ਖੇਤੀ ਚੁਣੌਤੀਆਂ ਲਈ ਲਗਾਤਾਰ ਸੰਘਰਸ਼ਸ਼ੀਲ ਰਹਿਣ ਦੀ ਲੋੜ-ਡਾ. ਢਿੱਲੋਂ

January 04 2020

ਪੀ.ਏ.ਯੂ. ਦੇ ਉੱਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਨੇ ਪੀ.ਏ.ਯੂ. ਦੇ ਉਚ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਪਿਛਲੇ ਸਾਲ ਦਾ ਲੇਖਾ-ਜੋਖਾ ਕਰਦਿਆਂ ਖੇਤੀ ਵਿਕਾਸ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਕੀਤੀ। ਅਧਿਆਪਨ, ਖੋਜ ਅਤੇ ਪਸਾਰ ਗਤੀਵਿਧੀਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਖੇਤੀ ਸੰਕਟ ਨੂੰ ਮੰਡੀਕਰਨ ਅਤੇ ਭੋਜਨ ਪ੍ਰੋਸੈਸਿੰਗ ਦੇ ਸੰਦਰਭ ਵਿਚ ਦੇਖਣ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਇਸ ਦਰਜੇ ਨੂੰ ਬਣਾਈ ਰੱਖਣ ਲਈ ਸਾਨੂੰ ਲਗਾਤਾਰ ਖੋਜ ਅਤੇ ਪਸਾਰ ਕਾਰਜਾਂ ਵਿਚ ਗਤੀਸ਼ੀਲਤਾ ਲਿਆਉਣ ਦੇ ਨਾਲ-ਨਾਲ ਪ੍ਰਕਾਸ਼ਨਾਵਾਂ ਅਤੇ ਸਾਈਟੇਸ਼ਨ ਵੱਲ ਵੀ ਧਿਆਨ ਦੇਣਾ ਪਵੇਗਾ। ਖੇਤੀ ਖੋਜਾਂ ਅਤੇ ਯੂਨੀਵਰਸਿਟੀ ਦੀਆਂ ਖੇਤੀ ਸਿਫ਼ਾਰਸ਼ਾਂ ਨੂੰ ਪੰਜਾਬ ਦੇ ਕਿਸਾਨ ਤੱਕ ਪਹੁੰਚਾਉਣ ਲਈ ਲਗਾਤਾਰ ਜੱਦੋ-ਜਹਿਦ ਕਰਨੀ ਪਵੇਗੀ ਤਾਂ ਜੋ ਪੰਜਾਬ ਦੀ ਕਿਰਸਾਨੀ ਅਤੇ ਫ਼ਸਲਾਂ ਦੇ ਝਾੜ ਦੀ ਨਿਰੰਤਰਤਾ ਨੂੰ ਕਾਇਮ ਰੱਖਿਆ ਜਾ ਸਕੇ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਵੀ ਬਣੀ ਰਹੇ। ਜ਼ਿਕਰਯੋਗ ਹੈ ਕਿ ਮੀਟਿੰਗ ਦੌਰਾਨ ਜਿੱਥੇ ਭਵਿੱਖ ਲਈ ਯੋਜਨਾਬੰਦੀ ਲਈ ਵਿਚਾਰ ਚਰਚਾ ਕਰਦਿਆਂ ਸਭ ਨੇ ਆਪਣੇ-ਆਪਣੇ ਸੁਝਾਅ ਅਤੇ ਲੋੜਾਂ ਸਾਂਝੀਆਂ ਕੀਤੀਆਂ ਉਥੇ ਖੇਤੀ ਦੇ ਵਰਤਮਾਨ ਸੰਕਟਾਂ ਵਿਚ ਲਗਾਤਾਰ ਕਰਮਸ਼ੀਲ ਰਹਿਣ ਦਾ ਅਹਿਦ ਵੀ ਪ੍ਰਗਟਾਇਆ। ਡਾ. ਢਿੱਲੋਂ ਨੇ ਹੋਰ ਅਧਿਕਾਰੀਆ ਨਾਲ ਮਿਲ ਕੇ ਯੂਨੀਵਰਸਿਟੀ ਦਾ ਨਵੇਂ ਸਾਲ ਦਾ ਕੈਲੰਡਰ ਜਾਰੀ ਕੀਤਾ ਅਤੇ ਪੀ.ਏ.ਯੂ. ਦੀ ਫੈਕਲਟੀ, ਸਟਾਫ਼ ਅਤੇ ਇਸ ਨਾਲ ਜੁੜੇ ਹਰ ਕਰਮਚਾਰੀ ਨੂੰ ਨਵੇਂ ਸਾਲ ਦੀਆਂ ਸ਼ੁਭ ਇੱਛਾਵਾਂ ਦਿੱਤੀਆਂ ਅਤੇ ਪਿਛਲੇ ਸਾਲ ਦੀਆਂ ਪ੍ਰਾਪਤੀਆਂ ਦੀ ਵਧਾਈ ਵੀ ਦਿੱਤੀ। ਇਸ ਮੌਕੇ ਪੀ.ਏ.ਯੂ ਦੇ ਰਜਿਸਟਰਾਰ ਡਾ. ਰਾਜਿੰਦਰ ਸਿੰਘ ਸਿੱਧੂ, ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਗੁਰਿੰਦਰ ਕੌਰ ਸਾਂਘਾ, ਕਾਲਜਾਂ ਦੇ ਡੀਨ ਅਤੇ ਅਪਰ ਨਿਰਦੇਸ਼ਕ ਖੋਜ ਹਾਜ਼ਰ ਸਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਅਜੀਤ