ਕਿਸਾਨਾਂ ਦੀ ਫਸਲ ਦਾ ਹੋਇਆ ਨੁਕਸਾਨ ਤਾਂ ਮੋਦੀ ਸਰਕਾਰ ਦਏਗੀ ਮੁਆਵਜ਼ਾ!

October 21 2019

ਮੋਦੀ ਸਰਕਾਰ ਨੇ ਕਿਸਾਨਾਂ ਦੀ ਵੱਡੀ ਸਮੱਸਿਆ ਦਾ ਹੱਲ ਕੱਢਿਆ ਹੈ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (Pradhan Mantri Fasal Bima Yojana) ਤਹਿਤ ਹੁਣ ਸੈਟੇਲਾਈਟ ਦੁਆਰਾ ਫਸਲ ਦੇ ਨੁਕਸਾਨ ਦਾ ਮੁਲਾਂਕਣ ਕੀਤਾ ਜਾਵੇਗਾ। ਇਸ ਦੇ ਰਾਹੀਂ ਸਮਾਰਟ ਸੈਂਪਲਿੰਗ ਕੀਤੀ ਜਾਏਗੀ। ਇਸ ਨਾਲ ਕਿਸਾਨਾਂ ਨੂੰ ਬੀਮੇ ਦੇ ਦਾਅਵਿਆਂ ਦੀ ਅਦਾਇਗੀ ਪਹਿਲਾਂ ਨਾਲੋਂ ਜਲਦੀ ਹੋ ਜਾਵੇਗੀ। ਇਸ ਨੂੰ ਦੇਸ਼ ਦੇ 10 ਸੂਬਿਆਂ ਦੇ 96 ਜ਼ਿਲ੍ਹਿਆਂ ਵਿੱਚ ਇੱਕ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂ ਕੀਤਾ ਗਿਆ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਇਹ ਜਾਣਕਾਰੀ ਦਿੱਤੀ ਹੈ।

ਤੋਮਰ ਨੇ ਦੱਸਿਆ ਕਿ ਇਸ ਸਕੀਮ (PMFBY) ਦੇ ਤਹਿਤ ਸਿਰਫ ਝੋਨੇ ਦੀ ਫਸਲ ਦੀ ਸੈਂਪਲਿੰਗ ਕੀਤੀ ਦਾ ਰਹੀ ਹੈ। ਹਾੜੀ ਦੀ ਫਸਲ ਵਾਲੇ ਸੀਜ਼ਨ ਵਿੱਚ ਦੂਜੇ ਸੂਬਿਆਂ ਦੀਆਂ ਹੋਰ ਫਸਲਾਂ ਵੀ ਇਸ ਵਿੱਚ ਸ਼ਾਮਲ ਕੀਤੀਆਂ ਜਾਣਗੀਆਂ। ਇਸ ਤਕਨੀਕ ਨਾਲ ਫ਼ਸਲਾਂ ਦੇ ਝਾੜ ਦਾ ਸਹੀ ਅਨੁਮਾਨ ਲਗਾਇਆ ਜਾ ਸਕੇਗਾ, ਜਿਸ ਨਾਲ ਕਿਸਾਨਾਂ ਨੂੰ ਜਲਦੀ ਹੀ ਬੀਮੇ ਦੇ ਦਾਅਵਿਆਂ ਦੀ ਅਦਾਇਗੀ ਮਿਲ ਜਾਵੇਗੀ। ਹਾਲਾਂਕਿ, ਪ੍ਰੋਜੈਕਟ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਖੇਤੀਬਾੜੀ ਵਿਭਾਗ ਦੇ ਕਰਮਚਾਰੀ ਫੀਲਡ ਵਿੱਚ ਜਾ ਕੇ ਨਿਰੀਖਣ ਵੀ ਕਰਨਗੇ।

PMFBY ਵਿੱਚ ਕਿਵੇਂ ਮਿਲਦਾ ਹੈ ਲਾਭ?

  • ਬਿਜਾਈ ਦੇ 10 ਦਿਨਾਂ ਦੇ ਅੰਦਰ, ਕਿਸਾਨ ਨੂੰ PMFBY ਦੀ ਅਰਜ਼ੀ ਭਰਨੀ ਹੋਏਗੀ।
  • ਬੀਮੇ ਦਾ ਲਾਭ ਤਾਂ ਹੀ ਦਿੱਤਾ ਜਾਏਗਾ ਜੇ ਤੁਹਾਡੀ ਫਸਲ ਕੁਦਰਤੀ ਆਫ਼ਤ ਕਾਰਨ ਨੁਕਸਾਨੀ ਗਈ ਹੈ।
  • ਬਿਜਾਈ ਤੋਂ ਕਟਾਈ ਤੱਕ ਖੜ੍ਹੀਆਂ ਫਸਲਾਂ ਨੂੰ ਕੁਦਰਤੀ ਆਫ਼ਤਾਂ, ਬਿਮਾਰੀਆਂ ਅਤੇ ਕੀੜਿਆਂ ਦਾ ਮੁਆਵਜ਼ਾ ਮਿਲੇਗਾ।
  • ਖੜ੍ਹੀਆਂ ਫਸਲਾਂ ਨੂੰ ਸਥਾਨਕ ਆਫਤਾਂ, ਗੜੇਮਾਰੀ, ਜ਼ਮੀਨ ਖਿਸਕਣ, ਬੱਦਲ ਫਟਣ, ਅਕਾਸ਼ੀ ਬਿਜਲੀ ਤੋਂ ਹੋਏ ਨੁਕਸਾਨ ਦਾ ਮੁਆਵਜ਼ਾ ਮਿਲੇਗਾ।
  • ਵਾਢੀ ਤੋਂ ਬਾਅਦ, ਅਗਲੇ 14 ਦਿਨਾਂ ਤੱਕ ਖੇਤ ਵਿੱਚ ਸੁੱਕਣ ਲਈ ਰੱਖੀ ਗਈ ਫਸਲ ਨੂੰ ਬੇਮੌਸਮੀ ਚੱਕਰਵਾਤੀ ਬਾਰਸ਼, ਗੜੇਮਾਰੀ ਤੇ ਤੂਫਾਨ ਤੋਂ ਹੋਏ ਨੁਕਸਾਨ ਦੀ ਸਥਿਤੀ ਵਿੱਚ ਵਿਅਕਤੀਗਤ ਆਧਾਰ ਤੇ ਨੁਕਸਾਨ ਦਾ ਆਂਕਲਣ ਕਰਕੇ ਬੀਮਾ ਕੰਪਨੀ ਭਰਪਾਈ ਕਰੇਗੀ।
  • ਅਣਸੁਖਾਵੀਂ ਮੌਸਮੀ ਹਾਲਤਾਂ ਦੇ ਕਾਰਨ ਜੇ ਫਸਲ ਦੀ ਬਿਜਾਈ ਨਹੀਂ ਹੋਈ ਤਾਂ ਤੁਹਾਨੂੰ ਉਸਦਾ ਲਾਭ ਮਿਲੇਗਾ।

ਕਿੰਨਾ ਦੇਣਾ ਪਏਗਾ ਪ੍ਰੀਮੀਅਮ

ਸਾਉਣੀ ਦੀ ਫਸਲ ਲਈ 2 ਫੀਸਦੀ ਪ੍ਰੀਮੀਅਮ ਤੇ ਹਾੜੀ ਦੀ ਫਸਲ ਲਈ 1.5 ਫੀਸਦੀ ਪ੍ਰੀਮੀਅਮ ਅਦਾ ਕਰਨਾ ਪੈਂਦਾ ਹੈ। PMFBY ਸਕੀਮ ਵਿੱਚ ਵਪਾਰਕ ਤੇ ਬਾਗਬਾਨੀ ਫਸਲਾਂ ਲਈ ਵੀ ਬੀਮਾ ਸੁਰੱਖਿਆ ਮਿਲੇਗੀ। ਇਸ ਵਿੱਚ ਕਿਸਾਨਾਂ ਨੂੰ 5 ਫੀਸਦੀ ਪ੍ਰੀਮੀਅਮ ਦਾ ਭੁਗਤਾਨ ਕਰਨਾ ਪੈਂਦਾ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਏ.ਬੀ.ਪੀ. ਸਾਂਝਾ