ਕਿਸਾਨ ਦਾ ਕ੍ਰਿਸ਼ਮਾ! ਪੰਜਾਬ ਚ ਸੇਬਾਂ ਦੀ ਖੇਤੀ, ਕਿੰਨੂ ਦੀ ਫਸਲ ਨਾਲੋਂ ਵੱਧ ਮੁਨਾਫਾ

May 27 2019

ਹੁਸ਼ਿਆਰਪੁਰ ਦੇ ਪਿੰਡ ਚੁਹਾਲ ਵਿੱਚ ਸੇਬ ਦੀ ਖ਼ੇਤੀ ਕੀਤੀ ਜਾ ਰਹੀ ਹੈ। ਗੁਰਿੰਦਰ ਸਿੰਘ ਬਾਜਵਾ ਨਾਂ ਦੇ ਕਿਸਾਨ ਨੇ ਸੇਬ ਦੀ ਪੈਦਾਵਾਰ ਕਰਕੇ ਆਪਣੀ ਸੋਚ ਨੂੰ ਆਪਣੀ ਮਿਹਨਤ ਨਾਲ ਸੱਚ ਕਰ ਦਿਖਾਇਆ ਹੈ। ਕਿਸਾਨ ਹੋਣ ਦੇ ਨਾਲ-ਨਾਲ ਗੁਰਿੰਦਰ ਸਿੰਘ ਬਾਜਵਾ ਬਾਗ਼ਬਾਨੀ ਵਿਭਾਗ ਵਿੱਚ ਮੌਜੂਦਾ ਸਹਾਇਕ ਡਾਇਰੈਕਟਰ ਬਾਗਵਾਨੀ ਵਿਭਾਗ, ਲੁਧਿਆਣਾ ਵਜੋਂ ਵੀ ਤਾਇਨਾਤ ਹਨ।

ਉਨ੍ਹਾਂ ਦੱਸਿਆ ਕਿ 1985 ਤੋਂ 1989 ਤਕ ਉਨ੍ਹਾਂ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕੀਤਾ ਜਿਸ ਵਿੱਚ ਸੇਬ ਦੀ ਫ਼ਸਲ ਤੇ ਦਵਾਈ ਦਾ ਛਿੜਕਾਅ ਕੀਤਾ ਜਾਂਦਾ ਸੀ। ਇਸ ਕਾਰਨ ਉਨ੍ਹਾਂ ਨੂੰ ਸੇਬਾਂ ਦੀ ਫ਼ਸਲ ਤੇ ਦਵਾਈ ਦਾ ਛਿੜਕਾਅ ਕਰਨ ਲਈ ਸ੍ਰੀਨਗਰ ਰਹਿਣਾ ਪਿਆ ਸੀ।

ਉਸ ਦੌਰਾਨ ਉਹ ਸੇਬ ਦੀ ਫ਼ਸਲ ਤੋਂ ਇੰਨਾ ਪ੍ਰਭਾਵਿਤ ਹੋਏ ਕਿ ਉਨ੍ਹਾਂ ਇਸ ਦੀ ਪੈਦਾਵਾਰ ਕਰਨ ਦਾ ਸੋਚ ਲਿਆ ਤੇ ਸੇਬ ਦੀਆਂ ਕਿਸਮਾਂ ਬਾਰੇ ਜਾਣਕਾਰੀ ਲੈਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਸੇਬ ਦੀਆ ਕੁਝ ਕਿਸਮਾਂ ਏਦਾਂ ਦੀਆਂ ਹਨ ਜੋ ਕਿ ਲੋਅ ਚਿਲਿੰਗ ਵਰਾਇਟੀ (ਘੱਟ ਠੰਢ ਵਿੱਚ) ਚ ਵੀ ਉਗਾਈਆਂ ਜਾ ਸਕਦੀਆਂ ਹਨ। ਇਸ ਪਿੱਛੋਂ ਉਨ੍ਹਾਂ ਸੇਬ ਦੀਆਂ 4 ਕਿਸਮਾਂ ਲਿਆ ਕੇ ਲਾਈਆਂ।

ਗੁਰਿੰਦਰ ਸਿੰਘ ਮੁਤਾਬਕ ਜਿੱਥੇ ਹਿਮਾਚਲ ਦੇ ਸੇਬ ਨੂੰ 1800 ਤੋਂ 2200 ਘੈਂਟ ਠੰਢਕ ਚਾਹੀਦੀ ਹੈ, ਉੱਥੇ ਹੀ ਇਸ ਲੋਏ ਚਿਲਿੰਗ ਵਰਾਇਟੀ ਦੇ ਸੇਬ ਨੂੰ 150 ਤੋਂ 200 ਘੈਂਟ ਹੀ ਠੰਢਕ ਚਾਹੀਦੀ ਹੈ। ਪਿੰਡ ਚੁਹਾਲ ਦਾ ਇਹ ਖੇਤਰ ਇਸ ਤਾਪਮਾਨ ਮੁਤਾਬਕ ਬਿਲਕੁਲ ਸਹੀ ਹੈ। ਇਸ ਕਰਕੇ ਉਨ੍ਹਾਂ ਇੱਥੇ ਬੂਟੇ ਲਾਏ ਤੇ ਪੰਜਾਬ ਦੇ ਕੰਢੀ ਖੇਤਰ ਵਿੱਚ ਇਹ ਮੌਸਮ ਰੋਪੜ ਤੋਂ ਲੈ ਕੇ ਪਠਾਨਕੋਟ ਤਕ ਆਸਾਨੀ ਨਾਲ ਮਿਲ ਜਾਂਦਾ ਹੈ।

ਗੁਰਿੰਦਰ ਸਿੰਘ ਨੇ ਜਦੋਂ ਇਨ੍ਹਾਂ ਬੂਟਿਆਂ ਦੀ ਕਾਮਯਾਬੀ ਦੇਖੀ ਤਾਂ ਹੁਣ ਉਨ੍ਹਾਂ 450 ਦੇ ਲਗਪਗ ਸੇਬ ਦੇ ਬੂਟੇ ਲਾਏ। ਇਸ ਫ਼ਸਲ ਨੂੰ ਪਹਿਲੀ ਵਾਰ 50 ਰੁਪਏ ਪ੍ਰਤੀ ਕਿਲੋ ਵੇਚਿਆ। ਇਸ ਦੇ ਸਵਾਦ ਤੇ ਵੱਡੀਆਂ ਕਿਸਮਾਂ ਨੂੰ ਦੇਖਦਿਆਂ ਅਗਲੀ ਵਾਰ ਇਹ ਫ਼ਸਲ 90 ਰੁਪਏ ਕਿੱਲੋ ਦੇ ਹਿਸਾਬ ਨਾਲ ਵਿਕੀ। ਇੱਕ ਸਹੀ ਬੂਟਾ 30 ਤੋਂ 35 ਕਿੱਲੋ ਸੇਬ ਦੀ ਪੈਦਾਵਾਰ ਦੇ ਰਿਹਾ ਹੈ। ਗੁਰਿੰਦਰ ਸਿੰਘ ਮੁਤਾਬਕ ਕਿਨੂੰ ਦੀ ਫ਼ਸਲ ਨਾਲੋਂ ਇਸ ਫ਼ਸਲ ਵਿੱਚ ਕਿਤੇ ਜ਼ਿਆਦਾ ਨਫ਼ਾ ਹੈ।

ਗੁਰਵਿੰਦਰ ਸਿੰਘ ਮੁਤਾਬਕ ਮਿਹਨਤ ਬਾਕੀ ਬਾਗਾਂ ਜਿੰਨੀ ਹੀ ਕਰਨੀ ਪੈਂਦੀ ਹੈ ਪਰ ਬੂਟੇ ਇਕੱਠੇ ਕਰਨ ਵਿੱਚ ਬਹੁਤ ਮੁਸ਼ਕਲ ਹੋਈ। ਸਰਕਾਰ ਵੱਲੋਂ ਹਾਲੇ ਤਕ ਇਸ ਫ਼ਸਲ ਨੂੰ ਕੋਈ ਸਹੂਲਤ ਤੇ ਸਬਸਿਡੀ ਨਹੀਂ ਦਿੱਤੀ ਜਾਂਦੀ ਪਰ ਆਉਣ ਵਾਲੇ ਸਮੇਂ ਚ ਉਮੀਦ ਕੀਤੀ ਜਾ ਸਕਦੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਏ.ਬੀ.ਪੀ. ਸਾਂਝਾ