ਕਿਸਾਨਾਂ ਲਈ ਮਿਸਾਲ ਬਣੀ ਪੰਜਾਬ ਦੀ ਧੀ ਨੇ ਕਰਾਈ ਬੱਲੇ-ਬੱਲੇ

January 14 2020

ਅੰਮ੍ਰਿਤਸਰ ਦੇ ਵੇਰਕਾ ਦੀ ਰਹਿਣ ਵਾਲੀ ਹਰਿੰਦਰ ਕੌਰ ਨੂੰ ਕੇਂਦਰ ਸਰਕਾਰ ਵੱਲੋਂ ਕ੍ਰਿਸ਼ੀ ਕਰਮਨ ਪੁਰਸਕਾਰ ਨਾਲ ਨਵਾਜਿਆ ਗਿਆ ਹੈ। ਹਰਿੰਦਰ ਕੌਰ ਦੇ ਨਾਂ ਖਰਾਬ ਮੌਸਮ ਵਿਚ ਵੀ 1 ਏਕੜ ਵਿਚ 19 ਕੁਇੰਟਲ ਬਾਸਮਤੀ ਫਸਲ ਉਗਾਉਣ ਦਾ ਰਿਕਾਰਡ ਹੈ। ਹਰਿੰਦਰ ਕੌਰ 33 ਏਕੜ ਜ਼ਮੀਨ ਦੀ ਮਾਲਕਣ ਹੈ।

ਹਰਿੰਦਰ ਕੌਰ ਦਾ 1998 ਵਿਚ ਕਮਲਜੀਤ ਸਿੰਘ ਨਾਲ ਵਿਆਹ ਹੋਇਆ ਤੇ ਫਿਰ 2000 ਵਿਚ ਪਰਿਵਾਰ ਪਿੰਡ ਬਲਬੀਰਪੁਰਾ ਆ ਗਿਆ। ਪਹਿਲਾਂ ਹਰਿੰਦਰ ਆਪਣੇ ਪਤੀ ਨਾਲ ਖੇਤੀ ਵਿਚ ਹੱਥ ਵਟਾਉਂਦੀ ਸੀ ਪਰ ਬਾਅਦ ਵਿਚ ਉਨ੍ਹਾਂ ਦੇ ਪਤੀ ਬੀਮਾਰ ਰਹਿਣ ਲੱਗ ਗਏ ਜਿਸ ਤੋਂ ਬਾਅਦ ਹਰਿੰਦਰ ਕੌਰ ਨੇ ਖੁਦ ਇਕੱਲਿਆਂ ਹੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ।

ਖੇਤੀ ਉਤਪਾਦਨ ਕਮੇਟੀ ਦੀ ਮੈਂਬਰ ਹਰਿੰਦਰ ਕੌਰ 32 ਏਕੜ ਜ਼ਮੀਨ ਤੇ ਖ਼ੁਦ ਟਰੈਕਟਰ ਚਲਾ ਕੇ ਕਣਕ, ਝੋਨੇ ਸਮੇਤ ਸਬਜ਼ੀਆਂ ਦੀ ਖੇਤੀ ਵੀ ਕਰਦੀ ਹੈ। ਹਰਿੰਦਰ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਦੀ 2017 ਵਿਚ ਮੌਤ ਹੋਣ ਤੋਂ ਬਾਅਦ ਉਹ ਇਕੱਲੇ ਆਪਣੇ 3 ਬੱਚਿਆਂ ਨੂੰ ਪਾਲ ਰਹੀ ਹੈ।

ਦੱਸ ਦਈਏ ਕਿ ਸਾਲ 2017-18 ਦੇ ਸੀਜ਼ਨ ਵਿਚ ਹਰਿੰਦਰ ਨੇ ਆਪਣੇ ਖੇਤ ਵਿਚ ਝੋਨਾ ਲਗਾਇਆ ਸੀ। ਖਰਾਬ ਮੌਸਮ ਕਾਰਨ ਜਿੱਥੇ ਸੂਬੇ ਦੇ ਜ਼ਿਆਦਾਤਰ ਕਿਸਾਨ ਇਸ ਦੀ ਮਾਰ ਹੇਠ ਆ ਗਏ ਸਨ।

ਉਥੇ ਹੀ ਬਾਵਜੂਦ ਇਸ ਦੇ ਹਰਿੰਦਰ ਨੇ 1 ਏਕੜ ਵਿਚ ਬਾਸਮਤੀ 1509 ਦੀ 19 ਕੁਇੰਟਲ ਫਸਲ ਉਗਾਈ, ਜੋ ਕਿ ਖਰਾਬ ਮੌਸਮ ਵਿਚ ਵੱਡੀ ਉਪਲੱਬਧੀ ਹੈ। ਇਸ ਤੋਂ ਇਲਾਵਾ ਹਰਿੰਦਰ ਕੌਰ ਦੱਸਦੀ ਹੈ ਕਿ ਉਹ ਪਰਾਲੀ ਸਾੜਨ ਦੀ ਬਜਾਏ ਖੇਤ ਵਿਚ ਹੀ ਇਸਤੇਮਾਲ ਕਰਦੀ ਹੈ। 

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਰੋਜ਼ਾਨਾ ਸਪੋਕਸਮੈਨ