ਕਿਸਾਨ ਮੰਡੀ ਦੌਰਾਨ ਨਹੀਂ ਲੱਗੇਗਾ ਜਾਮ

May 11 2019

ਮੁਹਾਲੀ ਦੇ ਸੈਕਟਰ 78 ਅਤੇ 79 ਦੇ ਚੌਕ ਵਿੱਚ ਲੱਗਦੀ ਕਿਸਾਨ ਮੰਡੀ ਹੁਣ ਆਵਾਜਾਈ ਵਿੱਚ ਵਿਘਨ ਨਹੀਂ ਪਾਵੇਗੀ। ਸਥਾਨਕ ਸੈਕਟਰਾਂ ਦੀਆਂ ਵੈੱਲਫ਼ੇਅਰ ਐਸੋਸੀਏਸ਼ਨਾਂ ਅਤੇ ਰਾਹਗੀਰਾਂ ਦੀ ਮੰਗ ’ਤੇ ਮਾਰਕੀਟ ਕਮੇਟੀ ਖਰੜ ਦੇ ਸਕੱਤਰ ਉਪਿੰਦਰ ਸਿੰਘ ਕੋਠਾਗੁਰੂ ਨੇ ਅੱਜ ਸਬੰਧਤ ਥਾਂ ਦਾ ਮੁਆਇਨਾ ਕੀਤਾ ਤੇ ਕਿਸਾਨ ਮੰਡੀ ਨੂੰ ਸਬੰਧਿਤ ਸੈਕਟਰ ਵਿੱਚ ਹੀ ਸੜਕ ਤੋਂ ਦੋ ਸੌ ਫ਼ੁੱਟ ਦੇ ਕਰੀਬ ਪਿੱਛੇ ਪਈ ਖਾਲੀ ਥਾਂ ਵਿੱਚ ਲਗਾਏ ਜਾਣ ਦੇ ਨਿਰਦੇਸ਼ ਦਿੱਤੇ। ਇੱਥੇ ਹਰ ਸੋਮਵਾਰ ਨੂੰ ਕਿਸਾਨ ਮੰਡੀ ਲੱਗਦੀ ਹੈ ਤੇ ਹੁਣ 13 ਮਈ ਸੋਮਵਾਰ ਨੂੰ ਇਹ ਮੰਡੀ ਸੜਕ ਤੋਂ ਪਿੱਛੇ ਹਟਵੀਂ ਨਵੀਂ ਥਾਂ ਉੱਤੇ ਲੱਗੇਗੀ।

ਕਮੇਟੀ ਦੇ ਸਕੱਤਰ ਸ੍ਰੀ ਕੋਠਾ ਗੁਰੂ ਨੇ ਦੱਸਿਆ ਕਿ ਕਿਸਾਨ ਮੰਡੀ ਵਿੱਚ ਕਿਸਾਨਾਂ ਵੱਲੋਂ ਵੇਚੀ ਜਾਂਦੀ ਸਬਜ਼ੀ ਖਰੀਦਣ ਆਉਂਦੇ ਸ਼ਹਿਰ ਵਾਸੀਆਂ ਦੇ ਵਾਹਨਾਂ ਨਾਲ ਇੱਥੇ ਹਰ ਹਫ਼ਤੇ ਜਾਮ ਵਰਗੀ ਸਥਿਤੀ ਬਣੀ ਰਹਿੰਦੀ ਸੀ ਅਤੇ ਹਾਦਸੇ ਵੀ ਵਾਪਰ ਰਹੇ ਸਨ। ਇਸ ਨਾਲ ਸਥਾਨਕ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ।

ਕਮੇਟੀ ਦੇ ਸਕੱਤਰ ਨੇ ਦੱਸਿਆ ਕਿ ਨਵੀਂ ਥਾਂ ਨਾਲ ਪਾਰਕਿੰਗ ਦੀ ਸਮੱਸਿਆ ਵੀ ਹੱਲ ਹੋ ਜਾਵੇਗੀ ਅਤੇ ਸੜਕ ’ਤੇ ਆਵਾਜਾਈ ਵਿੱਚ ਵੀ ਵਿਘਨ ਨਹੀਂ ਪਵੇਗਾ। ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਨਵੀਂ ਥਾਂ ’ਤੇ ਕਿਸਾਨ ਮੰਡੀ ਲਾਉਣ ਲਈ ਕਮੇਟੀ ਦੇ ਕਰਮਚਾਰੀਆਂ ਦੀਆਂ ਡਿਊਟੀਆਂ ਲਾ ਦਿੱਤੀਆਂ ਹਨ।

ਸਥਾਨਕ ਵਾਸੀਆਂ ਨੇ ਮੰਗ ਪੂਰੀ ਹੋਣ ’ਤੇ ਮਾਰਕੀਟ ਕਮੇਟੀ ਦੇ ਸਕੱਤਰ ਦਾ ਧੰਨਵਾਦ ਕੀਤਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ