ਖੱਟਰ ਵਲੋਂ ਕਿਸਾਨਾਂ ਦੇ ਵਿਆਜ ਤੇ ਜੁਰਮਾਨੇ ਦੀ 4750 ਕਰੋੜ ਦੀ ਰਕਮ ਮੁਆਫ਼

September 04 2019

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਹਿਕਾਰੀ ਬੈਂਕਾਂ ਦੇ ਕਰਜ਼ਾਈ ਕਿਸਾਨਾਂ ਨੂੰ ਵੱਡੀ ਰਾਹਤ ਪਹੁੰਚਾਉਂਦੇ ਹੋਏ ਯਕਮੁਸ਼ਤ ਨਿਪਟਾਉਣ ਸਕੀਮ ਦੇ ਤਹਿਤ ਉਨ੍ਹਾਂ ਦੀਆਂ ਫ਼ਸਲਾਂ ਕਰਜ਼ਿਆਂ ਦੇ ਵਿਆਜ ਤੇ ਜੁਰਮਾਨੇ ਦੀ 4750 ਕਰੋੜ ਰੁਪਏ ਦੀ ਰਕਮ ਮੁਆਫ਼ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਸੂਬੇ ਦੇ ਲਗਭਗ ਦਸ ਲੱਖ ਕਿਸਾਨਾਂ ਨੂੰ ਫ਼ਾਇਦਾ ਹੋਵੇਗਾ। ਸ੍ਰੀ ਖੱਟਰ ਨੇ ਇਹ ਐਲਾਨ ਅੱਜ ਜਨ ਆਸ਼ੀਰਵਾਦ ਯਾਤਰਾ ਦੇ 12ਵੇਂ ਦਿਨ ਭਿਵਾਨੀ ਦੇ ਲੋਕ ਨਿਰਮਾਣ ਰੈਸਟ ਹਾਊਸ ਵਿਚ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਮੁੱਢਲੇ ਸਹਿਕਾਰੀ ਖੇਤੀਬਾੜੀ ਕਮੇਟੀਆਂ, ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕ, ਹਰਿਆਣਾ ਭੂਮੀ ਸੁਧਾਰ ਅਤੇ ਵਿਕਾਸ ਬੈਂਕ ਦੇ ਕਰਜ਼ਾਈ ਕਿਸਾਨਾਂ ਨੂੰ ਫ਼ਾਇਦਾ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਮੁਢਲੇ ਖੇਤੀਬਾੜੀ ਅਤੇ ਸਹਿਕਾਰੀ ਕਮੇਟੀਆਂ (ਪੈਕਸ) ਤੋਂ ਲਗਭਗ 13 ਲੱਖ ਕਿਸਾਨਾਂ ਨੇ ਕਰਜ਼ੇ ਲਏ ਹੋਏ ਹਨ, ਜਿਨ੍ਹਾਂ ਵਿਚੋਂ 8.25 ਲੱਖ ਕਿਸਾਨਾਂ ਦੇ ਖਾਤੇ ਐਨ.ਪੀ.ਏ. ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪੈਕਸ ਦੇ ਫ਼ਸਲੀ ਕਰਜ਼ਿਆਂ ਦੀ 4 ਫ਼ੀਸਦੀ ਵਿਆਜ ਦਰ ਰਾਜ ਸਰਕਾਰ ਝੱਲਦੀ ਹੈ ਅਤੇ ਤਿੰਨ ਫ਼ੀਸਦੀ ਨਬਾਰਡ ਸਹਿਣ ਕਰਦਾ ਹੈ। ਫਸਲੀ ਕਰਜ਼ਿਆਂ ਦੀ ਅਦਾਇਗੀ ਸਮੇਂ ਤੇ ਨਾ ਕਰਨ ਵਾਲੇ ਕਿਸਾਨਾਂ ਤੇ ਪੰਜ ਫ਼ੀਸਦੀ ਲਗਾਏ ਜਾਣ ਵਾਲੀ ਪੈਨਲਟੀ ਵੀ ਹੁਣ ਮੁਆਫ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੈਕਸ ਦੇ ਕਰਜ਼ਾਈ ਕਿਸਾਨਾਂ ਨੂੰ 2500 ਕਰੋੜ ਰੁਪਏ ਦਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ ਤੋਂ 85,000 ਕਿਸਾਨਾਂ ਨੇ 3000 ਕਰੋੜ ਰੁਪਏ ਦੇ ਕਰਜ਼ੇ ਲਏ ਹੋਏ ਹਨ, ਜਿਨ੍ਹਾਂ ਚੋਂ 32,000 ਕਿਸਾਨਾਂ ਦੇ 800 ਕਰੋੜ ਰੁਪਏ ਦੇ ਖਾਤੇ ਐਨ.ਪੀ.ਏ. ਹੋ ਗਏ ਹਨ। ਇਸ ਦੇ ਤਹਿਤ 5 ਲੱਖ ਰੁਪਏ ਤੋਂ ਘੱਟ ਕਰਜ਼ੇ ਲਈ ਦੋ ਫ਼ੀਸਦੀ, ਪੰਜ ਤੋਂ ਦਸ ਲੱਖ ਰੁਪਏ ਤਕ ਦੇ ਕਰਜ਼ੇ ਲਈ ਪੰਜ ਅਤੇ 10 ਲੱਖ ਤੋਂ ਵੱਧ ਦੇ ਕਰਜ਼ੇ ਲਈ ਦਸ ਫ਼ੀਸਦੀ ਦੀ ਦਰ ਨਾਲ ਸਾਧਾਰਨ ਵਿਆਜ ਲਿਆ ਜਾਵੇਗਾ, ਜਿਸ ਨਾਲ ਕਿਸਾਨਾਂ ਨੂੰ 1800 ਕਰੋੜ ਰੁਪਏ ਦਾ ਫ਼ਾਇਦਾ ਹੋਵੇਗਾ।

ਕਿਸਾਨਾਂ ਲਈ ਵੱਡੀ ਰਾਹਤ

ਮੁੱਖ ਮੰਤਰੀ ਨੇ ਕਿਹਾ ਕਿ ਤੀਜੀ ਸ਼੍ਰੇਣੀ ਚ ਹਰਿਆਣਾ ਭੂਮੀ ਸੁਧਾਰ ਅਤੇ ਵਿਕਾਸ ਬੈਂਕ (ਲੈਂਡ ਮਾਰਗੇਜ ਬੈਂਕ) ਦੇ 1.10 ਲੱਖ ਕਰਜ਼ਾਈ ਕਿਸਾਨ ਹਨ, ਜਿਨ੍ਹਾਂ ਵਿਚੋਂ 70 ਹਜ਼ਾਰ ਕਿਸਾਨਾਂ ਦੇ ਖਾਤੇ ਐਨ.ਪੀ.ਏ. ਐਲਾਨ ਕੀਤੇ ਜਾ ਚੁੱਕੇ ਹਨ। ਇਨ੍ਹਾਂ ਕਿਸਾਨਾਂ ਦੀ ਅਸਲ ਕਰਜ਼ਾ ਰਕਮ 750 ਕਰੋੜ ਰੁਪਏ ਹੈ ਅਤੇ ਵਿਆਜ ਤੇ ਜੁਰਮਾਨੇ ਦੀ ਰਕਮ 1400 ਕਰੋੜ ਰੁਪਏ ਭੁਗਤਾਨ ਯੋਗ ਬਣਦਾ ਹੈ। ਇਨ੍ਹਾਂ ਬੈਂਕਾਂ ਦੇ ਕਿਸਾਨਾਂ ਦਾ ਪੂਰਾ ਪੈਨਲ ਵਿਆਜ ਮੁਆਫ਼ ਕਰ ਦਿੱਤਾ ਜਾਵੇਗਾ। ਕਿਸਾਨਾਂ ਨੂੰ ਸਿਰਫ਼ ਆਮ ਵਿਆਜ ਦਾ 50 ਫ਼ੀਸਦੀ ਹੀ ਦੇਣਾ ਹੋਵੇਗਾ, ਜਿਸ ਨਾਲ ਕਰਜ਼ਾਈ ਕਿਸਾਨਾਂ ਨੂੰ 450 ਕਰੋੜ ਰੁਪਏ ਦਾ ਲਾਭ ਮਿਲੇਗਾ। ਸ੍ਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਆਪ ਕਿਸਾਨਾਂ ਨੂੰ ਖ਼ੁਸ਼ਹਾਲ ਕਰਨ ਲਈ ਗੰਭੀਰ ਹਨ। ਇਸ ਮੌਕੇ ਸਾਂਸਦ ਧਰਮਬੀਰ ਸਿੰਘ, ਨਾਇਬ ਸਿੰਘ ਸੈਣੀ ਤੇ ਸੰਜੇ ਭਾਟੀਆ, ਰਾਜ ਸਭਾ ਸਾਂਸਦ ਡੀ.ਪੀ. ਵਤਸ, ਵਿਧਾਇਕ ਘਣਸ਼ਾਮ ਸਰਾਫ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਅਮਿੱਤ ਆਰਿਆ, ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਵਧੀਕ ਨਿਰਦੇਸ਼ਕ (ਪ੍ਰਸ਼ਾਸਨ) ਪੰਕਜ ਸੇਤਿਆ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਅਜੀਤ