ਖੇਤੀਬਾੜੀ ਸਹਿਕਾਰੀ ਸਭਾਵਾਂ ਨੂੰ ਮਿਲੀ ਯੂਰੀਆ ਖਾਦ

December 28 2019

ਪਿਛਲੇ ਦੋ-ਤਿੰਨ ਹਫ਼ਤਿਆਂ ਤੋਂ ਯੂਰੀਆ ਖਾਦ ਦੀ ਉਡੀਕ ਕਰ ਰਹੀਆਂ ਮੁਹਾਲੀ ਹਲਕੇ ਦੀਆਂ ਖੇਤੀਬਾੜੀ ਸਹਿਕਾਰੀ ਸਭਾਵਾਂ ਵਿੱਚ ਖਾਦ ਪਹੁੰਚ ਗਈ ਹੈ। ਸੁਸਾਇਟੀਆਂ ਵਿੱਚ ਯੂਰੀਆ ਖਾਦ ਪਹੁੰਚਣ ਮਗਰੋਂ ਕਿਸਾਨਾਂ ਨੂੰ ਰਾਹਤ ਹਾਸਲ ਹੋਈ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੰਜਾਬੀ ਟ੍ਰਿਬਿਊਨ ਵਿੱਚ ਵਿਸਥਾਰਿਤ ਰੂਪ ਵਿਚ ਰਿਪੋਰਟ ਛਾਪੀ ਗਈ ਸੀ।

ਇਕੱਤਰ ਜਾਣਕਾਰੀ ਅਨੁਸਾਰ ਬੀਤੀ ਸ਼ਾਮ ਪਿੰਡ ਸਨੇਟਾ, ਭਾਗੋਮਾਜਰਾ, ਦੁਰਾਲੀ, ਮਨੌਲੀ ਅਤੇ ਗੀਗੇਮਾਜਰਾ ਦੀਆਂ ਖੇਤੀਬਾੜੀ ਸਹਿਕਾਰੀ ਸਭਾਵਾਂ ਵਿਚ ਯੂਰੀਆ ਖਾਦ ਦੇ ਟਰੱਕ ਪਹੁੰਚੇ। ਇਨ੍ਹਾਂ ਸਭਾਵਾਂ ਦੇ ਸਕੱਤਰਾਂ ਨੇ ਸੰਪਰਕ ਕਰਨ ਉੱਤੇ ਖਾਦ ਪੁੱਜਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਨ੍ਹਾਂ ਕੋਲ ਦੋ ਦੋ ਟਰੱਕ ਖਾਦ ਪਹੁੰਚੀ ਹੈ। ਉਨ੍ਹਾਂ ਦੱਸਿਆ ਕਿ ਸਮੁੱਚੀਆਂ ਸਭਾਵਾਂ ਵਿੱਚ ਚਾਰ ਚਾਰ ਸੌ ਥੈਲੇ ਖਾਦ ਦੇ ਪਹੁੰਚੇ ਹਨ।

ਉਨ੍ਹਾਂ ਦੱਸਿਆ ਕਿ ਖਾਦ ਆਉਣ ਨਾਲ ਸੁਸਾਇਟੀ ਦੇ ਮੈਂਬਰ ਕਿਸਾਨਾਂ ਨੂੰ ਆਪਣੀ ਕਣਕ ਦੀ ਫ਼ਸਲ ਲਈ ਲੋੜੀਂਦੀ ਖਾਦ ਪ੍ਰਾਪਤ ਹੋ ਸਕੇਗੀ। ਇਨ੍ਹਾਂ ਸੁਸਾਇਟੀਆਂ ਅਧੀਨ ਪੈਂਦੇ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਸਭਾਵਾਂ ਵਿੱਚ ਖਾਦ ਪਹੁੰਚਣ ਨਾਲ ਉਨ੍ਹਾਂ ਦੀ ਪ੍ਰਾਈਵੇਟ ਦੁਕਾਨਦਾਰਾਂ ਵੱਲੋਂ ਕੀਤੀ ਜਾ ਰਹੀ ਲੁੱਟ ਤੋਂ ਬਚਾਅ ਹੋਵੇਗਾ।

ਕਿਸਾਨਾਂ ਦਾ ਕਹਿਣਾ ਸੀ ਕਿ ਦੁਕਾਨਦਾਰ ਉਨ੍ਹਾਂ ਕੋਲੋਂ ਵਾਧੂ ਪੈਸੇ ਵਸੂਲਣ ਦੇ ਨਾਲ ਨਾਲ ਉਨ੍ਹਾਂ ਨੂੰ ਖਾਦ ਦੇ ਨਾਲ ਨਾਲ ਜਬਰੀ ਨਦੀਨ ਨਾਸ਼ਕ ਦਵਾਈਆਂ ਖ੍ਰੀਦਣ ਲਈ ਵੀ ਮਜ਼ਬੂਰ ਕਰਦੇ ਸਨ। ਕਿਸਾਨਾਂ ਅਤੇ ਸਹਿਕਾਰੀ ਖੇਤੀਬਾੜੀ ਸਭਾਵਾਂ ਦੇ ਨੁਮਾਇੰਦਿਆਂ ਨੇ ਮੀਡੀਆ ਦਾ ਧੰਨਵਾਦ ਕਰਦਿਆਂ ਆਖਿਆ ਕਿ ਅਖ਼ਬਾਰ ਵਿੱਚ ਰਿਪੋਰਟ ਪ੍ਰਕਾਸ਼ਿਤ ਹੋਣ ਮਗਰੋਂ ਹੀ ਉਨ੍ਹਾਂ ਦੀ ਮੁਸ਼ਕਿਲ ਹੱਲ ਹੋਈ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ