ਕਿਸਾਨਾਂ ਨੂੰ ਪੈਨਸ਼ਨ ਲਈ ਨਹੀਂ ਦੇਣਾ ਪਏਗਾ ਪ੍ਰੀਮੀਅਮ, ਪੀਐਮ ਕਿਸਾਨ ਨਿਧੀ ਤੋਂ ਕੱਟੇ ਜਾਣਗੇ ਪੈਸੇ

June 21 2019

ਪੀਐਮ ਕਿਸਾਨ ਪੈਨਸ਼ਨ ਯੋਜਨਾ ਲਈ ਕਿਸਾਨਾਂ ਨੂੰ ਵੱਖਰੇ ਤੌਰ ਤੇ ਨਕਦ ਪ੍ਰੀਮੀਅਮ ਦੇਣ ਦੀ ਜ਼ਰੂਰਤ ਨਹੀਂ। ਕਿਸਾਨਾਂ ਨੂੰ ਰਾਹਤ ਦੇਣ ਲਈ ਪੀਐਮ ਸਨਮਾਨ ਨਿਧੀ ਵਿੱਚੋਂ ਪੈਨਸ਼ਨ ਯੋਜਨਾ ਨੂੰ ਲਿੰਕ ਕਰ ਦਿੱਤਾ ਜਾਏਗਾ। ਇਸ ਨਾਲ ਤੈਅ ਸਮੇਂ ਤੇ ਪੈਨਸ਼ਨ ਯੋਜਨਾ ਦੀ ਪ੍ਰੀਮੀਅਮ ਖ਼ਾਤੇ ਵਿੱਚੋਂ ਹੀ ਕੱਟੀ ਜਾਏਗੀ। ਸਰਕਾਰ ਨੇ ਇਸ ਦੇ ਲਈ ਕੰਮ ਸ਼ੁਰੂ ਕਰ ਦਿੱਤਾ ਹੈ।

ਕਿਸਾਨਾਂ ਲਈ ਸ਼ੁਰੂ ਕੀਤੀ ਜਾ ਰਹੀ ਪੈਨਸ਼ਨ ਯੋਜਨਾ ਨੂੰ ਦੋ ਮਹੀਨਿਆਂ ਵਿੱਚ ਲਾਂਚ ਕਰਨ ਦੀ ਤਿਆਰੀ ਹੈ। ਮੰਤਰਾਲੇ ਵਿੱਚ ਹੋਈ ਬੈਠਕ ਚ ਇਹ ਗੱਲ ਸਾਹਮਣੇ ਆਈ ਹੈ ਕਿ ਬੈਂਕ ਆਦਿ ਕਿਸਾਨਾਂ ਦੇ ਘਰ ਤੋਂ ਕਾਫੀ ਦੂਰ ਹੁੰਦੇ ਹਨ। ਇਸ ਵਜ੍ਹਾ ਕਰਕੇ ਉਹ ਅਜਿਹੀਆਂ ਯੋਜਨਾਵਾਂ ਪ੍ਰਤੀ ਲਾਪਰਵਾਹੀ ਵਰਤਦੇ ਹਨ। ਇਸ ਨੂੰ ਧਿਆਨ ਵਿੱਚ ਰੱਖਦਿਆਂ ਮੰਤਰਾਲਾ ਖ਼ਾਤਾ ਲਿੰਕ ਕਰਨ ਦੀ ਤਿਆਰੀ ਕਰ ਰਿਹਾ ਹੈ।

ਖੇਤੀ ਮੰਤਰਾਲੇ ਨੇ ਅਗਸਤ ਤਕ ਦੇਸ਼ ਭਰ ਦੇ ਸਾਰੇ 14 ਕਰੋੜ ਛੋਟੇ ਵੱਡੇ ਕਿਸਾਨਾਂ ਨੂੰ ਪੀਐਮ ਕਿਸਾਨ ਸਨਮਾਨ ਯੋਜਨਾ ਦਾ ਲਾਭ ਦੇਣ ਦਾ ਲਕਸ਼ ਰੱਖਿਆ ਹੈ। ਫਿਲਹਾਲ ਹਾਲੇ ਤਕ 3.11 ਕਰੋੜ ਕਿਸਾਨਾਂ ਨੂੰ ਭੁਗਤਾਨ ਕੀਤਾ ਜਾ ਚੁੱਕਿਆ ਹੈ ਜਦਕਿ 80 ਲੱਖ ਦੇ ਕਰੀਬ ਕਿਸਾਨਾਂ ਦੇ ਡੇਟਾ ਦੀ ਜਾਂਚ ਕੀਤੀ ਜਾ ਰਹੀ ਹੈ, ਇਨ੍ਹਾਂ ਨੂੰ ਇਸੇ ਮਹੀਨੇ ਭੁਗਤਾਨ ਕਰ ਦਿੱਤਾ ਜਾਏਗਾ।

ਇਸ ਦੇ ਇਲਾਵਾ ਅਗਸਤ ਤਕ ਸਰਕਾਰ ਪੀਐਮ ਕਿਸਾਨ ਪੈਨਸ਼ਨ ਯੋਜਨਾ ਲਾਂਚ ਕਰ ਸਕਦੀ ਹੈ। ਸਾਰੇ ਕਿਸਾਨਾਂ ਦੇ ਪੀਐਮ ਸਨਮਾਨ ਨਿਧੀ ਯੋਜਨਾ ਦੇ ਤਹਿਤ ਰਜਿਸਟਰਡ ਹੁੰਦਿਆਂ ਹੀ ਪੈਨਸ਼ਨ ਯੋਜਨਾ ਵੀ ਸ਼ੁਰੂ ਕਰ ਦਿੱਤੀ ਜਾਏਗੀ ਤੇ ਉਸੇ ਨਾਲ ਲਿੰਕ ਕਰ ਦਿੱਤੀ ਜਾਏਗੀ। ਪੀਐਮ ਸਨਮਾਨ ਨਿਧੀ ਤੋਂ ਔਸਤਨ ਕਿਸਾਨਾਂ ਦੇ ਖ਼ਾਤੇ ਵਿੱਚੋਂ 1200 ਰੁਪਏ ਸਾਲਾਨਾ ਕੱਟੇ ਜਾਣਗੇ। ਯੋਜਨਾ ਲਈ ਕਿਸਾਨਾਂ ਦੀ ਉਮਰ 18 ਤੋਂ 40 ਵਿਚਾਲੇ ਹੋਣੀ ਚਾਹੀਦੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਏ.ਬੀ.ਪੀ. ਸਾਂਝਾ