ਇਜ਼ਰਾਈਲੀ ਤਕਨੀਕ ਅਪਣਾ ਕਿਸਾਨ ਨੇ ਤੋੜੇ ਪੈਦਾਵਾਰ ਦੇ ਰਿਕਾਰਡ, 10 ਏਕੜ ਚੋਂ 30 ਟਨ ਝਾੜ

June 24 2019

ਇਜ਼ਰਾਈਲ ਅੰਬ ਉਤਪਾਦਨ ਵਿੱਚ ਦੁਨੀਆ ਭਰ ਚ ਪਹਿਲੇ ਸਥਾਨ ਤੇ ਹੈ। ਨਾਸਿਕ ਦੇ ਕਿਸਾਨ ਜਨਾਰਦਨ ਵਾਘੇਰੇ ਨੇ ਆਪਣੇ 10 ਏਕੜ ਖੇਤ ਵਿੱਚ ਕੇਸਰ ਅੰਬਾਂ ਤੇ ਪ੍ਰਯੋਗ ਕੀਤਾ। ਅੰਬ ਲਾਉਣ ਲਈ ਉਨ੍ਹਾਂ ਇਜ਼ਰਾਈਲੀਆਂ ਦੀ ਤਕਨੀਕ ਵਰਤੀ।

ਉਨ੍ਹਾਂ ਮੁਤਾਬਕ ਇਜ਼ਰਾਈਲ ਦੀ ਤਕਨੀਕ ਨਾਲ ਲਾਏ ਅੰਬਾਂ ਨੇ ਪ੍ਰਤੀ ਏਕੜ 3 ਟਨ ਅੰਬ ਦਿੱਤੇ। ਇਸ ਪਿੱਛੋਂ ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਅੰਬਾਂ ਦੀ ਪੈਦਾਵਾਰ ਇੰਨੀ ਘੱਟ ਕਿਉਂ ਹੈ।

ਇਹ ਹੈ ਇਜ਼ਰਾਈਲੀਆਂ ਦੀ ਤਕਨੀਕ- ਕਿਸਾਨ ਹੋਣ ਦੇ ਨਾਲ-ਨਾਲ ਵਾਘੇਰੇ ਨਾਸਿਕ ਵਿੱਚ ਮੈਂਗੋ ਫਾਰਮ ਦੇ ਮਾਲਕ ਵੀ ਹਨ। ਉਨ੍ਹਾਂ ਦੱਸਿਆ ਕਿ ਇਜ਼ਰਾਈਲ ਵਿੱਚ ਅੰਬਾਂ ਦੀ ਖੇਤੀ ਦੌਰਾਨ 6X12 ਦਾ ਨਿਯਮ ਲਾਗੂ ਕੀਤਾ ਜਾਂਦਾ ਹੈ। ਯਾਨੀ ਹਰ 6 ਫੁੱਟ ਦੀ ਦੂਰੀ ਤੇ ਇੱਕ ਬੂਟਾ ਲਾਇਆ ਜਾਂਦਾ ਹੈ ਤੇ ਦੋ ਕਤਾਰਾਂ ਵਿੱਚ 12 ਫੁੱਟ ਦੀ ਦੂਰੀ ਹੁੰਦੀ ਹੈ।

ਉਨ੍ਹਾਂ ਅੰਬ ਦੇ ਬੂਟਿਆਂ ਵਿੱਚ ਦੀ ਦੂਰੀ ਘੱਟ ਕਰਕੇ 3X14 ਦਾ ਨਿਯਮ ਲਾਗੂ ਕੀਤਾ। ਫਸਲ ਵਿੱਚ ਘੱਟ ਤੋਂ ਘੱਟ ਰਸਾਇਣ ਵਰਤੇ। ਨਤੀਜਾ ਸ਼ਾਨਦਾਰ ਰਿਹਾ। ਹੁਣ ਉਹ ਇਹ ਤਕਨੀਕ ਮਹਾਰਾਸ਼ਟਰ ਤੇ ਗੁਜਰਾਤ ਦੇ ਕਿਸਾਨਾਂ ਨੂੰ ਵੀ ਸਿਖਾ ਰਹੇ ਹਨ।

ਅੰਬਾਂ ਦੀ ਪੈਦਾਵਾਰ ਚ ਭਾਰਤ ਪਿੱਛੇ ਕਿਉਂ?- ਵਾਘੇਰੇ ਨੇ ਦੱਸਿਆ ਕਿ ਭਾਰਤ ਵਿੱਚ ਅੰਬਾਂ ਦੇ ਉਤਪਾਦਨ ਵਿੱਚ 30X30 ਦਾ ਨਿਯਮ ਲਾਗੂ ਕੀਤਾ ਜਾਂਦਾ ਹੈ। ਬੂਟਿਆਂ ਵਿੱਚ ਦੂਰੀ ਵੱਧ ਹੋਣ ਕਰਕੇ ਵੱਡੀ ਥਾਂ ਤੇ ਘੱਟ ਬੂਟੇ ਲਾਏ ਜਾਂਦੇ ਹਨ। ਇਸ ਲਈ ਭਾਰਤ ਇਜ਼ਰਾਈਲ ਤੋਂ ਪਿੱਛੇ ਹੈ।

ਦੱਸ ਦੇਈਏ ਆਲਮੀ ਬਾਜ਼ਾਰ ਵਿੱਚ ਇੱਥੋਂ ਦੇ ਅੰਬਾਂ ਦਾ ਖ਼ਾਸ ਰੁਤਬਾ ਹੈ। ਯੂਰੋਪੀਅਨ ਬਾਜ਼ਾਰ ਵਿੱਚ 20 ਫੀਸਦੀ ਇਜ਼ਰਾਈਲੀ ਅੰਬਾਂ ਦਾ ਹਿੱਸਾ ਹੈ। ਪੱਛਮ ਅਫ਼ਰੀਕੀ ਦੇਸ਼, ਬ੍ਰਾਜ਼ੀਲ ਤੇ ਮੈਕਸਿਕੋ ਅੰਬਾਂ ਦੇ ਮਾਮਲੇ ਵਿੱਚ ਇਜ਼ਰਾਈਲ ਦੇ ਸਭ ਤੋਂ ਵੱਡੇ ਵਿਰੋਧੀ ਹਨ।

ਖ਼ਾਸ ਕਿਸਮ ਕਰਕੇ ਇੱਥੋਂ ਦੇ ਅੰਬਾਂ ਦੀ ਮੰਗ ਵਿੱਚ ਸਾਲ ਦਰ ਸਾਲ ਵਾਧਾ ਹੋ ਰਿਹਾ ਹੈ। ਦੁਨੀਆ ਵਿੱਚ ਵਧਦੀ ਮੰਗ ਕਰਕੇ ਇੱਥੇ ਕਈ ਨਵੀਆਂ ਪ੍ਰਜਾਤੀਆਂ ਨੂੰ ਉਗਾਉਣ ਲਈ ਖੋਜ ਕੀਤੀ ਜਾ ਰਹੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਏ.ਬੀ.ਪੀ. ਸਾਂਝਾ