ਕਿਸਾਨ ਮੇਲੇ ਦੌਰਾਨ ਚਾਰ ਕਿਸਾਨਾਂ ਦਾ ਹੋਵੇਗਾ ਸਨਮਾਨ

March 14 2019

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਲੁਧਿਆਣਾ ਕੈਂਪਸ ’ਚ 15 ਮਾਰਚ ਨੂੰ ਲੱਗਣ ਵਾਲੇ ਦੋ ਰੋਜ਼ਾ ਕਿਸਾਨ ਮੇਲੇ ਮੌਕੇ ਖੇਤੀਬਾੜੀ, ਬਾਗਬਾਨੀ ਅਤੇ ਹੋਰ ਸਹਾਇਕ ਧੰਦਿਆਂ ਵਿੱਚ ਵਿਸ਼ੇਸ਼ ਕਾਰਗੁਜ਼ਾਰੀ ਦਿਖਾਉਣ ਵਾਲੇ ਚਾਰ ਕਿਸਾਨਾਂ ਦਾ ਸਨਮਾਨ ਕੀਤਾ ਜਾਵੇਗਾ। ਇਨ੍ਹਾਂ ਕਿਸਾਨਾਂ ’ਚੋਂ ਗੁਰਵਿੰਦਰ ਸਿੰਘ ਸੰਧੂ ਤੇ ਸਰਬਜੀਤ ਸਿੰਘ ਢਿੱਲੋਂ ਦੀ ਚੋਣ ਬਾਗਬਾਨੀ ਦੇ ਖੇਤਰ ਵਿੱਚ ਮੁੱਖ ਮੰਤਰੀ ਪੁਰਸਕਾਰ ਲਈ ਹੋਈ ਹੈ। ਸ੍ਰੀ ਸੰਧੂ ਪਿੰਡ ਜਿੰਦਾਂਵਾਲਾ, ਜ਼ਿਲ੍ਹਾ ਤਰਨ ਤਾਰਨ ਦਾ ਅਗਾਂਹਵਧੂ ਬਾਗਬਾਨ ਹੈ, ਜੋ ਆਪਣੀ 27 ਏਕੜ ਜ਼ਮੀਨ ਵਿੱਚ ਫ਼ਲ, ਫੁੱਲ ਅਤੇ ਸਬਜ਼ੀਆਂ ਦੀ ਕਾਸ਼ਤ ਕਰ ਰਿਹਾ ਹੈ। ਗੁਰਵਿੰਦਰ ਸਿੰਘ ਨਾਖਾਂ, ਆੜੂ, ਅਮਰੂਦ, ਮਟਰ, ਆਲੂ, ਗਾਜਰ, ਫੁੱਲ ਗੋਭੀ, ਲਸਣ ਅਤੇ ਗੇਂਦੇ ਦੀ ਵਿਗਿਆਨਕ ਢੰਗ ਨਾਲ ਖੇਤੀ ਕਰ ਰਿਹਾ ਹੈ। ਕਿਸਾਨ ਸ੍ਰੀ ਢਿੱਲੋਂ ਪਿੰਡ ਬੁਰਜ ਢਿੱਲਵਾਂ, ਜ਼ਿਲ੍ਹਾ ਮਾਨਸਾ ਦਾ ਰਹਿਣ ਵਾਲਾ ਹੈ, ਜੋ ਗਲੈਡੀਓਲਜ਼ ਦੀ ਖੇਤੀ ਕਰਕੇ ਪੰਜਾਬ ਵਿੱਚ ਫੁੱਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰ ਰਿਹਾ ਹੈ। ਸਰਬਜੀਤ ਸਿੰਘ ਯੂਨੀਵਰਸਿਟੀ ਮਾਹਿਰਾਂ ਦੀਆਂ ਸਿਫ਼ਾਰਸ਼ਾਂ ਅਤੇ ਤਕਨੀਕਾਂ ਅਨੁਸਾਰ ਅੱਜ ਪੰਜਾਬ ਅਤੇ ਹਰਿਆਣੇ ਦੀਆਂ ਮੰਡੀਆਂ ਵਿੱਚ ਗਰੇਡ ਕੀਤੇ ਫੁੱਲ ਅਤੇ ਬੀਜ ਵੇਚ ਕੇ ਚੰਗਾ ਮੁਨਾਫ਼ਾ ਕਮਾ ਰਿਹਾ ਹੈ। ਰੋਹਿਤ ਗੁਪਤਾ, ਲਾਂਬੜਾ, ਜ਼ਿਲ੍ਹਾ ਜਲੰਧਰ ਦਾ ਉਹ ਨੌਜਵਾਨ ਹੈ, ਜਿਸ ਨੇ ਬੀ.ਟੈੱਕ ਤੱਕ ਦੀ ਵਿੱਦਿਆ ਪ੍ਰਾਪਤ ਕੀਤੀ ਹੋਈ ਹੈ। ਗੁਪਤਾ ਦੀ ਚੋਣ ਖੇਤੀ ਵਿੱਚ ਆਧੁਨਿਕ ਮਸ਼ੀਨੀਕਰਨ ਅਪਣਾਉਣ ਵਾਲੇ ਅਗਾਂਹਵਧੂ ਕਿਸਾਨ ਵਜੋਂ ਸੀਆਰਆਈ ਪੰਪ ਪੁਰਸਕਾਰ ਲਈ ਹੋਈ ਹੈ। ਇਸੇ ਤਰ੍ਹਾਂ ਪ੍ਰਦੀਪ ਸਿੰਘ ਪਿੰਡ ਬੀਰਾਵਾਲ, ਤਹਿਸੀਲ ਨਾਭਾ, ਜ਼ਿਲ੍ਹਾ ਪਟਿਆਲਾ ਦਾ ਵਸਨੀਕ ਹੈ, ਜੋ ਸੁਰੱਖਿਅਤ ਖੇਤੀ ਦੇ ਖੇਤਰ ਵਿੱਚ ਨਵੀਆਂ ਪੈੜਾਂ ਸਿਰਜ ਰਿਹਾ ਹੈ। ਉਸ ਦੀ ਚੋਣ ਫ਼ਸਲ ਉਤਪਾਦਨ/ ਬਾਗਬਾਨੀ/ ਫੁੱਲਾਂ ਦੀ ਖੇਤੀ ਵਾਲੇ ਵਰਗ ਵਿੱਚ ਸਰਦਾਰਨੀ ਪ੍ਰਕਾਸ਼ ਕੌਰ ਸਰਾਂ ਯਾਦਗਾਰੀ ਪੁਰਸਕਾਰ ਲਈ ਹੋਈ ਹੈ। ਪ੍ਰਦੀਪ ਸਿੰਘ ਨੇ ਖੁੰਬਾਂ ਦੀ ਖੇਤੀ, ਮੱਖੀ ਪਾਲਣ, ਬੀਜ ਉਤਪਾਦਨ ਆਦਿ ਤਰੀਕੇ ਅਪਣਾ ਕੇ ਸਫ਼ਲਤਾ ਨਾਲ ਖੇਤੀ ਨੂੰ ਮੁਨਾਫ਼ੇ ਵਾਲਾ ਕਿੱਤਾ ਸਾਬਤ ਕੀਤਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ