ਖੇਤੀਬਾੜੀ ਯੂਨੀਵਰਸਿਟੀ ਦਾ ਦਾਅਵਾ, ਘੱਟ ਸਮੇਂ ਤੇ ਪਾਣੀ ਨਾਲ ਲਓ ਝੋਨੇ ਦਾ ਬੰਪਰ ਝਾੜ

May 04 2019

ਬੇਸ਼ੱਕ ਸਰਕਾਰ ਨੇ ਝੋਨੇ ਦੀ ਲੁਆਈ ਲਈ 20 ਜੂਨ ਤੈਅ ਕੀਤੀ ਹੈ ਪਰ ਇਸ ਵਾਰ ਕੁਝ ਕਿਸਾਨ ਪਹਿਲੀ ਜੂਨ ਤੋਂ ਹੀ ਝੋਨਾ ਲਾਉਣ ਦੀ ਤਿਆਰੀ ਕਰ ਰਹੇ ਹਨ। ਚੋਣਾਂ ਦਾ ਮਾਹੌਲ ਹੋਣ ਕਰਕੇ ਸਰਕਾਰ ਵੀ ਇਸ ਮਾਮਲੇ ਵਿੱਚ ਜ਼ਿਆਦਾ ਸਖ਼ਤੀ ਨਹੀਂ ਵਰਤਣਾ ਚਾਹੁੰਦੀ। ਅਜਿਹੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਵੱਲੋਂ ਕਿਸਾਨਾਂ ਲਈ ਖਾਸ ਖਬਰ ਆਈ ਹੈ। ਯੂਨੀਵਰਸਿਟੀ ਨੇ ਕਿਸਾਨਾਂ ਨੂੰ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਨਵੀਆਂ ਕਿਸਮਾਂ ਦੀ ਸਿਫਾਰਸ਼ ਕੀਤੀ ਹੈ।

ਪੀਏਯੂ ਦੇ ਪਲਾਂਟ ਬਰੀਡਿੰਗ ਤੇ ਜੈਨੇਟਿਕਸ ਵਿਭਾਗ ਦੇ ਮੁਖੀ ਤੇ ਝੋਨਾ ਮਾਹਿਰ ਡਾ. ਗੁਰਜੀਤ ਸਿੰਘ ਮਾਂਗਟ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਪਰਮਲ ਕਿਸਮਾਂ ਵਿਕਸਤ ਕੀਤੀਆਂ ਗਈਆਂ ਹਨ। ਇਹ ਕਿਸਮਾਂ ਜਿੱਥੇ ਪਾਣੀ ਘੱਟ ਲੈਂਦੀਆਂ ਹਨ, ਉੱਥੇ ਹੀ ਇਨ੍ਹਾਂ ਦੀ ਪਰਾਲੀ ਵੀ ਘੱਟ ਹੁੰਦਾ ਹੈ। ਉਨ੍ਹਾਂ ਦਾਅਵਾ ਹੈ ਕਿ ਚੰਗੀ ਗੁਣਵੱਤਾ ਤੇ ਵੱਧ ਝਾੜ ਦੇਣ ਵਾਲੀਆਂ ਇਹ ਕਿਸਮਾਂ ਬਿਮਾਰੀਆਂ ਪ੍ਰਤੀ ਸਹਿਣਸ਼ੀਲ ਹਨ। ਇਨ੍ਹਾਂ ਗੁਣਾਂ ਸਦਕਾ ਇਨ੍ਹਾਂ ਕਿਸਮਾਂ ਦੀ ਕਾਸ਼ਤ ਅਧੀਨ ਰਕਬਾ ਸਾਲ 2012 ਦੌਰਾਨ 32 ਫ਼ੀਸਦੀ ਤੋਂ ਵਧ ਕੇ ਸਾਲ 2018 ਤਕ 82 ਫ਼ੀਸਦੀ ਹੋ ਗਿਆ ਹੈ।

ਡਾ. ਮਾਂਗਟ ਨੇ ਦੱਸਿਆ ਕਿ ਝੋਨੇ ਦੀ ਕਾਸ਼ਤ ਨਾਲ ਧਰਤੀ ਹੇਠਲੇ ਪਾਣੀ ਦੇ ਪੱਧਰ ਵਿਚ ਗਿਰਾਵਟ, ਪ੍ਰਦੂਸ਼ਣ ਤੇ ਹੋਰ ਅਨੇਕਾਂ ਮੁਸ਼ਕਲਾਂ ਜੁੜੀਆਂ ਹੋਈਆਂ ਹਨ। ਇਸ ਕਰਕੇ ’ਵਰਸਿਟੀ ਵੱਲੋਂ ਘੱਟ ਸਮੇਂ ’ਚ ਪੱਕਣ ਵਾਲੀਆਂ ਫ਼ਸਲਾਂ ਬੀਜਣ ਦੀ ਸਿਫ਼ਾਰਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਘੱਟ ਸਮੇਂ ਵਿਚ ਪੱਕਣ ਵਾਲੀਆਂ ਸਿਫ਼ਾਰਸ਼ ਨਵੀਆਂ ਕਿਸਮਾਂ, ਪੀਆਰ 121, 122, ਪੀਆਰ 124, ਪੀਆਰ 126 ਦੀ ਕਾਸ਼ਤ ਹੇਠ ਪ੍ਰਭਾਵਸ਼ਾਲੀ ਵਾਧੇ ਸਦਕਾ ਪੰਜਾਬ ਨੇ ਝੋਨੇ ਦੀ ਪੈਦਾਵਾਰ, ਪ੍ਰਤੀ ਏਕੜ ਝਾੜ ਤੇ ਕੇਂਦਰੀ ਅਨਾਜ ਭੰਡਾਰ ਵਿੱਚ ਕੁੱਲ ਯੋਗਦਾਨ ਵਿੱਚ ਨਵੇਂ ਰਿਕਾਰਡ ਸਥਾਪਤ ਕੀਤੇ। ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਨਾਲ ਝੋਨਾ ਵੱਢਣ ਮਗਰੋਂ ਹਾੜੀ ਦੀਆਂ ਫ਼ਸਲਾਂ ਬੀਜਣ ਲਈ ਜ਼ਿਆਦਾ ਸਮਾਂ ਵੀ ਮਿਲ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪੀਆਰ ਕਿਸਮਾਂ ਲਈ ਕੀਟਨਾਸ਼ਕਾਂ ਤੇ ਪਾਣੀ ਦੀ ਲੋੜ ਘੱਟ ਹੁੰਦੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਏ.ਬੀ.ਪੀ. ਸਾਂਝਾ