ਕਿਸਾਨਾਂ ਲਈ ਖੁਸ਼ਖਬਰੀ! ਕੈਪਟਨ ਨੇ ਕੀਤਾ ਵਾਅਦਾ ਪੂਰਾ

May 29 2019

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੋਣਾਂ ਦੌਰਾਨ ਕਿਸਾਨਾਂ ਨਾਲ ਕੀਤਾ ਆਪਣਾ ਵਾਅਦਾ ਪੂਰਾ ਕਰਨ ਜਾ ਰਹੇ ਹਨ। ਪਾਵਰਕੌਮ ਦੇ ਸੂਤਰਾਂ ਮੁਤਾਬਕ ਕਿਸਾਨਾਂ ਨੂੰ ਝੋਨੇ ਦੀ ਲੁਆਈ ਲਈ 20 ਦੀ ਬਜਾਏ 13 ਜੂਨ ਤੋਂ ਹੀ ਬਿਜਲੀ ਦਿੱਤੀ ਜਾਵੇਗੀ। ਪਾਵਰਕੌਮ ਨੇ ਐਤਕੀਂ 13 ਜੂਨ ਤੋਂ ਅੱਠ ਘੰਟੇ ਰੋਜ਼ ਦਿਨ-ਰਾਤ ਦੇ ਵੱਖ-ਵੱਖ ਤਿੰਨ ਗਰੁੱਪਾਂ ਵਿੱਚ ਬਿਜਲੀ ਸਪਲਾਈ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ।

ਦਰਅਸਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ ਐਲਾਨ ਕੀਤਾ ਸੀ ਕਿ ਝੋਨੇ ਦੀ ਲੁਆਈ 20 ਦੀ ਬਜਾਏ 13 ਜੂਨ ਤੋਂ ਹੀ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਚੋਣ ਜ਼ਾਬਤੇ ਕਰਕੇ ਕੋਈ ਵੀ ਅਫਸਰ ਇਸ ਬਾਰੇ ਖੁੱਲ੍ਹ ਕੇ ਬੋਲਣ ਲਈ ਤਿਆਰ ਨਹੀਂ ਸੀ। ਇਸ ਕਰਕੇ ਕਿਸਾਨਾਂ ਨੂੰ ਲੱਗ ਰਿਹਾ ਸੀ ਕਿ ਕਿਤੇ ਇਹ ਚੋਣ ਜੁਮਲਾ ਹੀ ਨਾ ਨਿਕਲੇ। ਚੋਣ ਜ਼ਾਬਤਾ ਖਤਮ ਹੋਣ ਤੋਂ ਬਾਅਦ ਸਪਸ਼ਟ ਹੋ ਗਿਆ ਹੈ ਕਿ ਕਿਸਾਨ 13 ਜੂਨ ਤੋਂ ਝੋਨੇ ਦੀ ਲੁਆਈ ਕਰ ਸਕਣਗੇ।

ਇਸ ਬਾਰੇ ਸਰਕਾਰ ਨੇ ਪਾਵਰਕੌਮ ਨੂੰ ਹਦਾਇਤਾਂ ਕੀਤੀਆਂ ਹਨ ਕਿ ਝੋਨੇ ਦੇ ਸੀਜ਼ਨ ਵਿੱਚ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ। ਇਸ ਦੇ ਨਾਲ ਹੀ ਪਾਵਰਕੌਮ ਵੱਲੋਂ ਸੜੇ ਟਰਾਂਸਫਾਰਮਰਾਂ ਦੀ ਨੌਬਤ ਆਉਣ ਦੇ ਮੱਦੇਨਜ਼ਰ ਐਤਕੀਂ ਡਿਵੀਜ਼ਨ ਪੱਧਰ ’ਤੇ ਨਵੇਂ ਟਰਾਂਸਫਾਰਮਰਾਂ ਦਾ ਭੰਡਾਰ ਰੱਖਣ ਦਾ ਫੈਸਲਾ ਵੀ ਲਿਆ ਗਿਆ ਹੈ। ਇਸ ਨਾਲ ਟਰਾਂਸਫਾਰਮਰ ਬਦਲਣ ਵਿੱਚ ਜ਼ਿਆਦਾ ਖੱਜਲ-ਖੁਆਰੀ ਨਹੀਂ ਹੋਏਗੀ।

ਪਾਵਰਕੌਮ ਦੇ ਸੀਐਮਡੀ ਇੰਜਨੀਅਰ ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ ਪੈਡੀ ਸੀਜ਼ਨ ਲਈ ਪੁਖਤਾ ਕੀਤੇ ਜਾ ਰਹੇ ਬਿਜਲੀ ਪ੍ਰਬੰਧਾਂ ਨੂੰ ਅੰਤਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਸਰਕਾਰ ਦੇ ਨਿਰਦੇਸ਼ ’ਤੇ ਪੈਡੀ ਸੀਜ਼ਨ 13 ਜੂਨ ਨੂੰ ਆਰੰਭਿਆ ਜਾ ਰਿਹਾ ਹੈ। ਪਾਵਰਕੌਮ ਵੱਲੋਂ ਪੈਡੀ ਸੀਜ਼ਨ ਲਈ ਬਿਜਲੀ ਦੇ ਕੀਤੇ ਜਾ ਰਹੇ ਪੁਖਤਾ ਪ੍ਰਬੰਧਾਂ ਵਜੋਂ ਐਤਕੀਂ 14 ਹਜ਼ਾਰ ਮੈਗਾਵਾਟ ਪ੍ਰਤੀ ਦਿਨ ਤੱਕ ਬਿਜਲੀ ਖਪਤ ਦੇ ਪ੍ਰਬੰਧ ਕੀਤੇ ਜਾ ਰਹੇ ਹਨ।

ਉਂਜ ਪਾਵਰਕੌਮ ਨੂੰ ਉਮੀਦ ਹੈ ਕਿ ਐਤਕੀਂ ਸੀਜ਼ਨ ਦੇ ਆਰੰਭਲੇ ਹਫ਼ਤਿਆਂ ਦੌਰਾਨ ਬਿਜਲੀ ਮੰਗ ਦਾ ਅੰਕੜਾ 13500 ਮੈਗਾਵਾਟ ਤੱਕ ਹੀ ਅੱਪੜ ਸਕੇਗਾ। ਬਿਜਲੀ ਪ੍ਰਬੰਧਾਂ ਵਜੋਂ ਪਾਵਰਕੌਮ ਵੱਲੋਂ ਸੂਬੇ ਅੰਦਰ ਖੇਤੀ ਨਾਲ ਜੁੜੀਆਂ 70 ਦੇ ਕਰੀਬ ਡਵੀਜ਼ਨਾਂ ਨੂੰ ਸੀਜ਼ਨ ਦੌਰਾਨ ਟਰਾਂਸਫਾਰਮਰਾਂ ਨਾਲ ਲੈਸ ਕੀਤਾ ਜਾ ਰਿਹਾ ਹੈ। ਹਰ ਥਰਮਲ ਵਿੱਚ ਕੋਇਲੇ ਦੇ ਚੰਗੇ ਭੰਡਾਰ ਹਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਏ.ਬੀ.ਪੀ. ਸਾਂਝਾ