ਕਈ ਵਰ੍ਹਿਆਂ ਬਾਅਦ ਮੂੰਗੀ ਤੇ ਮੱਕੀ ਦੇ ਕਾਸ਼ਤਕਾਰ ਬਾਗੋ-ਬਾਗ

July 03 2019

ਰਵਾਇਤੀ ਝੋਨਾ-ਕਣਕ ਦੇ ਫ਼ਸਲੀ ਚੱਕਰ ਨੂੰ ਛੱਡ ਕੇ ਦਾਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਕਈ ਵਰ੍ਹਿਆਂ ਬਾਅਦ ਆਪਣੀ ਫ਼ਸਲ ਦਾ ਸਹੀ ਮੁੱਲ ਮਿਲ ਰਿਹਾ ਹੈ, ਜਿਸ ਨਾਲ ਆਉਣ ਵਾਲੇ ਸਾਲਾਂ ਦੌਰਾਨ ਸੂਬੇ ਦੇ ਹੋਰ ਕਿਸਾਨ ਵੀ ਰਵਾਇਤੀ ਝੋਨੇ ਤੇ ਕਣਕ ਦੀ ਖੇਤੀ ਨੂੰ ਤਿਆਗ ਕੇ ਦਾਲਾਂ ਦੀ ਖੇਤੀ ਵੱਲ ਉਤਸ਼ਾਹਿਤ ਹੋ ਸਕਦੇ ਹਨ। ਇਸ ਸਬੰਧੀ ਏਸ਼ੀਆ ਦੀ ਦੂਜੀ ਸਭ ਤੋਂ ਵੱਡੀ ਤੇ ਸੂਬੇ ਦੀ ਦਾਲ ਹੱਬ ਵਜੋਂ ਜਾਣੀ ਜਾਂਦੀ ਜਗਰਾਉਂ ਦੀ ਅਨਾਜ ਮੰਡੀ ਚ ਇਨ੍ਹਾਂ ਦਿਨਾਂ ਦੌਰਾਨ ਮੂੰਗੀ ਤੇ ਮੱਕੀ ਦੀ ਰਿਕਾਰਡ ਆਮਦ ਹੋ ਰਹੀ ਹੈ। ਸਮੁੱਚੇ ਪੰਜਾਬ ਤੋਂ ਇਲਾਵਾ ਕੁਝ ਗੁਆਂਢੀ ਸੂਬਿਆਂ ਦੇ ਕਿਸਾਨ ਆਪਣੀ ਮੂੰਗੀ ਤੇ ਮੱਕੀ ਦੀ ਫ਼ਸਲ ਨੂੰ ਵੇਚਣ ਲਈ ਜਗਰਾਉਂ ਮੰਡੀ ਚ ਪਹੁੰਚ ਰਹੇ ਹਨ, ਜਿਨ੍ਹਾਂ ਨੂੰ ਇਸ ਵਾਰ ਮੂੰਗੀ ਤੇ ਮੱਕੀ ਦਾ ਪਿਛਲੇ ਸਾਲਾਂ ਦੇ ਮੁਕਾਬਲੇ ਕਾਫ਼ੀ ਚੰਗਾ ਭਾਅ ਨਸੀਬ ਹੋ ਰਿਹਾ ਹੈ। ਪਿਛਲੇ ਸਾਲ ਜਗਰਾਉਂ ਅਨਾਜ ਮੰਡੀ ਚ ਮੂੰਗੀ ਦੀ ਵਪਾਰੀਆਂ ਵਲੋਂ 3500 ਤੋਂ 4500 ਰੁਪਏ ਪ੍ਰਤੀ ਕੁਇੰਟਲ ਤੱਕ ਖ਼ਰੀਦ ਕੀਤੀ ਗਈ, ਜਿਸ ਦੇ ਮੁਕਾਬਲੇ ਇਸ ਵਾਰ ਵਪਾਰੀਆਂ ਵਲੋਂ 5500 ਤੋਂ ਲੈ ਕੇ 5950 ਰੁਪਏ ਪ੍ਰਤੀ ਕੁਇੰਟਲ ਤੱਕ ਮੂੰਗੀ ਦੀ ਖ਼ਰੀਦ ਕੀਤੀ ਜਾ ਰਹੀ ਹੈ ਪਰ ਇਹ ਭਾਅ ਸਰਕਾਰ ਵਲੋਂ ਨਿਰਧਾਰਿਤ (ਐਮ.ਐਸ.ਪੀ.) 6975 ਰੁਪਏ ਕੁਇੰਟਲ ਨਾਲੋਂ ਕਾਫ਼ੀ ਘੱਟ ਹੈ ਪਰ ਇਸ ਦੇ ਬਾਵਜੂਦ ਮਿਲ ਰਹੇ ਭਾਅ ਤੋਂ ਕਿਸਾਨ ਕਾਫ਼ੀ ਖ਼ੁਸ਼ ਹਨ। ਜਗਰਾਉਂ ਅਨਾਜ ਮੰਡੀ ਚ ਅੱਜ ਤੱਕ 94428 ਕੁਇੰਟਲ ਤੋਂ ਵੱਧ ਮੂੰਗੀ ਦੀ ਵਪਾਰੀਆਂ ਵਲੋਂ ਖ਼ਰੀਦ ਕੀਤੀ ਜਾ ਚੁੱਕੀ ਹੈ।

ਇਸ ਤਰ੍ਹਾਂ ਚਾਲੂ ਸੀਜ਼ਨ ਦੌਰਾਨ ਕਿਸਾਨਾਂ ਨੂੰ ਮੱਕੀ ਦਾ ਭਾਅ ਐਮ.ਐਸ.ਪੀ. ਨਾਲੋਂ ਵੀ 45 ਰੁਪਏ ਤੋਂ ਉੱਪਰ ਮੁੱਲ ਪ੍ਰਾਪਤ ਹੋ ਰਿਹਾ ਹੈ, ਜੋ ਕਿ ਮੱਕੀ ਕਾਸ਼ਤਕਾਰਾਂ ਲਈ ਵੱਡੀ ਰਾਹਤ ਹੈ। ਪਿਛਲੇ ਸਾਲ 850 ਤੋਂ 1200 ਰੁਪਏ ਪ੍ਰਤੀ ਕੁਇੰਟਲ ਤੱਕ ਮੱਕੀ ਦੀ ਵਪਾਰੀਆਂ ਵਲੋਂ ਖ਼ਰੀਦ ਕੀਤੀ ਗਈ ਸੀ, ਜਿਸ ਦੇ ਮੁਕਾਬਲੇ ਇਸ ਸਾਲ ਮੱਕੀ ਦੀ ਖ਼ਰੀਦ ਵਪਾਰੀਆਂ ਵਲੋਂ ਖ਼ਰੀਦ 1800 ਤੋਂ 1900 ਰੁਪਏ ਪ੍ਰਤੀ ਕੁਇੰਟਲ ਤੱਕ ਕੀਤੀ ਜਾ ਰਹੀ ਹੈ। ਪਿਛਲੇ ਸਾਲ ਜਗਰਾਉਂ ਮੰਡੀ ਚ ਕੁੱਲ 52840 ਕੁਇੰਟਲ ਮੱਕੀ ਦੀ ਖ਼ਰੀਦ ਹੋਈ, ਜਦੋਂ ਕਿ ਚਾਲੂ ਸੀਜ਼ਨ ਦੌਰਾਨ ਅੱਜ ਤੱਕ ਜਗਰਾਉਂ ਮੰਡੀ ਚ 30838 ਕੁਇੰਟਲ ਮੱਕੀ ਦੀ ਖ਼ਰੀਦ ਹੋ ਚੁੱਕੀ ਹੈ। ਅੰਦਾਜ਼ੇ ਮੁਤਾਬਕ ਚੰਗੇ ਭਾਅ ਨੂੰ ਦੇਖਦਿਆਂ ਜਗਰਾਉਂ ਮੰਡੀ ਚ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਦੁੱਗਣੀ ਮੱਕੀ ਦੀ ਖ਼ਰੀਦ ਹੋ ਸਕਦੀ ਹੈ।

ਭਾਅ ਚ ਤੇਜ਼ੀ

ਪਿਛਲੇ ਕੁਝ ਸਾਲਾਂ ਦੌਰਾਨ ਦਾਲ ਵਪਾਰੀਆਂ ਵਲੋਂ ਕਿਸਾਨਾਂ ਤੋਂ ਸਸਤੀ ਮੁੱਲ ਚ ਫ਼ਸਲ ਖ਼ਰੀਦਣ ਲਈ ਏਕਾ (ਪੂਲ) ਕਰ ਲਿਆ ਜਾਂਦਾ ਸੀ, ਜਿਸ ਨਾਲ ਆਪਣੀ ਮਰਜ਼ੀ ਮੁਤਾਬਕ ਵਪਾਰੀ ਭਾਅ ਲਾ ਕੇ ਫ਼ਸਲ ਦੀ ਖ਼ਰੀਦ ਕਰਦੇ ਸਨ ਤੇ ਬੇਵੱਸ ਕਿਸਾਨਾਂ ਵਪਾਰੀਆਂ ਅੱਗੇ ਗੋਡੇ ਟੇਕ ਦਿੰਦੇ ਸਨ ਪਰ ਇਸ ਸਾਲ ਮਾਰਕਿਟ ਕਮੇਟੀ ਤੇ ਆੜ੍ਹਤੀਆ ਐਸੋਸੀਏਸ਼ਨ ਦੇ ਆਗੂਆਂ ਦੀ ਬਦੌਲਤ ਵਪਾਰੀਆਂ ਨੂੰ ਮੰਡੀ ਚ ਫ਼ਸਲਾਂ ਦੀ ਖੁੱਲ੍ਹੀ ਬੋਲੀ ਲਗਾਉਣੀ ਪੈ ਰਹੀ ਹੈ। ਇੱਥੇ ਹੀ ਬਸ ਨਹੀਂ ਵਪਾਰੀਆਂ ਦੇ ਪੂਲ ਨੂੰ ਤੋੜਨ ਲਈ ਤੇ ਵਪਾਰੀਆਂ ਦਾ ਆਪਸੀ ਮੁਕਾਬਲਾ ਕਰਵਾਉਣ ਲਈ ਮਾਰਕਿਟ ਕਮੇਟੀ ਦੇ ਅਧਿਕਾਰੀਆਂ ਵਲੋਂ ਹੋਰਨਾਂ ਖੇਤਰਾਂ ਦੇ ਦਾਲ ਵਪਾਰੀਆਂ ਨੂੰ ਵੀ ਸੱਦਿਆ ਗਿਆ ਹੈ, ਜਿਸ ਸਦਕਾ ਮੂੰਗੀ ਅਤੇ ਮੱਕੀ ਦਾ ਭਾਅ ਸਹੀ ਚੱਲ ਰਿਹਾ ਹੈ। ਇਸ ਸਬੰਧੀ ਮਾਰਕਿਟ ਕਮੇਟੀ ਦੇ ਸਕੱਤਰ ਗੁਰਮਤਪਾਲ ਸਿੰਘ ਗਿੱਲ, ਪ੍ਰਧਾਨ ਸੁਰਜੀਤ ਸਿੰਘ ਕਲੇਰ ਤੇ ਸੈਕਟਰੀ ਜਗਜੀਤ ਸਿੰਘ ਸਿੱਧੂ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ। ਜੇਕਰ ਜਗਰਾਉਂ ਅਨਾਜ ਮੰਡੀ ਚ ਕਿਸਾਨਾਂ ਨੂੰ ਫ਼ਸਲਾਂ ਦਾ ਸਹੀ ਮੁੱਲ ਮਿਲੇਗਾ ਤਾਂ ਹੀ ਉਹ ਆਪਣੀ ਨਜ਼ਦੀਕੀ ਮੰਡੀਆਂ ਛੱਡ ਕੇ ਜਗਰਾਉਂ ਫ਼ਸਲਾਂ ਵੇਚਣ ਲਈ ਆਉਣਗੇ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਅਜੀਤ