ਖ਼ਤਰੇ ਦੀ ਘੰਟੀ! ਖੇਤੀ ਲਾਇਕ ਵੀ ਨਹੀਂ ਰਿਹਾ ਪੰਜਾਬ ਦਾ ਧਰਤੀ ਹੇਠਲਾ ਪਾਣੀ

July 01 2019

ਪੰਜਾਬ ਜਿੱਥੇ ਲਗਾਤਾਰ ਘੱਟਦੇ ਧਰਤੀ ਹੇਠਲੇ ਪਾਣੀ ਦੇ ਪੱਧਰ ਦੀ ਸਮੱਸਿਆ ਨਾਲ ਜੂਝ ਰਿਹਾ ਹੈ, ਉੱਥੇ ਹੀ ਹੁਣ ਇਸ ਪਾਣੀ ਦੀ ਗੁਣਵੱਤਾ ਵੀ ਖ਼ਤਰੇ ਵਿੱਚ ਪੈ ਗਈ ਹੈ। ਪੰਜਾਬ ਦਾ ਪਾਣੀ ਹੁਣ ਖੇਤੀ ਲਈ ਵੀ ਸਹੀ ਰਹੀ ਰਿਹਾ, ਇਹ ਖੁਲਾਸਾ ਖੇਤੀ ਵਿਭਾਗ ਵੱਲੋਂ ਕੀਤੀ ਪਾਣੀ ਦੀ ਜਾਂਚ ਵਿੱਚ ਹੋਇਆ ਹੈ।

ਇਸ ਵਾਰ ਜਦ ਬਰਨਾਲਾ ਜ਼ਿਲ੍ਹੇ ਵਿੱਚ ਖੇਤੀਬਾੜੀ ਵਿਭਾਗ ਨੇ ਫ਼ਸਲਾਂ ਨੂੰ ਸਿੰਜਣ ਵਾਲੇ ਪਾਣੀ ਦੀ ਗੁਣਵੱਤਾ ਜਾਂਚੀ ਤਾਂ ਇਸ ਵਿੱਚ ਪਿਛਲੇ ਸਾਲ ਤੋਂ ਕੋਈ ਸੁਧਾਰ ਨਹੀਂ ਦੇਖਿਆ ਗਿਆ। ਜ਼ਿਲ੍ਹੇ ਵਿੱਚ ਇਸ ਵਰ੍ਹੇ ਖੇਤੀ ਵਿਭਾਗ ਨੇ ਹੁਣ ਤਕ ਪਾਣੀ ਦੇ 217 ਨਮੂਨਿਆਂ ਦੀ ਜਾਂਚ ਕੀਤੀ, ਜਿਸ ਵਿੱਚੋਂ ਸਿਰਫ਼ 59 ਯਾਨੀ ਧਰਤੀ ਹੇਠਲੇ ਪਾਣੀ ਦੇ 29 ਫ਼ੀਸਦੀ ਸੈਂਪਲ ਹੀ ਖ਼ੇਤੀਯੋਗ ਪਾਏ ਗਏ।

ਵਿਭਾਗ ਵਲੋਂ ਪਾਣੀ ਦੀ ਗੁਣਵੱਤਾ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਹੈ। ਇਸ ਵੰਡ ਵਿੱਚ 59 ਸੈਂਪਲ ਪਹਿਲੇ ਪੱਧਰ, 77 ਸੈਂਪਲ ਦੂਜੇ ਦਰਜੇ ਅਤੇ 64 ਸੈਂਪਲ ਤੀਜੇ ਦਰਜੇ ਵਿੱਚ ਆਏ ਹਨ। ਪਹਿਲਾ ਦਰਜੇ ਨੂੰ ਹੀ ਖੇਤੀਯੋਗ ਮੰਨਿਆ ਗਿਆ ਹੈ। ਖੇਤੀ ਮਾਹਰਾਂ ਨੇ ਕਿਸਾਨਾਂ ਨੂੰ ਦੂਜੇ ਅਤੇ ਤੀਜੇ ਦਰਜੇ ਵਿੱਚ ਆਉਣ ਵਾਲੇ ਪਾਣੀ ਵਿੱਚ ਰੂੜੀ ਖਾਦ ਅਤੇ ਜਿਪਸਮ ਮਿਲਾ ਕੇ ਸਿੰਜਾਈ ਕਰਨ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ 17 ਸੈਂਪਲ ਖ਼ੇਤੀਯੋਗ ਸਹੀ ਨਹੀਂ ਹਨ, ਭਾਵ ਇਹ ਸੈਂਪਲ ਫ਼ੇਲ੍ਹ ਸਾਬਤ ਹੋਏ ਹਨ। ਫ਼ੇਲ੍ਹ ਹੋਏ ਸੈਂਪਲਾਂ ਵਾਲਾ ਪਾਣੀ ਫ਼ਸਲਾਂ ਨੂੰ ਉਗਾਉਣ ਦੇ ਯੋਗ ਨਹੀਂ ਰਿਹਾ।

ਖੇਤੀ ਮਾਹਰਾਂ ਨੇ ਦੱਸਿਆ ਕਿ ਜਿਸ ਪਾਣੀ ਵਿੱਚ ਸੋਡੀਅਮ ਦੀ ਮਾਤਰਾ ਹੱਦ ਤੋਂ ਵੱਧ ਹੋ ਜਾਂਦੀ ਹੈ, ਉਹ ਪਾਣੀ ਵਰਤੋਂ ਯੋਗ ਨਹੀਂ ਰਹਿੰਦਾ। ਘੱਟ ਸੋਡੀਅਮ ਵਾਲੇ ਪਾਣੀ ਵਿੱਚ ਜਿਪਸਮ ਅਤੇ ਹੋਰ ਖ਼ਾਦ ਦਾ ਪ੍ਰਯੋਗ ਕਰਕੇ ਖ਼ੇਤੀਯੋਗ ਕੀਤਾ ਜਾ ਸਕਦਾ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਏ.ਬੀ.ਪੀ. ਸਾਂਝਾ