ਕਣਕ ਦੀ ਵਾਢੀ ‘ਤੇ ਪਵੇਗਾ ਬਦਲਦੇ ਮੌਸਮ ਦਾ ਪ੍ਰਭਾਵ

March 18 2019

ਪਹਿਲੀ ਅਪ੍ਰੈਲ ਤੋਂ ਹੋਣ ਵਾਲੀ ਕਣਕ ਦੀ ਫਸਲ ਦੀ ਵਾਢੀ ਮੌਸਮ ਦੀ ਗੜਬੜੀ ਕਾਰਨ ਇਕ ਹਫਤੇ ਤੱਕ ਪਛੜ ਸਕਦੀ ਹੈ। ਹੁਣ ਵਾਢੀ ਦੇ ਪਛੜਨ ਕਾਰਨ ਕਣਕ 20 ਅਪ੍ਰੈਲ ਤੱਕ ਮੰਡੀਆਂ ਵਿਚ ਪੁੱਜੇਗੀ। ਕਿਸਾਨਾਂ ਦਾ ਕਹਿਣਾ ਹੈ ਕਿ ਮੌਸਮ ਵਿਚ ਅਚਾਨਕ ਆਈ ਤਬਦੀਲੀ ਕਾਰਨ ਝਾੜ ਪ੍ਰਭਾਵਿਤ ਨਹੀਂ ਹੋਵੇਗਾ।

ਕਿਸਾਨਾਂ ਦੀ ਮੰਨੀਏ ਤਾਂ ਆਮ ਤੌਰ ਤੇ ਵਾਢੀ ਅਪ੍ਰੈਲ ਦੇ ਦੂਜੇ ਹਫ਼ਤੇ ਸ਼ੁਰੂ ਹੁੰਦੀ ਹੈ, ਪਰ ਇਸ ਵਾਰ ਕੁਝ ਸਮਾਂ ਅੱਗੇ ਹੋ ਸਕਦੀ ਹੈ। ਹਾਲਾਂਕਿ ਕਈ ਥਾਵਾਂ ਤੇ ਤੇਜ਼ ਹਵਾਵਾਂ ਕਾਰਨ ਥੋੜ੍ਹੀ ਬਹੁਤੀ ਕਣਕ ਦੇ ਵਿਛਣ ਦੀਆਂ ਖ਼ਬਰਾਂ ਵੀ ਹਨ। ਕਈ ਕਿਸਾਨਾਂ ਦਾ ਮੰਨਣਾ ਹੈ ਕਿ ਇਸ ਸਮੇਂ ਪੈ ਰਹੇ ਹਲਕੇ ਮੀਂਹ ਦਾ ਫਸਲਾਂ ਨੂੰ ਫਾਇਦਾ ਹੈ, ਕਿਉਂਕਿ ਸਿੰਜਾਈ ਲਈ ਉਨ੍ਹਾਂ ਨੂੰ ਨਹਿਰੀ ਪਾਣੀ ਦੀ ਘਾਟ ਰਹਿੰਦੀ ਹੈ, ਇਸ ਲਈ ਹਲਕੀ ਬਾਰਿਸ਼ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰ ਦਿੰਦੀ ਹੈ।

ਉੱਧਰ, ਰੋਜ਼ਾਨਾ ਬਦਲ ਰਹੇ ਮੌਸਮ ਨੇ ਫਲ ਕਾਸ਼ਤਕਾਰਾਂ ਦੇ ਫਿਕਰ ਵਧਾ ਦਿੱਤੇ ਹਨ। ਕਿੰਨੂ ਦੀ ਖੇਤੀ ਕਰਨ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਸਮੇਂ ਮੀਂਹ ਦਾ ਕਿੰਨੂ ਦੀ ਫਸਲ ਨੂੰ ਫਾਇਦਾ ਨਹੀਂ ਬਲਕਿ ਨੁਕਸਾਨ ਹੈ। ਮੀਂਹ ਤੇ ਧੁੱਪ ਕਾਰਨ ਤਾਪਮਾਨ ਇਕਦਮ ਬਦਲਦਾ ਹੈ ਜੋ ਫਲ ਦੀ ਗੁਣਵੱਤਾ ਘਟਾ ਦਿੰਦਾ ਹੈ, ਜਿਸ ਨਾਲ ਨੁਕਸਾਨ ਵਧੇਰੇ ਹੁੰਦਾ ਹੈ।

ਖੇਤੀ ਅਫ਼ਸਰ ਬਲਜਿੰਦਰ ਸਿੰਘ ਬਰਾੜ ਨੇ ਵੀ ਮੌਸਮ ਕਾਰਨ ਵਾਢੀ ਦੇ ਥੋੜ੍ਹਾ ਪਛੜ ਜਾਣ ਦੀ ਗੱਲ ਕਹੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਤਬਦੀਲੀ ਕਾਰਨ ਪੂਰੇ ਸੀਜ਼ਨ ਤੇ ਕੋਈ ਅਸਰ ਨਹੀਂ ਦਿੱਸੇਗਾ। ਖੇਤੀ ਅਫ਼ਸਰ ਨੇ ਦੱਸਿਆ ਕਿ ਮੌਸਮ ਦੀ ਤਬਦੀਲੀ ਕਾਰਨ ਹਾਲੇ ਤਕ ਖੜ੍ਹੀ ਫਸਲ ਦਾ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਰੋਜ਼ਾਨਾ ਸਪੋਕੇਸਮੈਨ