ਕਿਸਾਨਾਂ ਨੂੰ ਮੱਛੀ ਪਾਲਣ ਦਾ ਧੰਦਾ ਅਪਣਾਉਣ ਲਈ ਪ੍ਰੇਰਿਆ

November 25 2019

ਮੱਛੀ ਪਾਲਣ ਵਿਭਾਗ, ਫ਼ਤਹਿਗੜ੍ਹ ਸਾਹਿਬ ਵੱਲੋਂ ਵਰਲਡ ਫਿਸ਼ਰੀਜ਼ ਡੇਅ ਸਬੰਧੀ ਸਮਾਗਮ ਪਿੰਡ ਰਤਨਗੜ੍ਹ ਰੱਤੋ ਦੇ ਅਗਾਂਹਵਧੂ ਮੱਛੀ ਪਾਲਕ ਅਵਤਾਰ ਸਿੰਘ ਦੇ ਮੱਛੀ ਫਾਰਮ ਵਿਚ ਕਰਵਾਇਆ ਗਿਆ। ਇਸ ਮੌਕੇ ਸਹਾਇਕ ਡਾਇਰੈਕਟਰ ਮੱਛੀ ਪਾਲਣ ਗੁਰਪ੍ਰੀਤ ਸਿੰਘ ਨੇ ਮੱਛੀ ਪਾਲਕਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਖੇਤੀਬਾੜੀ ਵਿੱਚ ਵਿਭਿੰਨਤਾ ਲਿਆਉਣ ਲਈ ਮੱਛੀ ਪਾਲਣ ਮੁੱਖ ਕਿੱਤਾ ਵਜੋਂ ਉੱਭਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਰਮਜੀਤ ਸਿੰਘ, ਮੁੱਖ ਕਾਰਜਕਾਰੀ ਅਫ਼ਸਰ ਮੱਛੀ ਪਾਲਕ ਵਿਕਾਸ ਏਜੰਸੀ ਫ਼ਤਹਿਗੜ੍ਹ ਸਾਹਿਬ ਤੇ ਤੇਜਿੰਦਰ ਸਿੰਘ ਫਾਰਮ ਸੁਪਰਡੈਂਟ ਮੱਛੀ ਪਾਲਕ ਵਿਕਾਸ ਏਜੰਸੀ ਬਾਗੜੀਆਂ ਫੱਗਣਮਾਜਰਾ ਰਾਸ਼ਟਰੀ ਪੱਧਰੀ ’ਤੇ ਵਰਲਡ ਫਿਸ਼ਰੀਜ਼ ਡੇਅ ਮਨਾਉਣ ਲਈ ਐਨਏਐੱਸ ਕੰਪਲੈਕਸ, ਪੂਸਾ ਨਵੀਂ ਦਿੱਲੀ ਵਿਖੇ 10 ਅਗਾਂਹਵਧੂ ਮੱਛੀ ਪਾਲਕਾਂ ਨੂੰ ਰਾਸ਼ਟਰੀ ਪੱਧਰ ‘ਤੇ ਆਯੋਜਿਤ ਪ੍ਰੋਗਰਾਮ ਵਿਖੇ ਸ਼ਮੂਲੀਅਤ ਕਰਾਉਣ ਲਈ ਲੈ ਕੇ ਗਏ ਹਨ। ਸਮਾਗਮ ਦੌਰਾਨ ਸ੍ਰੀਮਤੀ ਸੁਖਵਿੰਦਰ ਕੌਰ ਮੱਛੀ ਪਾਲਣ ਅਫ਼ਸਰ ਫ਼ਤਹਿਗੜ੍ਹ ਸਾਹਿਬ ਵੱਲੋਂ ਵਿਭਾਗ ਦੀਆਂ ਚੱਲ ਰਹੀਆਂ ਸਕੀਮਾਂ ਅਤੇ ਮੱਛੀ ਪਾਲਣ ਧੰਦੇ ਦੀ ਮੁੱਢਲੀ ਜਾਣਕਾਰੀ ਦਿੱਤੀ ਗਈ। ਮੱਛੀ ਪਾਲਣ ਅਫ਼ਸਰ ਬਲਜੋਤ ਕੌਰ ਨੇ ਮੱਛੀ ਪਾਲਕਾਂ ਨੂੰ ਖੁਰਾਕੀ ਤੱਤਾਂ, ਖ਼ੁਰਾਕ ਬਣਾਉਣ ਤੇ ਫੀਡ ਪਾਉਣ ਦੇ ਤਰੀਕਿਆਂ ਬਾਰੇ ਦੱਸਿਆ। ਇਸ ਮੌਕੇ ਮੱਛੀ ਪਾਲਕ ਹਰਦੀਪ ਸਿੰਘ ਪਿੰਡ ਦੁਲਵਾਂ ਅਤੇ ਅਵਤਾਰ ਸਿੰਘ ਭੜੀ ਨੇ ਕਿਸਾਨਾਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ। ਸਮਾਗਮ ਵਿੱਚ ਗੁਰਮੇਜ ਸਿੰਘ ਖੇਤਰੀ ਸਹਾਇਕ ਅਤੇ ਸਤੀਸ਼ ਕੁਮਾਰ ਸਮੇਤ ਕਈ ਕਿਸਾਨ ਮੌਜੂਦ ਸਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ