ਉੱਤਰੀ ਸੂਬਿਆਂ ਚ ਮੌਸਮ ਦਾ ਬਦਲਿਆ ਮਿਜ਼ਾਜ, ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ

September 20 2019

ਹੁੰਮਸ ਭਰੀ ਗਰਮੀ ਝੱਲ ਰਹੇ ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ) ਨਾਲ ਉੱਤਰੀ ਸੂਬਿਆਂ ਦੋ ਲੋਕਾਂ ਨੂੰ ਅਚਾਨਕ ਰਾਹਤ ਮਿਲੀ ਹੈ। ਮੌਨਸੂਨ ਦੇ ਆਖ਼ਰੀ ਪੜਾਅ ਤਕ ਸਰਗਰਮ ਰਹਿਣ ਨਾਲ ਮੌਸਮ ਨੇ ਕਰਵਟ ਬਦਲ ਲਈ ਹੈ, ਜਿਸ ਨਾਲ ਉੱਥੋਂ ਦਾ ਉੱਚ ਪੱਧਰੀ ਤਾਪਮਾਨ ਆਮ ਨਾਲੋਂ ਹੇਠਾਂ ਆ ਗਿਆ ਹੈ। ਇਸ ਨਾਲ ਲੋਕਾਂ ਨੂੰ ਬਹੁਤ ਛੇਤੀ ਗਰਮੀ ਚ ਸਰਦੀ ਦਾ ਅਹਿਸਾਸ ਹੋਣ ਲੱਗਿਆ ਹੈ। ਮੌਨਸੂਨ ਪੂਰੇ ਸਤੰਬਰ ਮਹੀਨੇ ਸਰਗਰਮ ਰਹੇਗਾ ਜਿਸ ਨਾਲ ਤਾਪਮਾਨ ਹੋਰ ਹੇਠਾਂ ਆ ਸਕਦਾ ਹੈ।

ਮੌਨਸੂਨ ਸੀਜ਼ਨ ਚ ਆਮ ਤੌਰ ਤੇ ਸਭ ਤੋਂ ਵੱਧ ਬਾਰਸ਼ ਬਰਦਾਸ਼ਤ ਕਰਨ ਵਾਲਾ ਪੂਰਬੀ ਉੱਤਰ ਪ੍ਰਦੇਸ਼ ਤੇ ਉੱਤਰੀ ਬਿਹਾਰ ਸੋਕੇ ਦੀ ਭੇਟ ਚੜ੍ਹ ਰਿਹਾ ਹੈ ਪਰ ਪਰਤਣ ਤੋਂ ਪਹਿਲਾਂ ਪਿਛਲੇ ਚਾਰ ਦਿਨਾਂ ਤੋਂ ਇੱਥੇ ਮੌਨਸੂਨ ਦੀ ਜ਼ਬਰਦਸਤ ਬਾਰਸ਼ ਹੋ ਰਹੀ ਹੈ। ਕਈ ਜ਼ਿਲਿ੍ਹਆਂ ਚ ਦਰਿਆਵਾਂ ਚ ਹੜ੍ਹ ਆ ਗਿਆ ਹੈ। 

ਮੌਸਮ ਵਿਭਾਗ ਦੀ ਪੇਸ਼ਨਿਗੋਈ ਹੈ ਕਿ 20 ਸਤੰਬਰ ਤੋਂ 24 ਸਤੰਬਰ ਵਿਚਕਾਰ ਪੂਰਬੀ ਉੱਤਰ ਪ੍ਰਦੇਸ਼ ਤੋਂ ਲੈਕੇ ਪੂਰੀ ਰਾਜਸਥਾਨ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਤੇ ਬਿਹਾਰ ਚ ਭਾਰੀ ਬਾਰਸ਼ ਹੋਵੇਗੀ। 24 ਤੇ 26 ਸਤੰਬਰ ਨੂੰ ਬੰਗਾਲ ਦੀ ਖਾੜੀ ਚ ਬਣ ਰਿਹੈ ਘੱਟ ਦਬਾਅ ਵਾਲਾ ਖੇਤਰ ਕਈ ਹੋਰ ਸੂਬਿਆਂ ਚ ਜ਼ਬਰਦਸਤ ਬਾਰਸ਼ ਲਿਆ ਸਕਦਾ ਹੈ।

ਮੌਸਮ ਵਿਭਾਗ ਮੁਤਾਬਕ ਬਾਰਸ਼ ਨਾਲ ਤੇਜ਼ ਹਵਾਵਾਂ ਵੀ ਚੱਲ ਰਹੀਆਂ ਹਨ। ਇਸ ਨਾਲ ਤਾਪਮਾਨ ਹੇਠਾਂ ਆ ਗਿਆ ਹੈ। ਵੀਰਵਾਰ ਰਾਤ ਜਾਰੀ ਬੁਲੇਟਿਨ ਮੁਤਾਬਕ ਪੰਜਾਬ ਤੇ ਪੱਛਮੀ ਮੱਧ ਪ੍ਰਦੇਸ਼ ਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਪੰਜ ਡਿਗਰੀ ਸੈਲਸੀਅਸ ਤਕ ਹੇਠਾਂ ਆ ਗਿਆ ਹੈ। ਜਦਕਿ ਹਰਿਆਣਾ, ਚੰਡੀਗੜ੍ਹ, ਦਿੱਲੀ ਤੇ ਉੱਤਰ ਪ੍ਰਦੇਸ਼ ਚ ਵੱਧ ਤੋਂ ਵੱਧ ਤਾਪਮਾਨ ਔਸਤ ਤੋਂ ਤਿੰਨ ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ ਹੈ। 

ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਵੱਧ ਤੋਂ ਵੱਧ ਤਾਪਮਾਨ ਚ ਕਮੀ ਆਉਣ ਨਾਲ ਮੌਸਮ ਚ ਠੰਢ ਮਹਿਸੂਸ ਹੁੰਦੀ ਹੈ। ਦੂਜੇ ਪਾਸੇ ਘੱਟੋ ਘੱਟ ਤਾਪਮਾਨ ਚ ਵੀ ਕਈ ਥਾਵਾਂ ਤੇ 1.6 ਤੋਂ ਤਿੰਨ ਡਿਗਰੀ ਸੈਲਸੀਅਸ ਤਕ ਕਮੀ ਆਈ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਜਾਗਰਣ