ਕਣਕ ਦਾ ਨਾੜ ਸਾੜਨ ਕਾਰਨ ਆਸਮਾਨ ’ਤੇ ਗਹਿਰ ਛਾਈ

May 16 2019

ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਣਕ ਦੀ ਵਾਢੀ ਤੋਂ ਬਾਅਦ ਖੇਤਾਂ ਵਿੱਚ ਪਏ ਨਾੜ ਨੂੰ ਅੱਗਾਂ ਲੱਗਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਵਾਤਾਵਰਨ ਪ੍ਰੇਮੀ ਠਾਕੁਰ ਰਛਪਾਲ ਸਿੰਘ, ਪ੍ਰਿੰਸੀਪਲ ਨਿਰਮਲ, ਜਸਬੀਰ ਸਿੰਘ ਬਾਜਵਾ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਅੱਤ ਦੀ ਗਰਮੀ ਅਤੇ ਤੇਜ਼ ਹਵਾਵਾਂ ਵਗਣ ਕਾਰਨ ਖੇਤਾਂ ਅੰਦਰ ਨਾੜ ਨੂੰ ਲੱਗੀ ਅੱਗ ਕਈ ਦਰਜਨ ਪਿੰਡਾਂ ਦੀ ਸੈਂਕੜੇ ਏਕੜ ਰਕਬੇ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੀ ਹੈ ਜਿਸ ਕਾਰਨ ਅਕਸਰ ਦਿਨ ਸਮੇਂ ਵੀ ਧੂੰਏਂ ਦੇ ਬੱਦਲ ਛਾ ਜਾਣ ਕਾਰਨ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕੱਲ੍ਹ ਦਿਨੇ ਹਲਕੇ ਵਿੱਚ ਏਨਾ ਕਾਲਾ ਧੂੰਆਂ ਛਾਇਆ ਹੋਇਆ ਸੀ ਕਿ ਹਰੇਕ ਬੰਦੇ ਲਈ ਸਾਹ ਲੈਣਾ ਵੀ ਔਖਾ ਹੋ ਗਿਆ। ਖ਼ਾਸ ਕਰ ਕੇ ਸਾਹ ਦੀ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਖੜੀ ਹੋ ਗਈ। ਪਿਛਲੇ ਤਿੰਨ ਚਾਰ ਦਿਨਾਂ ਤੋਂ ਕਾਹਨੂੰਵਾਨ ਹਲਕੇ ਵਿੱਚ ਕਈ ਥਾਵਾਂ ’ਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਅੱਗ ਨੇ ਨੇੜਲੇ ਪਿੰਡ ਸਠਿਆਲੀ ਵਿੱਚ ਇੱਕ ਕਿਸਾਨ ਦੀ 2 ਏਕੜ ਕਣਕ ਦੀ ਖੜ੍ਹੀ ਫ਼ਸਲ, ਖੇਤਾਂ ਵਿੱਚ ਖੜ੍ਹੇ ਦਰੱਖ਼ਤਾਂ ਤੋਂ ਇਲਾਵਾ ਵੱਖ ਵੱਖ ਸੜਕਾਂ ਅਤੇ ਨਹਿਰ ਅੱਪਰ ਬਾਰੀ ਦੁਆਬ ਦੇ ਕੰਢਿਆਂ ਉੱਤੇ ਲੱਗੇ ਜੰਗਲਾਤ ਵਿਭਾਗ ਦੇ ਦਰੱਖਤਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ। ਸੜਕਾਂ ਕੰਢੇ ਕੁੱਝ ਦਰਖਤਾਂ ਨੂੰ ਦੋ ਦਿਨਾਂ ਤੋਂ ਅੱਗ ਲੱਗੀ ਹੋਈ ਹੈ। ਦੂਜੇ ਪਾਸੇ ਅਜਿਹਾ ਸਭ ਚਿੱਟੇ ਦਿਨ ਵਾਪਰਨ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ਮੂਕ ਦਰਸ਼ਨ ਬਣਨ ਤੋਂ ਵੱਧ ਕੋਈ ਭੂਮਿਕਾ ਨਹੀਂ ਨਿਭਾ ਰਿਹਾ। ਇਸ ਸਾਲ ਸ਼ਾਇਦ ਚੁਣਾਵੀ ਮੌਸਮ ਹੋਣ ਕਾਰਨ ਸਰਕਾਰ ਨੂੰ ਫ਼ਸਲਾਂ ਦੇ ਨਾੜ ਨੂੰ ਸਾੜਨ ਕਰ ਕੇ ਹੋਣ ਵਾਲੇ ਵਾਤਾਵਰਨ ਪ੍ਰਦੂਸ਼ਣ ਦਾ ਮਸਲਾ ਬਹੁਤ ਨਿਗੂਣਾ ਲੱਗ ਰਿਹਾ ਹੈ।

ਲੋਕ ਨਹੀਂ ਮੰਨਦੇ ਸਰਕਾਰੀ ਹੁਕਮ: ਖੇਤੀ ਅਫ਼ਸਰ

ਇਸ ਸਬੰਧੀ ਖੇਤੀ ਅਧਿਕਾਰੀ ਐੱਚਪੀ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਸਰਕਾਰੀ ਹੁਕਮਾਂ ਤੋਂ ਜਾਣੂ ਕਰਵਾਇਆ ਜਾਂਦਾ ਹੈ ਪਰ ਫਿਰ ਵੀ ਲੋਕ ਸਰਕਾਰੀ ਅਤੇ ਅਦਾਲਤੀ ਹੁਕਮਾਂ ਨੂੰ ਟਿੱਚ ਜਾਣਦੇ ਹੋਏ ਅਜਿਹੀਆਂ ਕਾਰਵਾਈਆਂ ਕਰਨ ਤੋਂ ਗੁਰੇਜ਼ ਨਹੀਂ ਕਰਦੇ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ