਸਬੰਧੀ ਜਦੋਂ ਸਿਵਲ ਹਸਪਤਾਲ ਦਸੂਹਾ ਦੇ ਮੈਡੀਕਲ ਅਫ਼ਸਰ ਡਾ. ਦਵਿੰਦਰ ਪੁਰੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਗਰਮੀ ਦੇ ਮੌਸਮ ਵਿਚ ਢਿੱਡ ਨਾਲ ਸਬੰਧਤ ਬੀਮਾਰੀਆਂ ਅਤੇ ਚੱਕਰ ਆਉਣ ਦੀ ਲੋਕਾਂ ਨੂੰ ਆਮ ਸ਼ਿਕਾਇਤ ਰਹਿੰਦੀ ਹੈ। ਅਜਿਹੇ ਹਾਲਾਤ ’ਚ ਲੋਕਾਂ ਨੂੰ ਖਾਣ-ਪੀਣ ਦਾ ਧਿਆਨ ਰੱਖਣਾ ਚਾਹੀਦਾ ਹੈ।

ਸਖ਼ਤ ਗਰਮੀ ਦਾ ਕਹਿਰ ਅੱਜ ਵੀ ਜਾਰੀ ਰਿਹਾ। ਗੁਰੂ ਨਗਰੀ ਅੰਮ੍ਰਿਤਸਰ ਵਿੱਚ ਅੱਜ ਵੀ 43 ਤੋਂ 45 ਡਿਗਰੀ ਤਕ ਤਾਪਮਾਨ ਦਰਜ ਕੀਤਾ ਗਿਆ ਹੈ। ਬੀਤੀ ਸ਼ਾਮ ਅਚਨਚੇਤੀ ਬੱਦਲਵਾਈ ਅਤੇ ਹਲਕੀ ਬੂੰਦਾਬਾਂਦੀ ਹੋਣ ਨਾਲ ਤਾਪਮਾਨ ਕੁਝ ਹੇਠਾਂ ਆਉਣ ਦੀ ਸੰਭਾਵਨਾ ਬਣੀ ਸੀ ਪਰ ਅੱਜ ਸਵੇਰ ਤੋਂ ਹੀ ਤੇਜ਼ ਧੁੱਪ ਰਹੀ ਹੈ, ਜਿਸ ਕਾਰਨ ਅੱਜ ਮੁੜ ਪਾਰਾ ਉਪਰ ਰਿਹਾ ਹੈ। ਸਖਤ ਗਰਮੀ ਦੇ ਕਾਰਨ ਆਮ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਪਿਛਲੇ ਇਕ ਹਫਤੇ ਤੋਂ ਲਗਾਤਾਰ ਸਖਤ ਗਰਮੀ ਪੈ ਰਹੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ