ਕੰਢੀ ਜ਼ਿਲ੍ਹਿਆਂ ਵਿਚ ਪਹਿਲੀ ਜੂਨ ਤੋਂ ਝੋਨਾ ਲਾਉਣ ਦੀ ਇਜਾਜ਼ਤ ਮੰਗੀ

May 25 2019

ਗਰੀਨ ਟ੍ਰਿਬਿਊਨਲ ਦੀ ਸਿਫ਼ਾਰਸ਼ ਅਨੁਸਾਰ ਪੰਜਾਬ ਸਰਕਾਰ ਵੱਲੋਂ 20 ਜੂਨ ਨੂੰ ਝੋਨਾ ਲਾਉਣ ਦੀ ਤਰੀਕ ਦਾ ਸਮਾਂ ਪੱਕਾ ਕੀਤਾ ਗਿਆ ਹੈ ਪਰ ਲੋਕ ਸਭਾ ਵੋਟਾਂ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 13 ਜੂਨ ਤੋਂ ਝੋਨਾ ਲਾਉਣ ਦੀ ਤਰੀਕ ਦਾ ਐਲਾਨ ਕੀਤਾ ਸੀ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਕੰਢੀ ਜ਼ਿਲ੍ਹਿਆਂ ਗੁਰਦਾਸਪੁਰ, ਪਠਾਨਕੋਟ ਤੇ ਹੁਸ਼ਿਆਰਪੁਰ ਵਿਚ ਝੋਨਾ ਲਾਉਣ ਦੀ ਤਰੀਕ 1 ਜੂਨ ਕੀਤੀ ਜਾਵੇ ਕਿਉਂਕਿ ਇਨ੍ਹਾਂ ਜ਼ਿਲ੍ਹਿਆਂ ਵਿਚ ਬਾਕੀ ਪੰਜਾਬ ਦੇ ਮੁਕਾਬਲੇ ਬਰਸਾਤ ਆਮ ਨਾਲੋਂ ਜ਼ਿਆਦਾ ਅਤੇ ਲੰਮੇ ਸਮੇਂ ਤੱਕ ਜਾਰੀ ਰਹਿੰਦੀ ਹੈ।

ਕਿਸਾਨਾਂ ਜਰਨੈਲ ਸਿੰਘ, ਮੋਹਨ ਸਿੰਘ, ਗੁਰਦੀਪ ਸਿੰਘ ਨਾਨੋਵਾਲ, ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਕੰਢੀ ਖੇਤਰ ਨਾਲ ਲਗਦੇ ਜ਼ਿਲ੍ਹਿਆਂ ਵਿਚ 10 ਜੂਨ ਤੋਂ ਬਾਅਦ ਬੀਜੇ ਝੋਨੇ ਦੇ ਪੱਕਣ ਸਮੇਂ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ ਲੇਟ ਬੀਜੇ ਝੋਨੇ ਦੇ ਪੱਕਣ ਸਮੇਂ ਹਵਾ ਵਿੱਚ ਨਮੀ ਦੀ ਮਾਤਰਾ ਵੱਧ ਜਾਂਦੀ ਹੈ, ਜਿਸ ਕਾਰਨ ਝੋਨੇ ਦੇ ਪੱਕਣ ਮੌਕੇ ਕਿਸਾਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਦੇ ਨਾਲ ਹੀ ਦਾਣਾ ਦਾ ਰੰਮ ਵੀ ਬਦਰੰਗ ਹੋਣ ਕਾਰਨ ਪੂਰਾ ਮੁੱਲ ਨਹੀਂ ਮਿਲਦਾ। ਨਮੀ ਦੀ ਮਾਤਰਾ ਲੋੜ ਨਾਲੋਂ ਵੱਧ ਹੋਣ ਕਾਰਨ ਝੋਨਾ ਵੇਚਣ ਅਤੇ ਖ਼ਰੀਦਣ ਸਮੇਂ ਕਿਸਾਨਾਂ ਅਤੇ ਅੜਤੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਸਾਨਾਂ ਨੇ ਇਹ ਵੀ ਮੰਗ ਕੀਤੀ ਕਿ ਝੋਨਾ ਲਾਉਣ ਲਈ 1 ਜੂਨ ਤੋਂ 12-14 ਘੰਟੇ ਤੱਕ ਟਿਊਬਵੈੱਲਾਂ ਲਈ ਨਿਰਵਿਘਨ ਬਿਜਲੀ ਸਪਲਾਈ ਅਤੇ ਨਹਿਰਾਂ ਵਿੱਚ ਪਾਣੀ ਛੱਡਿਆ ਜਾਵੇ। ਇਸ ਦੌਰਾਨ ਜਸਬੀਰ ਸਿੰਘ , ਸਰਬਜੀਤ ਸਿੰਘ, ਗੁਰਨਾਮ ਸਿੰਘ, ਜਤਿੰਦਰ ਸਿੰਘ, ਅਜੀਤ ਸਿੰਘ, ਚਰਨਜੀਤ ਸਿੰਘ ਰਿਆੜ, ਮਨਜੀਤ ਸਿੰਘ ਸ਼ਾਮਲ ਸਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ