ਕਿਸਾਨਾਂ ਦਾ ਰੁਝਾਨ ਪੂਸਾ 44 ਤੇ ਪੀਲੀ ਪੂਸਾ ਵੱਲ ਵਧਿਆ

June 03 2019

ਸੂਬਾ ਸਰਕਾਰ ਨੇ ਆਉਣ ਵਾਲੀ 13 ਜੂਨ ਤੋਂ ਕਿਸਾਨਾਂ ਨੂੰ ਝੋਨਾ ਲਾਉਣ ਲਈ ਹਰੀ ਝੰਡੀ ਦੇ ਦਿੱਤੀ ਹੈ ਤੇ ਕਿਸਾਨਾਂ ਵੱਲੋਂ ਝੋਨਾ ਲਾਉਣ ਲਈ ਪਨੀਰੀਆਂ ਤਿਆਰ ਕਰ ਲਈਆਂ ਹਨ। ਇਸ ਵਾਰ ਜ਼ਿਲ੍ਹਾ ਸੰਗਰੂਰ ਦੇ ਕਿਸਾਨਾਂ ਦਾ ਰੁਝਾਨ ਖੇਤੀਬਾੜੀ ਵਿਭਾਗ ਤੋਂ ਉਲਟ ਪੂਸਾ-44 ਤੇ ਪੀਲੀ ਪੂਸਾ ਕਿਸਮਾਂ ਵੱਲ ਜ਼ਿਆਦਾ ਹੈ ਕਿਉਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੀ ਵਾਰ ਪੂਸਾ -44 ਤੇ ਪੀਲੀ ਪੂਸਾ ਤੋਂ ਬਿਨਾਂ ਬਾਕੀ ਕਿਸਮਾਂ ਦਾ ਝਾੜ ਬਹੁਤ ਘੱਟ ਨਿਕਲਿਆ ਸੀ।

ਕਿਸਾਨ ਗੁਰਪ੍ਰੀਤ ਸਿੰਘ ਤੇਜੇ ਬਾਲਦ ਕਲਾਂ, ਸੁਖਜੀਤ ਸਿੰਘ ਬਾਲਦ ਕਲਾਂ, ਮਨਦੀਪ ਸਿੰਘ ਬਾਲਦ ਖ਼ੁਰਦ, ਮੱਖਣ ਸਿੰਘ ਬਾਲਦ ਖੁਰਦ, ਗੁਰਿੰਦਰਜੀਤ ਸਿੰਘ ਬੁੱਟਰ, ਕੁਲਵਿੰਦਰ ਸਿੰਘ, ਹਰਪਾਲ ਸਿੰਘ, ਰਾਜਵਿੰਦਰ ਸਿੰਘ, ਜਸਪਾਲ ਸਿੰਘ, ਕਰਮ ਸਿੰਘ, ਅਵਤਾਰ ਸਿੰਘ ਮਾਝੀ ਦਾ ਕਹਿਣਾ ਹੈ ਕਿ ਪੂਸਾ-44 ਤੇ ਪੀਲੀ ਪੂਸਾ ਕਿਸਮਾਂ ਸਮਾਂ ਤਾਂ ਵੱਧ ਲੈਂਦੀਆਂ ਹਨ ਪਰ ਇਨ੍ਹਾਂ ਦਾ ਝਾੜ ਚੰਗਾ ਹੁੰਦਾ ਹੈ। ਪਿਛਲੇ ਸਾਲ ਕਿਉਂਕਿ ਪੂਸਾ-44, ਪੀਲੀ ਪੂਸਾ ਦਾ ਝਾੜ 30 ਤੋਂ 35 ਕੁਇੰਟਲ ਰਿਹਾ ਤੇ ਬਾਕੀ ਪੀਆਰ ਕਿਸਮਾਂ ਦਾ ਤਕਰੀਬਨ 25 ਕੁਇੰਟਲ ਤਕ ਰਿਹਾ ਸੀ, ਜਿਸ ਕਾਰਨ ਕਿਸਾਨਾਂ ਦਾ ਰੁਝਾਨ ਪੂਸਾ-44 ਅਤੇ ਪੀਲੀ ਪੂਸਾ ਵੱਲ ਹੈ।

ਇਸ ਸਬੰਧੀ ਪੈਸਟੀਸਾਈਡ ਵੇਚਣ ਵਾਲਿਆਂ ਤੇ ਸੀਡ ਸਟੋਰ ਦੇ ਸੰਚਾਲਕਾਂ ਨੇ ਦੱਸਿਆ ਕਿ ਕਿਸਾਨਾਂ ਦਾ ਰੁਝਾਨ 70 ਫੀਸਦੀ ਧਿਆਨ ਪੂਸਾ-44 ਤੇ ਪੀਲੀ ਪੂਸਾ ਵੱਲ ਹੈ। ਪਰਮਲ ਕਿਸਮਾਂ ਤੇ ਬਾਸਮਤੀ ਕਿਸਮਾਂ ਵੱਲ ਥੋੜ੍ਹਾ ਧਿਆਨ ਦੇਖਣ ਨੂੰ ਮਿਲਿਆ ਹੈ।

ਜਦੋਂ ਖੇਤੀਬਾੜੀ ਬਲਾਕ ਅਫਸਰ ਭਵਾਨੀਗੜ੍ਹ ਕੁਲਦੀਪਇੰਦਰ ਸਿੰਘ ਢਿੱਲੋਂ ਤੇ ਵਿਕਾਸ ਅਫਸਰ ਮਨਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੂਸਾ 44 ਤੇ ਪੀਲੀ ਪੂਸਾ ਨੂੰ ਖੇਤੀਬਾੜੀ ਵਿਭਾਗ ਮਾਨਤਾ ਨਹੀਂ ਦਿੰਦਾ ਕਿਉਂਕਿ ਇਹ ਜ਼ਿਆਦਾ ਸਮਾਂ ਲੈਂਦੀਆਂ ਹਨ, ਪਾਣੀ ਦੀ ਖਪਤ ਜ਼ਿਆਦਾ ਹੁੰਦੀ ਹੈ ਤੇ ਪਹਿਲਾਂ ਹੀ ਪੰਜਾਬ ਵਿਚ ਪਾਣੀ ਦੀ ਸਤ੍ਹਾ ਲਗਾਤਾਰ ਹੇਠਾਂ ਜਾ ਰਹੀ ਹੈ। ਜ਼ਿਆਦਾ ਸਮਾਂ ਲੈਣ ਵਾਲੀਆਂ ਕਿਸਮਾਂ ਤੇ ਖ਼ਤਰਨਾਕ ਬਿਮਾਰੀਆਂ ਦਾ ਹਮਲਾ ਜ਼ਿਆਦਾ ਹੁੰਦਾ ਹੈ, ਜਿਸ ਕਾਰਨ ਕਿਸਾਨਾਂ ਦੇ ਖਰਚ ਵਿਚ ਵਾਧਾ ਹੁੰਦਾ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਜਾਗਰਣ