ਕਣਕ ਦੀ ਆਮਦ ਜ਼ੋਰਾਂ ’ਤੇ ਪਰ ਲਿਫਟਿੰਗ ਢਿੱਲੀ

April 27 2019

ਹੁਣ ਮਾਨਸਾ ਜ਼ਿਲ੍ਹੇ ਦੀਆਂ ਦਰਜਨਾਂ ਅਨਾਜ ਮੰਡੀਆਂ ਵਿਚ ਕਣਕ ਦੀ ਲਿਫਟਿੰਗ ਨਾ ਹੋਣ ਕਰਕੇ ਜਿਣਸ ਦੀ ਤੁਲਾਈ ਸਬੰਧੀ ਤਕਲੀਫ਼ ਆਉਣ ਲੱਗ ਪਈ ਹੈ। ਕਿਸਾਨ ਪੱਕੇ ਫੜਾਂ ਦੀ ਥਾਂ ਮਜਬੂਰ ਹੋ ਕੇ ਕੱਚੀਆਂ ਥਾਵਾਂ ਉਤੇ ਵੀ ਆਪਣੀ ਫ਼ਸਲ ਢੇਰੀ ਕਰਨ ਲੱਗ ਪਏ ਹਨ ਤੇ ਕਈ ਮੰਡੀਆਂ ’ਚ ਕਿਸਾਨ ਤਿੰਨ-ਤਿੰਨ ਦਿਨਾਂ ਤੋਂ ਬੈਠੇ ਹਨ। ਅਨੇਕਾਂ ਕੇਂਦਰਾਂ ’ਚ ਬਾਰਦਾਨੇ ਦੀ ਕਮੀ ਵੀ ਰੜਕਣ ਲੱਗੀ ਹੈ।

ਇਸੇ ਦੌਰਾਨ ਕਿਸਾਨ ਜਥੇਬੰਦੀਆਂ ਤੋਂ ਪ੍ਰਾਪਤ ਹੋਏ ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਮਾਨਸਾ, ਚੁਕੇਰੀਆ, ਬੁਰਜ ਹਰੀ, ਨੰਗਲ ਕਲਾਂ, ਕ੍ਰਿਸ਼ਨਗੜ੍ਹ ਫਰਮਾਹੀ, ਫਤਿਹਪੁਰ, ਫਫੜੇ ਭਾਈਕੇ, ਅਚਾਨਕ, ਬੱਛੋਆਣਾ, ਖਿਆਲਾ, ਖਾਰਾ, ਮਲਕੋਂ, ਰੱਲਾ, ਮੱਤੀ, ਫੱਤਾ ਮਾਲੋਕਾ, ਕੋਟੜਾ ਕਲਾਂ, ਕੁਲਰੀਆਂ, ਬੋੜਾਵਾਲ, ਬੋਹਾ, ਸ਼ੇਰ ਖਾਂ ਵਾਲਾ, ਝੁਨੀਰ, ਜੋੜਕੀਆਂ, ਅਹਿਮਦਪੁਰ, ਸੈਦੇਵਾਲਾ, ਕਾਹਨਗੜ੍ਹ, ਬੀਰੇ ਵਾਲਾ, ਧਰਮਪੁਰਾ, ਜੋਗਾ, ਮਾਨਬੀਬੜੀਆਂ, ਭੀਖੀ, ਭੈਣੀਬਾਘਾ, ਮੀਆਂ, ਕੋਟ ਧਰਮੂ, ਸਰਦੂਲਗੜ੍ਹ, ਕੋਟ ਲੱਲੂ, ਹਾਕਮਵਾਲਾ, ਮੂਸਾ, ਝੰਡੂਕੇ, ਸੰਘਾ, ਕਰੰਡੀ, ਖਾਰਾ ਬਰਨਾਲਾ ਦੀ ਅਨਾਜ ਮੰਡੀ ਵਿਚ ਕਣਕ ਦੀ ਲਿਫਟਿੰਗ ਦੀ ਸਮੱਸਿਆ ਖੜ੍ਹੀ ਹੋਣ ਲੱਗੀ ਹੈ। ਲਿਫਟਿੰਗ ਨਾ ਹੋਣ ਕਰਕੇ ਹੀ ਨਵੀਂ ਜਿਣਸ ਮੰਡੀ ’ਚ ਨਹੀਂ ਸੁੱਟੀ ਸਕਦੀ ਹੈ।

ਭਾਕਿਯੂ ਏਕਤਾ (ਡਕੌਂਦਾ) ਦੇ ਆਗੂ ਦਰਸ਼ਨ ਸਿੰਘ ਗੁਰਨੇ ਨੇ ਦੱਸਿਆ ਮੰਡੀਆਂ ਵਿਚ ਪੈਰ ਧਰਨ ਨੂੰ ਵੀ ਥਾਂ ਨਹੀਂ ਹੈ।

ਡੀਸੀ ਵੱਲੋਂ ਲਿਫਟਿੰਗ ਤੇਜ਼ ਕਰਨ ਦੀ ਹਦਾਇਤ

ਮਾਨਸਾ ਦੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੰਡੀਆਂ ਵਿੱਚ ਬਾਰਦਾਨੇ ਦੀ ਕੋਈ ਸਮੱਸਿਆ ਨਹੀਂ ਆਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਮੰਡੀਆਂ ਵਿੱਚ ਫਸਲ ਦੀ ਆਮਦ ਜਾਰੀ ਹੈ ਅਤੇ ਲਿਫਟਿੰਗ ਵਿੱਚ ਹੋਰ ਤੇਜ਼ੀ ਲਿਆਈ ਜਾਵੇ, ਤਾਂ ਜੋ ਮੰਡੀਆਂ ਵਿੱਚ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਬੀਤੀ ਸ਼ਾਮ ਤੱਕ ਮੰਡੀਆਂ ਵਿੱਚ 277670 ਮੀਟਰਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਅਤੇ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਖਰੀਦ ਏਜੰਸੀਆਂ ਵੱਲੋਂ 244845 ਮੀਟਰਕ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ