ਕਣਕ ਖ਼ਰੀਦ ’ਤੇ ਪੂਰੇ ਪੰਜਾਬ ਨੂੰ ਰਾਹਤ

April 29 2019

ਪਿਛਲੇ ਦਿਨੀਂ ਪੰਜਾਬ ’ਚ ਮੀਂਹ, ਝੱਖੜ ਤੇ ਤੇਜ਼ ਹਵਾਵਾਂ ਨਾਲ ਕਣਕ ਦੀ ਫ਼ਸਲ ਦੇ ਨੁਕਸਾਨੇ ਜਾਣ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਣਕ ਦੀ ਖ਼ਰੀਦ ਵਿਚ ਢਿੱਲ ਦੇਣ ਦੀ ਕੀਤੀ ਗਈ ਮੰਗ ਨੂੰ ਕੇਂਦਰ ਨੇ ਪ੍ਰਵਾਨ ਕਰਦਿਆਂ ਕਣਕ ਦੀ ਦਸ ਫ਼ੀਸਦੀ ਤੱਕ ਚਮਕ ਘਟਣ ਦੀ ਰਾਹਤ ਦਿੱਤੀ ਸੀ। ਪੰਜਾਬ ਸਰਕਾਰ ਵੱਲੋਂ 26 ਫਰਵਰੀ ਨੂੰ ਜਾਰੀ ਪੱਤਰ ’ਚ ਛੇ ਜ਼ਿਲ੍ਹਿਆਂ ਨੂੰ ਹੀ ਅਜਿਹੀ ਰਾਹਤ ਦੀ ਗੱਲ ਆਖੀ ਗਈ ਸੀ, ਪਰ ਅੱਜ 27 ਫਰਵਰੀ ਨੂੰ ਜਾਰੀ ਨਵੇਂ ਪੱਤਰ ’ਚ ਪੰਜਾਬ ਦੇ ਸਮੁੱਚੇ ਜ਼ਿਲ੍ਹਿਆਂ ਨੂੰ ਸ਼ਾਮਲ ਕਰ ਲਿਆ ਗਿਆ ਹੈ। ਇਸ ਤਹਿਤ ਕਣਕ ਦੇ ਦਾਣੇ ਵਿਚ ਦਸ ਫੀਸਦੀ ਤੱਕ ਚਮਕ ਘਟਣ ’ਤੇ 1840 ਰੁਪਏ ਤੱਕ ਦਾ ਪੂਰਾ ਮੁੱਲ ਦੇਣ ਦੀ ਗੱਲ ਆਖੀ ਗਈ ਹੈ। ਪੱਤਰ ’ਚ ਇਹ ਵੀ ਦਰਜ ਹੈ ਕਿ ਜੇ ਚਮਕ ਦਸ ਫ਼ੀਸਦੀ ਤੋਂ ਵੱਧ ਹੋਵੇ, ਤਾਂ ਪ੍ਰਤੀ ਕੁਇੰਟਲ 4.60 ਰੁਪਏ ਦਾ ਕੱਟ ਲਾ ਕੇ 1835.40 ਰੁਪਏ ਭਾਅ ਦਿੱਤਾ ਜਾਵੇ।

ਪੰਜਾਬ ਦੀਆਂ ਮੰਡੀਆਂ ਵਿਚ 55.17 ਲੱਖ ਟਨ ਕਣਕ ਦੀ ਖ਼ਰੀਦ

ਪੰਜਾਬ ਦੀਆਂ ਅਨਾਜ ਮੰਡੀਆਂ ਵਿਚ 59 ਲੱਖ ਟਨ ਕਣਕ ਪੁੱਜ ਚੁੱਕੀ ਹੈ ਜਿਸ ਵਿਚੋਂ 55.17 ਲੱਖ ਟਨ ਕਣਕ ਖ਼ਰੀਦ ਲਈ ਗਈ ਹੈ। ਇਸ ਵਿਚੋਂ 54.89 ਲੱਖ ਟਨ ਸਰਕਾਰੀ ਪੱਧਰ ’ਤੇ ਜਦਕਿ ਬਾਕੀ ਕਣਕ ਵਪਾਰੀਆਂ ਨੇ ਖ਼ਰੀਦੀ ਹੈ। ਕਣਕ ਦੀ ਖ਼ਰੀਦ ਦੇ ਮਾਮਲੇ ਵਿਚ ਜ਼ਿਲ੍ਹਾ ਪਟਿਆਲਾ 7.58 ਲੱਖ ਟਨ ਨਾਲ ਮੋਹਰੀ ਰਿਹਾ ਜਦਕਿ ਸੰਗਰੂਰ 6.60 ਲੱਖ ਕਣਕ ਦੀ ਖ਼ਰੀਦ ਨਾਲ ਦੂਜੇ ਨੰਬਰ ’ਤੇ ਹੈ। ਫਿਰੋਜ਼ਪੁਰ ਜ਼ਿਲ੍ਹਾ 4.70 ਲੱਖ ਟਨ ਕਣਕ ਦੀ ਖ਼ਰੀਦ ਨਾਲ ਤੀਜੇ ਨੰਬਰ ’ਤੇ ਹੈ। ਸਭ ਤੋਂ ਵੱਧ 14.86 ਲੱਖ ਟਨ ਕਣਕ ਪਨਗਰੇਨ ਨੇ ਖ਼ਰੀਦੀ ਹੈ ਜਦਕਿ ਮਾਰਕਫੈਡ ਨੇ 12.70 ਲੱਖ ਟਨ, ਪਨਸਪ ਨੇ 9.05 ਲੱਖ, ਵੇਅਰਹਾਊਸ ਨੇ 6.63 ਲੱਖ ਅਤੇ ਫੂਡਗਰੇਨ ਨੇ 6.14 ਲੱਖ ਟਨ ਕਣਕ ਦੀ ਖ਼ਰੀਦ ਕੀਤੀ ਹੈ। ਇਸੇ ਤਰ੍ਹਾਂ ਐਫ਼ਸੀਆਈ ਨੇ ਕਰੀਬ 5.47 ਲੱਖ ਟਨ ਕਣਕ ਖ਼ਰੀਦੀ ਹੈ। ਨਵੀਂ ਆੜ੍ਹਤੀ ਐਸੋਸੀਏਸ਼ਨ ਨਵੀਂ ਅਨਾਜ ਮੰਡੀ ਪਟਿਆਲਾ ਦੇ ਪ੍ਰਧਾਨ ਹਰਜੀਤ ਸਿੰਘ ਸ਼ੇਰੂ ਤੇ ਵਿੱਤ ਸਕੱਤਰ ਖੁਰਦਮਣ ਰਾਏ ਗੁਪਤਾ ਨੇ ਕਿਹਾ ਕਿ ਸ਼ਨਿਚਰਵਾਰ ਅਤੇ ਐਤਵਾਰ ਨੂੰ ਬੈਂਕਾਂ ਦੇ ਬੰਦ ਰਹਿਣ ਕਾਰਨ ਦੋ ਦਿਨ ਅਦਾਇਗੀ ਨਹੀਂ ਹੁੰਦੀ ਹੈ। ਖੁਰਾਕ ਤੇ ਸਿਵਲ ਸਪਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਅਨਿੰਦਿੱਤਾ ਮਿੱਤਰਾ ਨੇ ਕਿਹਾ ਕਿ ਕਈ ਜ਼ਿਲ੍ਹਿਆਂ ਦੀਆਂ ਮੰਡੀਆਂ ਵਿਚ ਕਣਕ ਦੀ ਆਮਦ ਬਹੁਤ ਤੇਜ਼ ਹੋਈ ਹੈ ਪਰ ਅਜੇ ਵੀ ਕੁਝ ਥਾਈਂ ਆਮਦ ਦੀ ਰਫ਼ਤਾਰ ਸੁਸਤ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ