ਕਣਕ ਦੀ ਨਿਰਵਿਘਨ ਖ਼ਰੀਦ ਲਈ ਸਾਬਕਾ ਫ਼ੌਜੀਆਂ ਨੇ ਵੀ ਮੰਡੀਆਂ ਚ ਮੋਰਚੇ ਸੰਭਾਲੇ

April 24 2020

ਕਣਕ ਦੀ ਨਿਰਵਿਘਨ ਖ਼ਰੀਦ ਨੂੰ ਯਕੀਨੀ ਬਣਾਉਣ ਲਈ ਸਾਬਕਾ ਫ਼ੌਜੀਆਂ ਨੇ ਵੀ ਅਨਾਜ ਮੰਡੀਆਂ ਵਿਚ ਮੋਰਚੇ ਸੰਭਾਲੇ ਹੋਏ ਹਨ ਤਾਕਿ ਕੋਵਿਡ-19 ਕਾਰਨ ਕਰਫ਼ਿਊ/ਲਾਕਡਾਊਨ ਦੇ ਮੱਦੇਨਜ਼ਰ ਕਿਸਾਨਾਂ ਨੂੰ ਮੰਡੀਆਂ ਵਿਚ ਕਣਕ ਲਿਆਉਣ ਅਤੇ ਵੇਚਣ ਵਿਚ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ। ਇਹ ਪ੍ਰਗਟਾਵਾ ਕਰਦਿਆਂ ਵਧੀਕ ਮੁੱਖ ਸਕੱਤਰ ਵਿਕਾਸ ਵਿਸਵਾਜੀਤ ਖੰਨਾ ਨੇ ਦਸਿਆ ਕਿ ਸੂਬਾ ਸਰਕਾਰ ਨੇ 3195 ਗਾਰਡੀਅਨਜ਼ ਆਫ਼ ਗਵਰਨੈਂਸ (ਪ੍ਰਬੰਧਾਂ ਦੇ ਰਾਖੇ) ਨੂੰ ਖਰੀਦ ਪ੍ਰਕ੍ਰਿਆ ਲਈ ਮੰਡੀ ਬੋਰਡ ਦੀ ਸਹਾਇਤਾ ਵਾਸਤੇ ਮੰਡੀਆਂ ਵਿਚ ਤਾਇਨਾਤ ਕੀਤਾ ਹੈ।

ਉਨ੍ਹਾਂ ਦਸਿਆ ਕਿ ਇਹ ਜੀ.ਓ.ਜੀ. ਸੂਬਾ ਭਰ ਦੀਆਂ 1683 ਮੰਡੀਆਂ ਚ ਚਲ ਰਹੇ ਖਰੀਦ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਵਧੀਕ ਮੁੱਖ ਸਕੱਤਰ ਨੇ ਦਸਿਆ ਕਿ ਕੋਵਿਡ-19 ਦੀ ਮਹਾਮਾਰੀ ਕਾਰਨ ਸਿਹਤ ਸੁਰੱਖਿਆ ਉਪਾਵਾਂ ਨੂੰ ਯਕੀਨੀ ਬਣਾਉਣ ਲਈ ਖਰੀਦ ਕੇਂਦਰਾਂ ਵਿਚ ਸਮਾਜਕ ਦੂਰੀ ਦੀ ਪਾਲਣਾ ਕਰਵਾਉਣ ਤੋਂ ਇਲਾਵਾ ਟ੍ਰੈਫ਼ਿਕ ਦੀ ਨਿਗਰਾਨੀ ਦਾ ਔਖਾ ਕਾਰਜ ਨਿਪਟਾਉਣ ਲਈ ਜੀ.ਓ.ਜੀ. ਮੰਡੀਆਂ ਬੋਰਡ ਦੇ ਮੁਲਾਜ਼ਮਾਂ ਨਾਲ ਮਿਲ ਕੇ ਸੇਵਾਵਾਂ ਨਿਭਾਅ ਰਹੇ ਹਨ ਤਾਕਿ ਮੰਡੀਆਂ ਵਿਚ ਭੀੜ-ਭੜੱਕਾ ਨਾ ਹੋਵੇ। ਜੀ.ਓ.ਜੀ. ਵਲੋਂ ਸਾਫ਼-ਸਫ਼ਾਈ ਦੀਆਂ ਹਾਲਤਾਂ ਬਾਰੇ ਰੀਪੋਰਟ ਕਰਨ ਤੋਂ ਇਲਾਵਾ ਕਿਸੇ ਵੀ ਹੋਰ ਮਸਲੇ ਬਾਰੇ ਤੁਰਤ ਸੀਨੀਅਰ ਅਥਾਰਟੀ ਦੇ ਨੋਟਿਸ ਵਿਚ ਲਿਆਂਦਾ ਜਾਂਦਾ ਹੈ।

ਉਨ੍ਹਾਂ ਦਸਿਆ ਕਿ ਜੀ.ਓ.ਜੀ. ਪਹਿਲਾਂ ਤੋਂ ਸਥਾਪਤ ਢਾਂਚੇ ਦੁਆਰਾ ਕਿਸੇ ਵੀ ਮਾਮਲੇ ਬਾਰੇ ਅਪਣੇ ਤਹਿਸੀਲ ਜਾਂ ਜ਼ਿਲ੍ਹਾ ਇੰਚਾਰਜ ਰਾਹੀਂ ਚੰਡੀਗੜ੍ਹ ਵਿਖੇ ਸਥਿਤ ਹੈੱਡਕੁਆਰਟਰ ਵਿਖੇ ਸੂਚਿਤ ਕਰਦੇ ਹਨ ਜਿਸ ਤੋਂ ਬਾਅਦ ਅਗਲੇਰੀ ਕਾਰਵਾਈ ਲਈ ਉਨ੍ਹਾਂ ਵਲੋਂ ਭੇਜੀਆਂ ਰੀਪੋਰਟਾਂ ਨੂੰ ਮੰਡੀ ਬੋਰਡ ਨਾਲ ਸਾਂਝਾ ਕੀਤਾ ਜਾਂਦਾ ਹੈ।

ਸ੍ਰੀ ਖੰਨਾ ਨੇ ਅੱਗੇ ਦਸਿਆ ਕਿ ਕੋਰੋਨਾਵਾਇਰਸ ਦੇ ਮੱਦੇਨਜ਼ਰ ਇਸ ਔਖੇ ਸਮੇਂ ਵਿਚ ਮੰਡੀ ਬੋਰਡ ਵਲੋਂ ਕਣਕ ਦੀ ਫ਼ਸਲ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਅਤੇ ਸਿਹਤ ਸੁਰੱਖਿਆ ਯਤਨਾਂ ਲਈ ਇਹ ਕਦਮ ਸਹਾਈ ਸਿੱਧ ਹੋਣਗੇ। ਸਾਬਕਾ ਫ਼ੌਜੀ ਹੋਣ ਦੇ ਨਾਤੇ ਜੀ.ਓ.ਜੀ. ਦੀ ਸਮਰਪਤ ਭਾਵਨਾ ਦੀ ਸ਼ਲਾਘਾ ਕਰਦਿਆਂ ਸ੍ਰੀ ਖੰਨਾ ਨੇ ਉਨ੍ਹਾਂ ਨੇ ਅਪਣੀ ਪੂਰੀ ਨੌਕਰੀ ਮੁਲਕ ਦੀ ਸੇਵਾ ਦੇ ਲੇਖੇ ਲਾਈ ਅਤੇ ਹੁਣ ਜਦੋਂ ਕਿਸਾਨਾਂ ਲਈ ਮਦਦ ਦੀ ਘੜੀ ਆਈ ਤਾਂ ਸਾਬਕਾ ਫ਼ੌਜੀ ਅਪਣੀ ਵਡੇਰੀ ਉਮਰ ਦੀ ਪ੍ਰਵਾਹ ਨਾ ਕਰਦਿਆਂ ਮੰਡੀਆਂ ਵਿਚ ਖਰੀਦ ਕਾਰਜਾਂ ਵਿਚ ਵੀ ਸਰਕਾਰ ਦੀ ਮਦਦ ਕਰਨ ਤੋਂ ਪਿੱਛੇ ਨਾ ਹਟੇ।


ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਰੋਜ਼ਾਨਾ ਸਪੋਕਸਮੈਨ