ਕਿਸਾਨਾਂ ਲਈ ਖ਼ੁਸ਼ਖ਼ਬਰੀ, ਕੇਂਦਰ ਸਰਕਾਰ ਜਲਦ ਜਾਰੀ ਕਰ ਸਕਦੀ ਹੈ 10,000 ਕਰੋੜ ਰੁਪਏ!

April 02 2020

ਸਾਉਣੀ ਦੀ ਫ਼ਸਲ ਨੂੰ ਹੋਏ ਨੁਕਸਾਨ ਨਾਲ ਕਿਸਾਨਾਂ ਦੇ ਵਧੇ ਸੰਕਟ ਨੂੰ ਦੂਰ ਕਰਨ ਲਈ ਕੇਂਦਰ ਦੀ ਮੋਦੀ ਸਰਕਾਰ ਵੱਲੋਂ 20 ਅਪ੍ਰੈਲ ਤੱਕ 10,000 ਕਰੋੜ ਰੁਪਏ ਦਾ ਪੈਕੇਜ ਜਾਰੀ ਕੀਤਾ ਜਾ ਸਕਦਾ ਹੈ। ਇਸ ਗੱਲ ਦੇ ਕਾਫ਼ੀ ਦਿਨਾਂ ਤੋਂ ਕਿਆਸ ਲਗਾਏ ਜਾ ਰਹੇ ਸੀ ਪਰ ਕੋਰੋਨਾ ਸੰਕਟ ਵਿਚ 21 ਦਿਨਾਂ ਦੇ ਲੌਕਡਾਊਨ ਦੌਰਾਨ ਸਰਕਾਰ ਇਹ ਰਾਹਤ ਦੇਣ ਦਾ ਮੰਨ ਬਣਾ ਰਹੀ ਹੈ।

ਬੀਤੇ ਸਾਲ ਅਕਤੂਬਰ ਅਤੇ ਨਵੰਬਰ ਦੇ ਮਹੀਨੇ ਵਿਚ ਹੋਈ ਬਾਰਿਸ਼ ਦੇ ਚਲਦੇ ਝੋਨੇ ਸਮੇਤ ਸਾਉਣੀ ਦੇ ਸੀਜ਼ਨ ਦੀਆਂ ਫ਼ਸਲਾਂ ਨੂੰ ਵੱਡਾ ਨੁਕਸਾਨ ਪਹੁੰਚਿਆ ਸੀ। ਇਸ ‘ਤੇ ਕਿਸਾਨ ਸੰਗਠਨਾਂ ਵੱਲੋਂ ਰਾਹਤ ਦੀ ਗੁਹਾਰ ਲਗਾਈ ਗਈ ਸੀ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਤਹਿਤ ਇਹ ਰਾਸ਼ੀ ਸਿੱਧੇ ਕਿਸਾਨਾਂ ਦੇ ਖਾਤਿਆਂ ਵਿਚ ਟ੍ਰਾਂਸਫਰ ਕੀਤੀ ਜਾਵੇਗੀ।

ਸਰਕਾਰ ਵੱਲੋਂ ਬੀਮਾ ਕੰਪਨੀਆਂ ‘ਤੇ ਲਗਾਤਾਰ ਦਬਾਅ ਪਾਇਆ ਜਾ ਰਿਹਾ ਹੈ ਕਿ ਜਲਦ ਹੀ ਰਾਸ਼ੀ ਜਾਰੀ ਕੀਤੀ ਜਾਵੇ। ਸਰਕਾਰ ਜਲਦ ਹੀ ਇਸ ਰਾਸ਼ੀ ਨੂੰ ਟ੍ਰਾਂਸਫਰ ਕਰਾਉਣਾ ਚਾਹੁੰਦੀ ਹੈ ਕਿਉਂਕਿ ਲੌਕਡਾਊਨ ਦੇ ਚਲਦੇ ਕਿਸਾਨਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮੀਡੀਆ ਰਿਪੋਰਟ ਅਨੁਸਾਰ ਖੇਤੀਬਾੜੀ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ, ‘ਬੀਮੇ ਦੀ ਰਾਸ਼ੀ ਦਾ ਹਿਸਾਬ ਆਖਰੀ ਦੌਰ ਵਿਚ ਹੈ। ਜਲਦੀ ਹੀ ਅਸੀਂ ਕਿਸਾਨਾਂ ਤੱਕ ਰਾਸ਼ੀ ਪਹੁੰਚਾਵਾਂਗੇ। ਕੁਝ ਦਿਨ ਪਹਿਲਾਂ ਹੀ ਮਹਾਰਾਸ਼ਟਰ ਦੇ ਕਿਸਾਨਾਂ ਲਈ 4500 ਕਰੋੜ ਰੁਪਏ ਦੀ ਰਕਮ ਜਾਰੀ  ਕੀਤੀ ਗਈ ਸੀ।

ਅਧਿਕਾਰੀ ਨੇ ਕਿਹਾ, ‘ਮਹਾਰਾਸ਼ਟਰ ਦੇ ਦਾਅਵਿਆਂ ਦਾ ਮੁਲਾਂਕਣ ਕਰਨ ਤੋਂ ਬਾਅਦ ਅਸੀਂ ਕਰੀਬ 800 ਜਾਂ 1000 ਕਰੋੜ ਰੁਪਏ ਤੱਕ ਦੀ ਰਾਸ਼ੀ ਜਲਦ ਹੀ ਜਾਰੀ ਕਰਨ ਵਾਲੇ ਹਾਂ। ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਕਿਸਾਨਾਂ ਲਈ 2500 ਕਰੋੜ ਜਾਂ ਫਿਰ 3000 ਕਰੋੜ ਜਾਰੀ ਕੀਤੇ ਜਾ ਸਕਦੇ ਹਨ। ਕਰਨਾਟਕਾ ਲਈ 1500 ਕਰੋੜ, ਰਾਜਸਥਾਨ ਲਈ 1200 ਕਰੋੜ ਅਤੇ ਆਂਧਰਾ ਪ੍ਰਦੇਸ਼ ਲਈ 800 ਤੋਂ 1000 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਜਾ ਸਕਦੀ ਹੈ’।


ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਰੋਜ਼ਾਨਾ ਸਪੋਕਸਮੈਨ